Monday, 28 August 2017

ਸਿੱਖ ਨੌਜਵਾਨ ਬੱਚੇ ਅਤੇ ਬੱਚੀਆਂ ਉੱਪਰ ਨਿਰੰਤਰ ਜਾਰੀ ਮਨੋਵਿਗਿਆਨਿਕ ਹਮਲੇ - #ਮੰਗਲਦੀਪ_ਸਿੰਘ

ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਹੀ ਦੱਸ ਦਵਾਂ ਕਿ ਇੱਥੇ ਓਹੀ ਪੱਖ ਰੱਖੇ ਜਾਣਗੇ ਜਿਹਨਾਂ ਬਾਬਤ ਅਧਿਐਨ ਕੀਤਾ ਜਾ ਚੁੱਕਾ ਹੈ ਅਤੇ ਠੋਸ ਤੱਥਾਂ ਦੇ ਅਧਾਰ ਤੇ ਹੀ ਕੋਈ ਇਸ ਲਿਖਤ ਨੂੰ ਰੱਦ ਕਰੇ ਤਾਂ ਜੋ ਉਹਨਾਂ ਤੱਥਾਂ ਦਾ ਅਧਿਐਨ ਕਰਕੇ ਦਾਸ ਦੀ ਜਾਣਕਾਰੀ ਵਿੱਚ ਵੀ ਵਾਧਾ ਹੋ ਸਕੇ ।
ਮਨੋਵਿਗਿਆਨਿਕ ਹਮਲਿਆਂ ਬਾਰੇ ਸਮਝਣ ਤੋਂ ਪਹਿਲਾਂ ਇਹ ਸਮਝ ਲੈਣਾ ਜਰੂਰੀ ਹੈ ਕਿ ਮਨੋਵਿਗਿਆਨਿਕ ਹਮਲੇ ਕੀ ਹਨ ? ਦਰਅਸਲ ਬਹੁਤ ਸਾਰੇ ਅਧਿਐਨਕਾਰਾਂ ਨੇ ਇਸ ਨੂੰ ਕਾਫੀ ਹੱਦ ਤੀਕ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਈ ਕਿਤਾਬਾਂ ਵੀ ਲਿਖੀਆਂ ਨੇ । ਇਸ ਕਰਕੇ ਇਹਨਾਂ ਦੀਆਂ ਲਿਖਤਾਂ ਤੋਂ ਅਧਿਐਨ ਕਰਕੇ ਜੋ ਸਾਹਮਣੇ ਆਇਆ, ਉਸ ਨੂੰ ਅਨੁਭਵ ਕਰਕੇ ਹੀ ਪਤਾ ਚੱਲਿਆ ਕਿ ਇਹ ਕਿਸ ਹੱਦ ਤੀਕ ਅਸਰ ਕਰਦੇ ਨੇ ਅਤੇ ਨਾਲ ਹੀ ਕੁਝ ਅਜਿਹੇ ਨਤੀਜਿਆਂ ਦਾ ਅਧਿਐਨ ਕਰਨ ਤੇ ਪਤਾ ਚੱਲਦਾ ਹੈ ਕਿ ਸਾਡੇ ਸਿੱਖ ਨੌਜਵਾਨ ਬੱਚੇ ਅਤੇ ਬੱਚੀਆਂ ਦੇ ਕੁਰਾਹੇ ਪੈਣ ਪਿੱਛੇ ਮਨੋਵਿਗਿਆਨਿਕ ਹਮਲਿਆਂ ਦਾ ਕਿੰਨਾਂ ਵੱਡਾ ਹੱਥ ਹੈ । ਗੁਰਬਾਣੀ ਵਿੱਚ ਵੀ ਮਨੁੱਖ ਦੇ ਮਨ ਦੁਆਰਾ ਹੋ ਰਹੇ ਸਿੱਧੇ ਜਾਂ ਅਸਿੱਧੇ ਤੌਰ ਤੇ ਕੀਤੇ ਜਾਂਦੇ ਜਾਂ ਸੰਗਤ ਦੇ ਅਸਰ ਦੁਆਰਾ ਹੋ ਰਹੇ ਬਦਲਾਅ ਬਾਰੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਅਤੇ ਮਨ ਨੂੰ ਚਿੱਤ ਕਰਕੇ ਪਰਮੇਸ਼ਰ ਨਾਲ ਜੋੜਣ ਦੀ ਗੱਲ ਬਾਰ-ਬਾਰ ਕੀਤੀ ਗਈ ਹੈ । ਸਾਡਾ ਮਨ ਇੱਕ ਨਿਰੀਖਕ ਹੈ ਜੋ ਇਧਰ ਉਧਰ ਦੀਆਂ ਗੱਲਾਂ ਦਾ ਨਿਰੀਖਣ ਵਿਕਾਰਾਂ ਅਧੀਨ ਰਹਿ ਕੇ ਸਰੀਰ ਦੇ ਰਸਾਂ-ਕਸਾਂ ਦੀ ਪੂਰਤੀ ਅਨੁਸਾਰ ਕਰਦਾ ਹੈ । ਮਨੁੱਖੀ ਬਿਰਤੀ ਜਿਆਦਾਤਰ ਵਿਕਾਰਾਂ ਅਧੀਨ ਕੰਮ ਕਰਦੀ ਹੈ ਅਤੇ ਇਹਨਾਂ ਵਿਕਾਰਾਂ ਨੂੰ ਮਨ ਦੀਆਂ ਵਾਸ਼ਨਾਵਾਂ ਵੀ ਕਿਹਾ ਜਾ ਸਕਦੈ । ਇਹਨਾਂ ਵਾਸ਼ਨਾਵਾਂ ਦੀ ਪੂਰਤੀ ਕਰਨ ਲਈ ਮਨੁੱਖ ਨੂੰ ਦੂਜਿਆਂ ਉੱਪਰ ਨਿਰਭਰ ਰਹਿਣਾ ਜਿਆਦਾ ਚੰਗਾ ਲੱਗਦੈ ਅਤੇ ਇਹਨਾਂ ਹੀ ਚੀਜਾਂ ਦਾ ਫਾਇਦਾ ਚੁੱਕ ਕੇ ਸਿੱਖ ਨੋਜਵਾਨ ਬੱਚੇ ਅਤੇ ਬੱਚੀਆਂ ਉੱਪਰ ਅਸਿੱਧੇ ਤੌਰ ਤੇ ਹਮਲੇ ਕੀਤੇ ਗਏ ਅਤੇ ਕੀਤੇ ਜਾ ਰਹੇ ਨੇ ਜਿਹਨਾਂ ਦਾ ਕੁਝ ਜਾਗਰੂਕਾਂ ਨੇ ਵਿਰੋਧ ਵੀ ਕੀਤਾ ਪਰ ਕਈਆਂ ਨੇ ਬਗੈਰ ਨਤੀਜੇ ਜਾਣੇ ਇਹਨਾਂ ਨੂੰ ਸਹੀ ਠਹਿਰਾ ਦਿੱਤਾ । ਟੈਲੀਵਿਜਨ, ਮੋਬਾਇਲ ਫੋਨ, ਅਖਬਾਰ, ਗੀਤ, ਇੰਟਰਨੈੱਟ ਅਤੇ ਸਕੂਲਾਂ-ਕਾਲਜਾਂ ਵਿੱਚ ਮਨੋਰੰਜਨ ਦੇ ਨਾਮ ਤੇ ਕੀਤੇ ਜਾਂਦੇ ਪ੍ਰੋਗਰਾਮ ਆਦਿਕ ਮਨੋਵਿਗਿਆਨਿਕ ਹਮਲਿਆਂ ਦਾ ਹੀ ਇੱਕ ਉਭਰਵਾਂ ਰੂਪ ਹਨ, ਜਿਹਨਾਂ ਵਿੱਚ ਨੰਗੇਜਪੁਣਾ, ਇਸ਼ਕ ਮਿਜਾਜੀ ਅਤੇ ਕਈ ਹੋਰ ਗੁਰਮਤਿ ਦੇ ਉਲਟ ਚੀਜਾਂ ਨੂੰ ਸਹੀ ਠਹਿਰਾਇਆ ਜਾਂਦਾ ਹੈ ।
ਅੱਜ ਸਾਡੇ ਸਾਹਮਣੇ ਬਾਹਰਲੇ ਮੁਲਕਾਂ ਦੇ ਲੋਕਾਂ ਦੁਆਰਾ ਵਾਸ਼ਨਾਵਾਂ ਅਧੀਨ ਕੀਤੇ ਜਾਂਦੇ ਕੰਮਾਂ ਨੂੰ ਉਭਾਰ ਕੇ ਦਿਖਾਇਆ ਜਾਂਦਾ ਐ ਕਿ ਉਹ ਤਕਨੀਕੀ ਤੌਰ ਤੇ ਅੱਗੇ ਗਏ ਹੋਏ ਲੋਕ ਜੇਕਰ ਇਹ ਕੰਮ ਕਰ ਸਕਦੇ ਨੇ ਤਾਂ ਅਸੀਂ ਕਿਉਂ ਬੱਝ ਕੇ ਰਹੀਏ ਸੱਭਿਆਚਾਰਕ ਅਤੇ ਧਾਰਮਿਕ ਬੰਧਨਾਂ ਵਿੱਚ ? ਮਾਪਿਆਂ ਪ੍ਰਤੀ ਇਮਾਨਦਾਰ ਰਹਿਣ ਲਈ ਸੱਚ ਨੂੰ ਜਿੰਦਗੀ ਦਾ ਅਧਾਰ ਬਣਾਉਣਾ ਅਤਿ ਜਰੂਰੀ ਹੈ ਪਰ ਜਦੋਂ ਵਾਸ਼ਨਾਵਾਂ ਹਾਵੀ ਹੋਣ ਤਾਂ ਇਮਾਨਦਾਰ ਦਿਖਣ ਦਾ ਢੋਂਗ ਕਰਨ ਲਈ ਕਈ ਤਰ੍ਹਾਂ ਦੇ ਝੂਠ ਬੋਲਣੇ ਪੈਂਦੇ ਨੇ । ਮਨੁੱਖ ਭੁੱਲ ਜਾਂਦਾ ਐ ਕਿ ਝੂਠ ਦੀ ਬੁਨਿਆਦ ਤੇ ਖੜੀ ਕੀਤੀ ਕੰਧ ਕਦੇ ਸਥਿਰ ਨਹੀਂ ਰਹਿੰਦੀ । ਗੁਰਬਾਣੀ ਨੇ ਸਾਨੂੰ ਝੂਠ ਤੋਂ ਉੱਪਰ ਚੁੱਕ ਕੇ ਸਾਡੇ ਮੂਲ ਨਾਲ ਜੁੜਣ ਲਈ ਇੱਕ ਰਾਸਤਾ ਦਿਖਾਇਆ ਹੈ ਅਤੇ ਇਹ ਵੀ ਗੱਲ ਸਹੀ ਹੈ ਕਿ ਸੱਚ ਦੇ ਮਾਰਗ ਤੇ ਚੱਲਣ ਵਾਲਾ ਸੂਰਮਾ ਹੀ ਹੋ ਸਕਦੈ ਕਿਉਂਕਿ ਇਸ ਰਾਸਤੇ ਉੱਪਰ ਆਉਣ ਲਈ ਸੀਸ ਤਲੀ ਉੱਪਰ ਰੱਖਣਾ ਪੈਂਦਾ । ਇਸੇ ਸੱਚ ਤੋਂ ਦੂਰ ਕਰਨ ਲਈ ਸਾਨੂੰ ਸਾਡੇ ਹੀ ਸਿੱਖੀ ਭੇਸ ਵਾਲਿਆਂ ਵੱਲੋਂ ਅਜਿਹਾ ਪੇਸ਼ ਕੀਤਾ ਜਾਂਦਾ ਐ ਕਿ ਅਸੀਂ ਸੱਚ ਨਾਲੋਂ ਟੁੱਟ ਕੇ ਝੂਠ ਨਾਲ ਜੁੜ ਗਏ ਹਾਂ ।
ਸਿੱਖ ਨੌਜਵਾਨ ਬੱਚੇ ਅਤੇ ਬੱਚੀਆਂ ਦੇ ਮਨ ਦੀਆਂ ਵਾਸ਼ਨਾਵਾਂ ਦਾ ਫਾਇਦਾ ਚੁੱਕ ਕੇ, ਕੁਝ ਸਿੱਖ ਵਿਰੋਧੀਆਂ ਨੇ ਟੈਲੀਵਿਜਨ ਵਿੱਚ ਦਿਖਾਏ ਜਾਂਦੇ ਪ੍ਰੋਗਰਾਮ,ਫਿਲਮਾਂ ਅਤੇ ਗੀਤਾਂ ਵਿੱਚ ਅਜਿਹੀਆਂ ਚੀਜਾਂ ਪੇਸ਼ ਕਰਨੀਆਂ ਸ਼ੁਰੂ ਕੀਤੀਆਂ ਜਿਸ ਦਾ ਸਿੱਧਾ ਅਸਰ ਮਨ ਉੱਪਰ ਪੈਂਦਾ ਹੈ, ਹੋਰ ਤਾਂ ਹੋਰ ਸਿੱਖੀ ਭੇਸ ਬਣਾ ਕੇ ਅਜਿਹੀਆਂ ਤਸਵੀਰਾਂ ਅਤੇ ਗਾਣਿਆਂ ਵਿੱਚ ਦਿਖਾਏ ਜਾਂਦੇ ਅਜਿਹੇ ਕਿਰਦਾਰ ਪੇਸ਼ ਕੀਤੇ ਜਾਂਦੇ ਨੇ ਕਿ ਜਿਸਦਾ ਸਾਫ ਮਤਲਬ ਨਿਕਲਦਾ ਐ ਕਿ ਨੌਜਵਾਨ ਬੱਚੇ ਅਤੇ ਬੱਚੀਆਂ ਨੂੰ ਇਸ਼ਕ ਮਿਜਾਜੀ ਬਣਾਉਣਾ ਨਿਰੰਤਰ ਜਾਰੀ ਐ । ਗੁਰਮਤਿ ਵਿੱਚ ਆਸ਼ਕੀ ਸਿਰਫ ਇੱਕੋ ਹੀ ਪ੍ਰਵਾਨ ਐ, "ਗੁਰਮੁਖਿ ਸਚੀ ਆਸਕੀ ਜਿਤੁ ਪ੍ਰੀਤਮ ਸਚਾ ਪਾਈਐ ॥", ਇਸ ਤੋਂ ਬਾਅਦ ਸਭ ਝੂਠ ਹੈ ਪਰ ਅਫਸੋਸ ਕਿ ਸਾਡੇ ਆਲੇ-ਦੁਆਲੇ ਦੇ ਕੁਝ ਮੀਡੀਆ ਦੁਆਰਾ ਮਸ਼ਹੂਰ ਕਰ ਦਿੱਤੇ ਗਏ ਕੁਝ ਸਿੱਖਾਂ ਦੇ ਚਿਹਰੇ ਜਿਆਦਾਤਰ ਉਹ ਹਨ ਜੋ ਖੁਦ ਇਸ਼ਕ ਮਿਜਾਜੀ ਬਣ ਚੁੱਕੇ ਨੇ ਅਤੇ ਇਸ ਚੀਜ ਨੂੰ ਸਹੀ ਠਹਿਰਾ ਰਹੇ ਨੇ । ਉਹਨਾਂ ਮਗਰ ਲੱਗ ਕੇ ਹੀ ਹੋਰਨਾਂ ਨੂੰ ਵੀ ਇਸ ਕੁਰਾਹੇ ਪੈਣ ਦਾ ਰਾਸਤਾ ਸਾਫ ਹੋ ਗਿਆ ਹੈ । ਇੱਥੇ ਹੀ ਖਤਮ ਨਹੀਂ ਹੋ ਜਾਂਦਾ ਸਭ ਕੁਝ, ਹੁਣ ਅਜਿਹੀਆਂ ਗੱਲਾਂ ਦੀ ਸਾਂਝ ਪਾ ਦੇਣੀ ਵੀ ਜਰੂਰੀ ਹੈ, ਜੋ ਲਿਖਾਂਗਾ ਤਾਂ ਆਪਣਾ ਹੀ ਢਿੱਡ ਨੰਗਾ ਹੋਣਾ ਪਰ ਜਦ ਸਾਰਾ ਕੁਝ ਸਾਹਮਣੇ ਹੋ ਰਿਹਾ ਤਾਂ ਢਿੱਡ ਨੰਗਾ ਹੋਣ ਦਾ ਡਰ ਨਹੀ ਰਹਿ ਜਾਂਦਾ । ਇਧਰ ਉਧਰ ਵਿਚਰਦੇ ਹੋਏ, ਦੋਸਤਾਂ ਅਤੇ ਇੰਟਰਨੈੱਟ ਜਰੀਏ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਜੋ ਅਣਦੇਖਾ ਨਹੀਂ ਕੀਤੀਆਂ ਜਾ ਸਕਦੀਆਂ । ਕਾਮ ਇੰਨਾਂ ਜਿਆਦਾ ਹਾਵੀ ਹੋ ਚੁੱਕਾ ਹੈ ਕਿ ਕਈ ਵਾਰ ਅਖਬਾਰਾਂ ਵਿੱਚ ਛੋਟੀਆਂ-ਛੋਟੀਆਂ ਬੱਚੀਆਂ ਦੇ ਬਲਾਤਕਾਰਾਂ ਦੀਆਂ ਖਬਰਾਂ ਵੀ ਪੜ੍ਹਣ ਨੂੰ ਮਿਲਦੀਆਂ ਨੇ । ਇਹ ਤਾਂ ਉਹਨਾਂ ਦੀਆਂ ਖਬਰਾਂ ਨੇ ਜੋ ਕਾਮ ਵਿੱਚ ਬਹੁਤ ਜਿਆਦਾ ਖਚਿੱਤ ਹੋ ਚੁੱਕੇ ਨੇ ਤੇ ਬੇਕਾਬੂ ਹੋ ਜਾਂਦੇ ਨੇ ਪਰ ਉਹਨਾਂ ਬਾਰੇ ਕੌਣ ਖਬਰ ਲਗਾਏਗਾ ਜਿਹੜੇ ਨਿੱਤ ਬਲਾਤਕਾਰ ਕਰਦੇ ਨੇ ਪਰ ਅਸੀਂ ਅਣਦੇਖਾ ਕਰ ਜਾਂਦੇ ਹਾਂ ? ਹੁਣ ਸਵਾਲ ਐ ਕਿ ਕੌਣ ਨੇ ਉਹ ? ਉਹ ਬਲਾਤਕਾਰੀ ਕੋਈ ਹੋਰ ਨਹੀ ਬਲਕਿ ਆਪਣੇ ਹੀ ਨੇੜੇ ਰਹਿੰਦੇ ਭੁੱਲੇ ਭਟਕੇ ਨੌਜਵਾਨ ਨੇ ਅਤੇ ਬਲਾਤਕਾਰ ਹੋਣ ਵਾਲੀਆਂ ਵੀ ਆਪਣੀਆਂ ਹੀ ਕੁਝ ਧੀਆਂ-ਭੈਣਾਂ ਨੇ । ਇਹ ਅਣਦੇਖਾ ਕਰਨ ਵਾਲੀ ਗੱਲ ਨਹੀਂ ਬਲਕਿ ਸਾਡੇ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਨੌਜਵਾਨ ਬੱਚੇ ਅਤੇ ਬੱਚੀਆਂ ਕਾਮ ਵਿੱਚ ਖਚਿੱਤ ਹੋ ਰਹੇ ਨੇ ਅਤੇ ਇਸ਼ਕ ਹਕੀਕੀ ਦੇ ਨਾਮ ਤੇ ਇਸ਼ਕ ਮਿਜਾਜੀ ਕਰ ਰਹੇ ਨੇ ਤੇ ਫਿਰ ਗੱਲ ਬਲਾਤਕਾਰ ਤੱਕ ਪਹੁੰਚ ਜਾਂਦੀ ਹੈ । ਜਿਸ ਵਿੱਚ ਸਹਿਮਤੀ ਨਾ ਹੋਵੇ ਉਸਨੂੰ ਹੀ ਬਲਾਤਕਾਰ ਨਹੀਂ ਕਿਹਾ ਜਾਂਦਾ ਬਲਕਿ ਉਹ ਵੀ ਬਲਾਤਕਾਰ ਹੀ ਹੈ ਜਿਸ ਵਿੱਚ ਸਹਿਮਤੀ ਵੀ ਹੋਵੇ ਪਰ ਦੋਵੇਂ ਪਰਾਏ ਹੋਣ । ਘਰਦਿਆਂ ਨਾਲ ਵਿਸ਼ਵਾਸ਼ਘਾਤ ਕਰਕੇ, ਉਹਨਾਂ ਤੋਂ ਚੋਰੀ, ਉਹਨਾਂ ਨੂੰ ਝੂਠ ਬੋਲ ਕੇ ਜੋ ਕੀਤਾ ਜਾ ਰਿਹਾ ਐ, ਕਿਹੜਾ ਕਹੂ ਕਿ ਇਹ ਬਲਾਤਕਾਰ ਨਹੀਂ ? ਕੀ ਲੱਗਦਾ ਕਿ ਸਿਰਫ ਸਿੱਖ ਅਖਵਾਉਣ ਵਾਲੀਆਂ ਬੱਚੀਆਂ ਹੀ ਇਹ ਕੰਮ ਕਰਦੀਆਂ ਨੇ ? ਅੱਜ ਕਈ ਇਦਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਜਿਸ ਵਿੱਚ ਅੰਮ੍ਰਿਤਧਾਰੀ ਨੌਜਵਾਨ ਬੱਚੇ ਅਤੇ ਬੱਚੀਆਂ ਵੀ ਇਸ ਕੁਰਾਹੇ ਪੈ ਗਏ ਨੇ । ਇਦਾਂ ਦੀਆਂ ਖਬਰਾਂ ਮਿਲਦੀਆਂ ਨੇ ਕਿ ਸੁਣਨ ਲੱਗਿਆਂ ਵੀ ਮਾਪਿਆਂ ਦਾ ਖਿਆਲ ਆ ਜਾਂਦਾ ਐ ਕਿ ਉਹ ਇਹ ਸੋਚ ਕੇ ਬੈਠੇ ਨੇ ਕਿ ਸਾਡੇ ਪੁੱਤ ਦਾ ਅੰਮ੍ਰਿਤ ਛਕਿਆ ਐ, ਸਾਡੀ ਧੀ ਦਾ ਅੰਮ੍ਰਿਤ ਛਕਿਆ ਐ, ਇਹ ਤਾਂ ਸਿੱਧੇ ਰਾਸਤੇ ਪਏ ਹੋਏ ਨੇ । ਪਰ ਜੋ ਪੱਖ ਸਾਨੂੰ ਦਿਖ ਰਿਹਾ ਹੈ ਜਾਂ ਜੋ ਦਿਖਾਇਆ ਜਾ ਰਿਹਾ ਹੈ, ਉਸ ਉੱਪਰ ਯਕੀਨ ਕਰ ਲੈਣਾ ਜਾਇਜ ਨਹੀਂ । ਬੱਚਿਆਂ ਦੇ ਮਾਹੌਲ ਤੋਂ ਹੀ ਸਪੱਸ਼ਟ ਹੋ ਜਾਂਦਾ ਐ ਕਿ ਉਹ ਕਿਹੋ ਜਿਹਾ ਮਾਹੌਲ ਪਸੰਦ ਕਰਦੇ ਨੇ ਅਤੇ ਕਿਹੋ ਜਿਹਾ ਵਿਹਾਰ ਹੈ ਉਹਨਾਂ ਦਾ । ਬਹੁਤ ਮਾਇਨੇ ਰੱਖਦੀ ਹੈ ਇਹ ਗੱਲ ਕਿ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਦੇ ਤਾਂ ਦਿੱਤਾ ਪਰ ਉਹ ਕੀ ਕਰਦੇ ਨੇ ? ਇਕਾਂਤ ਵਿੱਚ ਕਿਉਂ ਰਹਿੰਦੇ ਨੇ ਜਿਆਦਾ ? ਰਾਤ ਵੇਲੇ ਕਿੰਨੀ ਦੇਰ ਤੱਕ ਜਾਗਦੇ ਨੇ ਤੇ ਸਵੇਰੇ ਕਿੰਨੇ ਵਜੇ ਉੱਠਦੇ ਨੇ (ਨਿਤਨੇਮੀ ਬੱਚੇ ਬੱਚੀਆਂ ਵਾਸਤੇ) ? ਅਜਿਹੇ ਵਿੱਚ ਉਹਨਾਂ ਦਾ ਧਿਆਨ ਜੇਕਰ ਬਚਪਨ ਤੋਂ ਮਾਂ-ਪਿਉ ਰੱਖਦੇ ਆਏ ਨੇ ਤਾਂ ਥੋੜਾ ਜਵਾਨੀ ਵੱਲ ਵਧਣ ਵੇਲੇ ਉਹੀ ਮਾਂ-ਪਿਉ ਇਹ ਕਹਿੰਦੇ ਸੁਣੇ ਨੇ ਕਿ ਅਜੇ ਇਹ ਤਾਂ ਬੱਚੇ ਨੇ, ਆਪੇ ਸੁਧਰ ਜਾਣਗੇ ਜਾਂ ਫਿਰ ਅਜਿਹੇ ਵਿੱਚ ਗੱਲ ਰੱਬ ਉੱਤੇ ਸੁੱਟ ਦਿੱਤੀ ਜਾਂਦੀ ਹੈ ਕਿ ਕੁਰਾਹੇ ਉਹਨੇ ਪਾਇਆ ਤੇ ਉਹੀ ਕੱਢੇਗਾ, ਕਦੇ ਵੀ ਕਰਮਾਂ ਦੀ ਗਲਤੀ ਨੀ ਕੱਢਦੇ ਕਿ ਬੱਚੇ ਬੱਚੀਆਂ ਦੇ ਕਰਮਾਂ ਨੇ ਉਹਨਾਂ ਨੂੰ ਕੁਰਾਹੇ ਪਾਇਆ ਤੇ ਕਰਮ ਸਹੀ ਹੋਣਗੇ ਤਾਂ ਸੁਧਰ ਵੀ ਜਾਣਗੇ । ਕਰਮ ਚੰਗੇ ਤਾਂ ਹੀ ਹੋਣਗੇ ਜੇ ਸੰਗਤ ਚੰਗੀ ਮਿਲੇਗੀ, ਪਰ ਅਫਸੋਸ ਕੁਝ ਮਾਪਿਆਂ ਨੂੰ ਦੇਖਿਆ ਹੈ ਜਿਹੜੇ ਬੱਚਿਆਂ ਦੀ ਸੰਗਤ ਵੱਲ ਧਿਆਨ ਹੀ ਨਹੀਂ ਦਿੰਦੇ । ਹੁਣ ਇੱਕ ਹੋਰ ਗੱਲ ਦੀ ਸਾਂਝ ਕਰਨੀ ਵੀ ਜਰੂਰੀ ਹੈ ਜਿਸ ਬਾਬਤ ਕਈ ਖਬਰਾਂ ਮਿਲੀਆਂ ਨੇ ਅਤੇ ਕਈ ਕੁਝ ਅੱਖੀਂ ਦੇਖਣ ਨੂੰ ਵੀ ਮਿਲਿਆ ਐ । ਜਿਹੋ ਜਿਹਾ ਦੇਖਣ ਸੁਣਨ ਨੂੰ ਮਿਲਦਾ ਹੈ ਆਲੇ ਦੁਆਲਿਉਂ ਅਤੇ ਖਬਰਾਂ ਵਿੱਚ ਵੀ, ਉਸ ਨੂੰ ਅਣਦੇਖਾ ਕਰ ਦੇਣਾ ਇੱਕ ਸਾਡੀ ਵੱਡੀ ਗਲਤੀ ਹੈ ਕਿਉਂਕਿ ਸਾਨੂੰ ਸਾਡੇ ਹੱਦ ਤੋਂ ਜਿਆਦਾ ਮੋਹ ਨੇ ਆਪਣੇ ਬੱਚੇ ਦੇ ਕੁਰਾਹੇ ਪੈ ਜਾਣ ਬਾਰੇ ਪਤਾ ਨਹੀਂ ਲੱਗਣ ਦੇਣਾ । ਅੱਜ ਬੱਚੇ-ਬੱਚੀਆਂ ਦੀ ਸੰਗਤ ਹੁੰਦੀ ਹੈ ਤਾਂ ਉਸ ਵਿੱਚ ਕਈ ਦੋਸਤ ਹੁੰਦੇ ਨੇ ਤੇ ਕੁਝ ਭੈਣ-ਭਰਾ ਬਣੇ ਹੁੰਦੇ ਨੇ । ਦੋਸਤਾਂ ਬਾਰੇ ਤਾਂ ਸੁਣਦੇ ਹੀ ਆਏ ਹਾਂ ਕਿ ਗਲਤ ਵੀ ਨਿਕਲਦੇ ਨੇ ਪਰ ਭੈਣ-ਭਰਾ ਦਾ ਰਿਸ਼ਤਾ ਦਾਗਦਾਰ ਕਰਨ ਵਾਲੇ ਵੀ ਕੁਝ ਕੁ ਅਜਿਹੇ ਕਿੱਸੇ ਸਾਹਮਣੇ ਆਏ ਨੇ ਜਿਸ ਵਿੱਚ ਬੱਚੀ ਦਾ ਭਰਾ ਬਣ ਕੇ, ਉਹੀ ਭਰਾ ਉਸ ਨਾਲ ਅੰਦਰੂਨੀ ਰਿਸ਼ਤਾ ਅਜਿਹਾ ਬਣਾ ਕੇ ਬੈਠਾ ਹੁੰਦਾ ਐ ਕਿ ਮਾਂ-ਪਿਉ ਵੀ ਪਲਟਾ ਖਾ ਜਾਂਦੇ ਨੇ । ਸਕੇ ਭਰਾਵਾਂ ਦੀ ਗੱਲ ਨਹੀਂ ਹੋ ਰਹੀ ਬਲਕਿ ਇੱਥੇ ਬਣਾਏ ਹੋਏ ਮੂੰਹ-ਬੋਲੇ ਭਰਾਵਾਂ ਦੀ ਗੱਲ ਹੋ ਰਹੀ ਹੈ, ਜਿਹੜੇ ਮਾਂ-ਪਿਉ ਦੀਆਂ ਨਜਰਾਂ ਵਿੱਚ ਭੈਣ-ਭਾਈ ਨੇ ਅਤੇ ਘਰੇ ਵੀ ਆਉਣ ਜਾਣ ਹੋ ਜਾਂਦਾ ਐ ਪਰ ਅੰਦਰਗਤੀ ਕੀ ਹੋ ਰਿਹਾ ਇਸ ਬਾਬਤ ਕੋਈ ਜਾਣਕਾਰੀ ਨਹੀਂ । ਕੋਈ ਵਿਰਲਾ ਹੀ ਹੁੰਦਾ ਐ ਜੋ ਅਜਿਹੇ ਰਿਸ਼ਤੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਐ । ਅੰਮ੍ਰਿਤਧਾਰੀ ਬੱਚੇ-ਬੱਚੀਆਂ ਵਿੱਚ ਵੀ ਇਹ ਗੱਲ ਕਾਫੀ ਦੇਖਣ ਨੂੰ ਮਿਲੀ ਹੈ । ਅਸੀਂ ਇੱਕ ਮਸ਼ਹੂਰ ਕਾਲਜ ਵਿੱਚ ਆਪਣੇ ਦੋਸਤ ਨੂੰ ਮਿਲਣ ਗਏ ਜੋ ਉੱਥੋਂ ਦਾ ਪ੍ਰੋਫੈਸਰ ਹੈ, ਉਸਨੇ ਦੱਸਿਆ ਕਿ ਖੁਦ ਨੂੰ ਭੈਣ-ਭਰਾ ਦੱਸ ਕੇ ਕੁਝ ਅੰਮ੍ਰਿਤਧਾਰੀ ਬੱਚੇ-ਬੱਚੀਆਂ ਇਕੱਠੇ ਘੁੰਮਦੇ ਨੇ, ਪਾਰਕਾਂ ਚ ਬੈਠਦੇ ਨੇ ਅਤੇ ਸਭ ਦੀ ਨਜਰ ਵਿੱਚ ਉਹਨਾਂ ਦਾ ਰਿਸ਼ਤਾ ਕੁਝ ਹੋਰ ਹੁੰਦਾ ਹੈ ਪਰ ਹਕੀਕਤ ਕੁਝ ਹੋਰ ਹੀ ਨਿਕਲਦੀ ਐ । ਇਹ ਵਿਚਾਰਨ ਯੋਗ ਵਿਸ਼ਾ ਹੈ ਪਰ ਅਫਸੋਸ ਇਸ ਵੱਲ ਧਿਆਨ ਦੇਣ ਦੀ ਬਜਾਏ ਅੱਜ ਅਸੀਂ ਇਸ਼ਕ ਮਿਜਾਜੀ ਨੂੰ ਸਹੀ ਠਹਿਰਾਉਣ ਤੇ ਤੁਲੇ ਹੋਏ ਹਾਂ । ਸਾਡੇ ਤਾਂ ਕੁਝ ਆਪਣੇ ਅਖਵਾਉਣ ਵਾਲੇ ਕਾਲਜਾਂ ਵਿੱਚ ਪੜੇ ਵਿਦਵਾਨਾਂ ਨੇ ਵੀਡੀਉ ਵੀ ਬਣਾ ਕੇ ਪਾਈਆਂ ਨੇ ਜਿਸ ਵਿੱਚ ਇਸ਼ਕ ਹਕੀਕੀ ਦੇ ਨਾਮ ਤੇ ਇਸ਼ਕ ਮਿਜਾਜੀ ਨੂੰ ਪ੍ਰਮੋਟ ਕੀਤਾ ਗਿਆ ਹੈ । ਇਸ਼ਕ ਹਕੀਕੀ ਤਾਂ ਪ੍ਰਮੇਸ਼ਰ ਪ੍ਰਤੀ ਹੁੰਦੀ ਐ, ਫਿਰ ਇਹ ਨਾਸ਼ਵੰਤ ਸਰੀਰਾਂ ਨਾਲ ਕਿਹੜੀ ਇਸ਼ਕ ਹਕੀਕੀ ਦੀ ਗੱਲ ਕਰਦੇ ਨੇ ? ਕੀ ਇਹਨਾਂ ਨੇ ਗੁਰਮਤਿ ਨੂੰ ਆਪਣੀ ਮੱਤ ਅਨੁਸਾਰ ਨਹੀਂ ਵਰਤਿਆ ? ਕੀ ਇਹ ਘਿਨੌਣੀ ਹਰਕਤ ਉੱਪਰ ਕਿਸੇ ਆਪੂ ਬਣੇ ਹੋਏ ਆਗੂ ਦਾ ਕੋਈ ਬਿਆਨ ਆਇਆ ਐ ਜਾਂ ਕੋਈ ਠੋਸ ਉਪਰਾਲਾ ਕੀਤਾ ਐ ਉਹਨਾਂ ਨੇ ਇਸ ਨੂੰ ਠੱਲ ਪਾਉਣ ਲਈ ? ਅੱਜ ਸਾਡੇ ਸਮਾਜ ਵਿੱਚ ਬੱਚੇ-ਬੱਚੀਆਂ ਦੇ ਮਾਂ-ਪਿਉ ਨੂੰ ਦੱਸਣਾ ਪਏਗਾ ਮਨੋਵਿਗਿਆਨਿਕ ਹਮਲੇ ਬਾਰੇ ਅਤੇ ਜੋ ਦਿਖ ਰਿਹਾ ਹੈ, ਜਿਸ ਵਿੱਚ ਬੱਚਿਆਂ ਦਾ ਵਿਹਾਰ ਕਿਹੋ ਜਿਹਾ ਹੈ ਅਤੇ ਅੱਜ ਦੇ ਸਮਾਜ ਪ੍ਰਤੀ ਉਹਨਾਂ ਦੀ ਰਵੱਈਆ ਕੀ ਹੈ, ਇਸ ਬਾਬਤ ਮਾਪਿਆਂ ਨੂੰ ਇੱਕ ਸਹੀ ਮਨੋਦਸ਼ਾ ਦਿੱਤੀ ਜਾਵੇ । ਬੱਚਿਆਂ ਵਿੱਚ ਗੁਰਮਤਿ ਪ੍ਰਤੀ ਰੂਚੀ ਪੈਦਾ ਕਰਕੇ ਇਸ਼ਕ ਵਗੈਰਾ ਅਤੇ ਹੋਰ ਕੁਰਾਹੇ ਪੈਣ ਵਾਲੀਆਂ ਚੀਜਾਂ ਤੋਂ ਸੁਚੇਤ ਕਰਕੇ ਗੁਰਮਤਿ ਵਾਲੇ ਪਾਸੇ ਤੋਰਿਆ ਜਾਵੇ । ਸਮਝਾਇਆ ਜਾਵੇ ਕਿ ਕਰਮਾਂ ਦੇ ਉੱਪਰ ਸਭ ਨਿਰਭਰ ਕਰਦਾ ਹੈ ਕਿ ਕਰਮ ਜਿਹੋ ਜਿਹੇ ਹੋਣਗੇ ਉਦਾਂ ਦਾ ਹੀ ਫਲ ਸਾਨੂੰ ਮਿਲੇਗਾ । ਮਨ ਦੀਆਂ ਵਾਸ਼ਨਾਵਾਂ ਪ੍ਰਤੀ ਸੁਚੇਤ ਸੁਚੱਜੇ ਅਤੇ ਵਿਸਥਾਰ ਰੂਪ ਵਿੱਚ ਕਰਵਾਇਆ ਜਾਵੇ । ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣੂ ਕਰਵਾਇਆ ਜਾਵੇ, ਗੁਰਮਤਿ ਨਾਲ ਜੋੜਣ ਲਈ ਚੰਗੇ ਉਪਰਾਲੇ ਕੀਤੇ ਜਾਣ, ਜਿਸ ਪ੍ਰਤੀ ਸ਼੍ਰੋਮਣੀ ਕਮੇਟੀ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਦਾ ਫਰਜ ਯਾਦ ਦਿਵਾਇਆ ਜਾਵੇ । ਪਰਮੇਸ਼ਰ ਦਾ ਜੋ ਫਰਜ ਹੈ, ਉਹ ਪੂਰਾ ਕਰੀ ਜਾ ਰਿਹਾ ਹੈ ਪਰ ਸਾਡੇ ਜੋ ਫਰਜ ਨੇ ਉਹ ਸਾਨੂੰ ਪੂਰੇ ਕਰਨੇ ਪੈਣਗੇ । ਕਿਸੇ ਇਸ਼ਕ ਮਿਜਾਜੀ, ਆਪੂ ਬਣੇ ਵਿਦਵਾਨ ਜਾਂ ਆਪੂ ਬਣੇ ਫਿਲਾਸਫਰਾਂ ਨੂੰ ਕੋਈ ਸ਼ੰਕਾ ਹੈ ਇਸ ਬਾਬਤ ਤਾਂ ਉਹ ਦਾਸ ਨਾਲ ਵਿਚਾਰ ਕਰ ਸਕਦਾ ਹੈ । #ਮੰਗਲਦੀਪ_ਸਿੰਘ

Wednesday, 16 August 2017

ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥

" ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥ "
ਪਰਮੇਸ਼ਰ ਦੇ ਭਗਤ ਅਤੇ ਸੰਸਾਰੀ ਲੋਕਾਂ ਦਾ ਕਦੇ ਕੋਈ ਮੇਲ ਨੀ ਹੋ ਸਕਿਆ ਤੇ ਨਾ ਹੀ ਹੋ ਸਕਦੈ । ਸੰਸਾਰੀ ਲੋਕ ਸਰੀਰਾਂ ਨਾਲ ਜੁੜੀਆਂ ਗੱਲਾਂ ਕਰਦੇ ਨੇ, ਵਿਕਾਰਾਂ ਦੇ ਅਧੀਨ ਰਹਿ ਕੇ ਗੱਲਾਂ ਕਰਦੇ ਨੇ ਪਰ ਭਗਤ ਹਮੇਸ਼ਾ ਪਰਮੇਸ਼ਰ ਦੇ ਹੁਕਮ ਅਨੁਸਾਰ ਗੱਲਾਂ ਕਰਦੇ ਨੇ । ਜੋ ਹੁਕਮ ਭਗਤਾਂ ਨੂੰ ਪਰਮੇਸ਼ਰ ਨੇ ਗੁਰਮਤਿ ਦੁਆਰਾ ਕੀਤਾ ਹੁੰਦਾ ਐ, ਓਹੀ ਉਹਨਾਂ ਦੀ ਜੁਬਾਨ ਤੇ ਹੁੰਦਾ ਐ । ਸੰਸਾਰੀ ਲੋਕ ਸੱਚ ਬੋਲਣ ਲੱਗੇ ਲਿਹਾਜ ਕਰ ਜਾਂਦੇ ਨੇ ਪਰ ਭਗਤ ਕਦੇ ਲਿਹਾਜ ਨੀ ਕਰਦੇ ਕਿਉਂਕਿ ਉਹ ਸੱਚ ਹੀ ਕੀ ਜੋ ਕਿਸੇ ਲਈ ਹੋਰ ਤੇ ਕਿਸੇ ਲਈ ਹੋਰ । ਭਗਤ ਦੀ ਚਾਲ ਹਮੇਸ਼ਾ ਵੱਖਰੀ ਰਹੀ ਐ ਅਤੇ ਜੋ ਸੰਸਾਰੀ ਲੋਕਾਂ ਨੂੰ ਰਾਸਤੇ ਔਖੇ ਲੱਗਦੇ ਨੇ, ਭਗਤ ਉਸੇ ਰਾਸਤੇ ਉੱਪਰ ਪਰਮੇਸ਼ਰ ਦੀ ਬਖਸ਼ਿਸ਼ ਸਦਕਾ ਚੱਲਦੇ ਨੇ । ਗੁਰਬਾਣੀ ਵਿੱਚ ਭਗਤਾਂ ਦੇ ਨਿਆਰੇਪਨ ਬਾਰੇ ਗੁਰੂ ਸਾਹਿਬ ਫੁਰਮਾਉਂਦੇ ਨੇ :-
" ਭਗਤਾ ਕੀ ਚਾਲ ਨਿਰਾਲੀ ॥
  ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ "
ਸੰਸਾਰੀ ਲੋਕ ਬਾਹਰੀ ਮੱਥਾ ਟੇਕ ਕੇ ਰੱਬ ਨੂੰ ਖੁਸ਼ ਕਰਨ ਨੂੰ ਫਿਰਦੇ ਨੇ , ਮਾਇਆ ਭੇਟ ਕਰਦੇ ਨੇ, ਪੁੰਨ ਦਾਨ ਕਰਕੇ ਸੁਣਾਉਂਦੇ ਫਿਰਦੇ ਨੇ ਪਰ ਭਗਤ ਹਮੇਸ਼ਾ ਨਿਰਾਲੀ ਚਾਲ ਵਿੱਚ ਚੱਲ ਕੇ ਮਨ ਦਾ ਮੱਥਾ ਟੇਕੇਗਾ, ਆਪਣਾ ਮਨ ਸਤਿਗੁਰ ਨੂੰ ਵੇਚ ਕੇ ਗੁਣਾਂ ਦਾ ਅਨਮੋਲ ਖਜਾਨਾ ਆਪਣੀ ਬੰਦਗੀ ਦੁਆਰਾ ਖਰੀਦ ਲਵੇਗਾ । ਸੰਸਾਰੀ ਲੋਕਾਂ ਨੂੰ ਹੋਰ ਦੁਨਿਆਵੀ ਚੀਜਾਂ ਦੀ ਭੁੱਖ ਲੱਗੀ ਰਹਿੰਦੀ ਐ ਤੇ ਦੁਨਿਆਵੀ ਪਦਾਰਥ ਹੀ ਮਿੱਠੇ ਲੱਗਦੇ ਨੇ ਉਹਨਾਂ ਨੂੰ ਭਗਤਾਂ ਬਾਰੇ ਗੁਰੂ ਸਾਹਿਬ ਕਹਿੰਦੇ ਨੇ :-
" ਹਰਿ ਬਿਨੁ ਕਛੂ ਨ ਲਾਗਈ ਭਗਤਨ ਕਉ ਮੀਠਾ ॥ "
ਪਰਮੇਸ਼ਰ ਤੋਂ ਬਿਨਾਂ ਭਗਤਾਂ ਨੂੰ ਕੋਈ ਵੀ ਸੰਸਾਰੀ ਪਦਾਰਥ ਮਿੱਠੇ ਨਹੀਂ ਲੱਗਦੇ । ਸੰਸਾਰੀ ਲੋਕ ਇੰਨੇ ਖਚਿੱਤ ਹੋ ਜਾਂਦੇ ਨੇ ਦੁਨਿਆਵੀ ਪਦਾਰਥਾਂ ਵਿੱਚ ਕਿ ਉਹਨਾਂ ਨੂੰ ਸਮਝਾਉਣ ਵਾਲੇ ਦੀ ਉਹ ਸੁਣਦੇ ਨਹੀਂ ਅਤੇ ਸੱਚ ਨੂੰ ਦੇਖਦੇ ਨਹੀਂ , " ਮਾਇਆਧਾਰੀ ਅਤਿ ਅੰਨਾ ਬੋਲਾ ॥ ", ਸੰਸਾਰੀ ਲੋਕ ਦੁਨਿਆਵੀ ਚੀਜਾਂ ਦੇ ਅਧੀਨ ਹੋ ਕੇ ਰਹਿ ਜਾਂਦੇ ਨੇ ਪਰ ਭਗਤ ਪਰਮੇਸ਼ਰ ਦੇ ਨਾਲ ਪ੍ਰੀਤ ਜੋੜ ਲੈਂਦੇ ਨੇ ਤੇ ਪਰਮੇਸ਼ਰ ਦੀ ਇੰਨੀ ਬਖਸ਼ਿਸ਼ ਹੋ ਜਾਂਦੀ ਐ ਉਹਨਾਂ ਉੱਪਰ ਕਿ ਪਰਮੇਸ਼ਰ ਭਗਤਾਂ ਦੇ ਅੰਗ ਸੰਗ ਸਹਾਈ ਰਹਿੰਦਾ ਐ ਅਤੇ ਹਮੇਸ਼ਾ ਆਪਣੇ ਨਾਮ ਦੀ ਦਾਤ ਦੀ ਬਰਕਤ ਉਹਨਾਂ ਦੀ ਝੋਲੀ ਪਾਉਂਦਾ ਐ, " ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥ ", ਭਗਤੀ ਦੇ ਮਾਰਗ ਤੇ ਚੱਲਣਾ ਐ ਤਾਂ ਭਗਤਾਂ ਵਾਲੀ ਨਿਰਾਲੀ ਚਾਲ ਤੇ ਚੱਲਣ ਦਾ ਉੱਦਮ ਕਰਨਾ ਹੀ ਪਏਗਾ ਪਰ ਸ਼ਰਤ ਐ ਕਿ ਪਰਮੇਸ਼ਰ ਦੇ ਨਾਮ ਦੀ ਦਾਤ ਵਾਸਤੇ ਹੀ ਚੱਲਿਆ ਜਾ ਸਕਦੈ ਨਾ ਕਿ ਸੰਸਾਰੀ ਚੀਜਾਂ ਵਾਸਤੇ । #Khalsa_Empire

Monday, 10 April 2017

ਧਰਮ ਕੀ ਹੈ ?


ਪੂਰੀ ਦੀ ਪੂਰੀ ਕਾਇਨਾਤ ਹੀ ਉਸ ਪਰਮੇਸ਼ਰ ਦੇ ਹੁਕਮ ਵਿਚ ਹੈ ਜਿਸ ਬਾਰੇ ਗੁਰੂ ਨਾਨਕ ਸਾਹਿਬ ਨੇ ਜਪੁ ਜੀ ਸਾਹਿਬ ਵਿਚ ਫੁਰਮਾਇਆ ਹੈ :
" ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ "
ਜੀਵ ਜੰਤੂ, ਪਸ਼ੂ ਪੰਛੀ ਪੈਦਾ ਹੁੰਦੇ ਨੇ ਅਤੇ ਉਹਨਾਂ ਨੂੰ ਕੁਝ ਵੀ ਸਿਖਾਉਣ ਦੀ ਲੋੜ ਨਹੀਂ ਪੈਂਦੀ। ਉਹਨਾਂ ਦਾ ਕੋਈ ਅਲੱਗ ਸਕੂਲ ਕਾਲਜ ਨਹੀਂ ਖੋਲਿਆ ਜਿਸ ਵਿਚ ਉਹਨਾਂ ਨੂੰ ਜੀਵਨ ਅੱਗੇ ਚਲਾਉਣ ਦੀ ਸਿਖਿਆ ਦਿਤੀ ਜਾਂਦੀ ਹੋਵੇ। ਪਰਮੇਸ਼ਰ ਨੇ ਉਹਨਾਂ ਨੂੰ ਸੋਝੀ ਬਖਸ਼ੀ ਹੈ ਜਿਸ ਕਾਰਨ ਉਹ ਆਪਣੇ ਧਰਮ ਵਿਚ ਪੂਰੇ ਨੇ। ਸ਼ੇਰ, ਚੀਤਾ, ਭੇੜੀਏ ਅਤੇ ਹੋਰ ਮਾਸਾਹਾਰੀ ਜੀਵਾਂ ਨੂੰ ਕਹਿ ਦਈਏ ਕਿ ਮਾਸ ਛੱਡ ਕੇ ਤੁਸੀਂ ਘਾਹ ਖਾਇਆ ਕਰੋ ਤਾਂ ਕੀ ਉਹ ਰਾਜੀ ਹੋ ਜਾਣਗੇ ? ਉਸੇ ਤਰਾਂ ਹੀ ਸ਼ਾਕਾਹਾਰੀ ਜੀਵ ਵੀ ਸਿਰਫ ਸ਼ਾਕਾਹਾਰੀ ਭੋਜਨ ਗ੍ਰਹਿਣ ਕਰਦੇ ਨੇ ਕਿਉਂਕਿ ਪਰਮੇਸ਼ਰ ਨੇ ਉਹਨਾਂ ਨੂੰ ਧਰਮ ਵਿਚ ਪਰਪੱਕ ਰਹਿਣ ਦੀ ਸੋਝੀ ਬਖਸ਼ੀ ਹੈ। ਧਰਮ ਦੇ ਅਰਥ ਬਹੁਤ ਸੂਝਵਾਨ ਵੀਰਾਂ ਨੇ ਵੀ ਕੀਤੇ ਹੋਏ ਨੇ, ਕੋਈ ਕੁਝ ਦਸਦਾ ਤੇ ਕੋਈ ਕੁਝ, ਗੁਰੂ ਨਾਨਕ ਸਾਹਿਬ ਨਾਲ ਜਦੋਂ ਉਸ ਵੇਲੇ ਦੇ ਵਿਦਵਾਨ ਕਹਾਉਣ ਵਾਲੇ ਪੰਡਿਤਾਂ ਨਾਲ ਵਾਰਤਾਲਾਪ ਹੋਈ ਤਾਂ ਉਹਨਾਂ ਨੇ ਕਿਹਾ ਕਿ ਇਹ ਧਰਤੀ ਇਕ ਬਲਦ ਦੇ ਸਿੰਗ ਉੱਪਰ ਟਿਕੀ ਹੋਈ ਹੈ। ਸੱਚ ਪੁੱਛੋਂ ਤਾਂ ਸਾਨੂੰ ਛੋਟੇ ਹੁੰਦਿਆ ਨੂੰ ਵੀ ਇਹੀ ਦੱਸਿਆ ਜਾਂਦਾ ਰਿਹਾ ਹੈ ਪਰ ਜਦੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਬਾਣੀ ਨੂੰ ਪੜ੍ਹਨ ਦਾ ਮੌਕਾ ਮਿਲਿਆ, ਉਦੋਂ ਇਸ ਬਾਰੇ ਸਭ ਸ਼ੰਕੇ ਨਵਿਰਤ ਹੋ ਗਏ। ਗੁਰੂ ਸਾਹਿਬ ਨੇ ਉਹਨਾਂ ਨੂੰ ਅਸਲ ਸੱਚ ਦਿਖਾਉਂਦੇ ਹੋਏ ਦੱਸਿਆ ਕਿ ਇਹ ਧਰਤੀ ਕਿਸੇ ਬਲਦ ਦੇ ਸਿੰਗ ਉੱਪਰ ਨਹੀਂ ਬਲਕਿ ਧਰਮ (ਨਿਯਮ, ਮਰਯਾਦਾ) ਉੱਪਰ ਟਿਕੀ ਹੋਈ ਹੈ। ਜਿਸ ਬਾਰੇ ਗੁਰੂ ਸਾਹਿਬ ਨੇ ਫੁਰਮਾਇਆ ਹੈ :
" ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ "
ਸਭ ਕੁਝ ਇਕ ਮਰਯਾਦਾ ਵਿਚ ਹੀ ਹੈ, ਸੂਰਜ ਦਾ ਪ੍ਰਕਾਸ਼, ਧਰਤੀ ਦਾ ਸੂਰਜ ਦੁਆਲੇ ਘੁੰਮਣਾ, ਧਰਤੀ ਵਿੱਚ ਰਹਿਣ ਲਈ ਅਨੁਕੂਲ ਵਾਤਾਵਰਨ,੮੪ ਲੱਖ ਜੂਨਾਂ ਵਾਲੇ ਸਭ ਪਾ੍ਣੀਆਂ ਦਾ ਜੰਮਣਾ ਮਰਨਾ ਆਦਿਕ ਸਭ ਉਸ ਪਰਮੇਸ਼ਰ ਦੇ ਬਣਾਏ ਨਿਯਮ ਹੀ ਨੇ ਅਤੇ ਇਹ ਸਭ ਉਸਦੇ ਹੁਕਮ ਵਿੱਚ ਹੈ । ਰਾਤਾਂ , ਰੁੱਤਾਂ , ਦਿਨ , ਵਾਰ , ਹਵਾ , ਪਾਣੀ , ਅੱਗ ਅਤੇ ਪਾਤਾਲ ਸਭ ਉਸ ਪ੍ਰਮਾਤਮਾ ਨੇ ਇਕ ਨਿਯਮ (ਧਰਮ) ਵਿਚ ਟਿਕਾ ਦਿੱਤੇ ਹਨ ਅਤੇ ਧਰਤੀ ਨੂੰ ਧਰਮ ਕਮਾਉਣ (ਚੰਗੇ ਕਰਮ ਅਤੇ ਨਾਮ ਜੱਪਣਾ) ਦਾ ਅਸਥਾਨ ਬਣਾਇਆ ਹੈ :-
" ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ "
ਸਾਨੂੰ ਦੱਸਿਆ ਜਾਂਦਾ ਏ ਕਿ ਹਿੰਦੂ, ਮੁਸਲਮਾਨ, ਇਸਾਈ ਆਦਿਕ ਧਰਮ ਨੇ ਅਤੇ ਸਾਡਾ ਸਿੱਖ ਸ਼ਬਦ ਵੀ ਧਰਮ ਵਾਲੀ ਗਿਣਤੀ ਵਿੱਚ ਆ ਗਿਆ ਹੈ । ਸਿੱਖੀ ਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਕਈ ਅਜਿਹੀਆਂ ਚੀਜਾਂ ਸਾਡੇ ਵਿੱਚ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਨਾਲ ਪੰਥ ਵਿੱਚ ਦੁਬਿਧਾ ਪੈਦਾ ਹੋ ਗਈ ਹੈ । ਸਿੱਖ ਸ਼ਬਦ ਬਾਰੇ ਵਿਚਾਰ ਅਗਲੀ ਪੋਸਟ ਵਿੱਚ ਸਾਂਝੇ ਕਰਾਂਗੇ । ਹੁਣ ਸਾਡੇ ਦਿਮਾਗ ਵਿੱਚ ਸਵਾਲ ਹੋਵੇਗਾ ਕਿ ਜੇਕਰ ਸਿੱਖ ਕੋਈ ਧਰਮ ਨਹੀਂ ਤਾਂ ਅਸਲੀ ਧਰਮ ਕੀ ਹੈ ? ਗੁਰੂ ਸਾਹਿਬ ਕਹਿੰਦੇੇ ਨੇ :
 " ਸਰਬ ਧਰਮ ਮਹਿ ਸ੍ਰੇਸਟ ਧਰਮੁ || ਹਰਿ ਕੋ ਨਾਮੁ ਜਪਿ ਨਿਰਮਲ ਕਰਮੁ || "
ਗੁਰੂ ਜੀ ਨੇ ਤਾਂ ਇਹੀ ਸਿਖਾਇਆ ਏ ਕਿ ਸਾਰੇ ਧਰਮਾਂ ਤੋਂ ਉੱਤਮ ਧਰਮ ਉਸ ਪ੍ਰਮਾਤਮਾ ਦਾ ਨਾਮ ਜੱਪਣਾ ਅਤੇ ਚੰਗੇ ਕਰਮ ਕਰਨਾ ਹੀ ਹੈ ਪਰ ਅਸੀਂ ਲੋਕ ਖੁਦ ਹੀ ਸਭ ਨੂੰ ਵੰਡ ਦਿੱਤਾ ਅਤੇ ਗੁਰੂ ਸਾਹਿਬ ਦੀ ਇਕ ਨਹੀਂ ਸੁਣੀ। ਅਸੀਂ ਹੁਣੇ ਇਹ ਪੜਿਆ ਕਿ ਜੀਵ ਜੰਤੂਆਂ ਨੂੰ ਧਰਮ ਦੀ ਸੋਝੀ ਪਰਮੇਸ਼ਰ ਨੇ ਦਿੱਤੀ ਹੈ ਪਰ ਸਾਨੂੰ ਮਨੁੱਖਾਂ ਨੂੰ ਧਰਮ ਸਿੱਖਣ ਦੀ ਲੋੜ ਕਿਉਂ ਪਈ ? ਮਨੁੱਖਾ ਜਨਮ ੮੪ ਲੱਖ ਜੂਨਾਂ ਤੋਂ ਬਾਅਦ ਮਿਲਦਾ ਹੈ ਅਤੇ ਇਸ ਮਨੁੱਖਾ ਦੇਹੀ ਵਿੱਚ ਜੋ ਜੋਤ ਹੈ ਉਹ ਆਪਣੇ ਮੂਲ ਨਾਲੋਂ ਵਿੱਛੜ ਕੇ ੮੪ ਲੱਖ ਜੂਨਾਂ ਦੇ ਗੇੜ ਤੋਂ ਬਾਅਦ ਇਸ ਮਨੁੱਖਾ ਜੂਨ ਵਿੱਚ ਆਈ ਹੈ ਜਿਸ ਨੂੰ ਸਭ ਤੋਂ ਉੱਤਮ ਜੂਨ ਵੀ ਮੰਨਿਆ ਹੈ । ਜੂਨਾਂ ਦੇ ਗੇੜ ਤੋਂ ਬਾਅਦ ਮਨੁੱਖ ਨੂੰ ਕਈ ਤਰਾਂ ਦੇ ਵਿਕਾਰ ਚੁੰਬੜ ਗਏ ਨੇ ਅਤੇ ਮਨੁੱਖ ਖੁੱਲਾ ਖਲਾਸਾ ਰਹਿਣਾ ਚਾਹੁੰਦਾ ਏ, ਜਨਮਾਂ ਦੇ ਗੇੜ ਬਾਰੇ ਗੁਰੂ ਸਾਹਿਬ ਕਹਿੰਦੇ ਨੇ :
" ਕਈ ਜਨਮ ਭਏ ਕੀਟ ਪਤੰਗਾ ॥
ਕਈ ਜਨਮ ਗਜ ਮੀਨ ਕੁਰੰਗਾ ॥
ਕਈ ਜਨਮ ਪੰਖੀ ਸਰਪ ਹੋਇਓ ॥
ਕਈ ਜਨਮ ਹੈਵਰ ਬ੍ਰਿਖ ਜੋਇਓ ॥ "
ਪ੍ਰਮਾਤਮਾ ਨੇ ਮਿਹਰ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾਉਣ ਵਾਸਤੇ ਅਮੋਲਕ ਮਨੁੱਖਾ ਜਨਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਪ੍ਰਭੂ ਦਰ ਦੇ ਵਿਚ ਪ੍ਰਵਾਨਗੀ ਤਾਂ ਹੋਵੇਗੀ ਜੇ ਉਸ ਸੱਚੇ ਪਰਮੇਸ਼ਰ ਦੀ ਰਜਾ ਵਿੱਚ ਚੱਲਕੇ ਧਰਮੀ ਬਣਾਂਗੇ । ਕਿਸੇ ਤਰਾਂ ਦਾ ਵੀ ਨਿਯਮ ਹੋਵੇ ਜੇਕਰ ਕੋਈ ਉਸ ਨਿਯਮ ਨੂੰ ਤੋੜਦਾ ਹੈ ਤਾਂ ਉਸ ਦਾ ਫਲ ਉਸਨੂੰ ਭੁਗਤਣਾ ਪੈਂਦਾ ਹੈ, ਅੱਜ ਕਲਯੁੱਗ ਵਿੱਚ ਪਾਪ ਵੱਧਣ ਦਾ ਮੁੱਖ ਕਾਰਨ ਹੀ ਨਿਯਮਾਂ ਦੀ ਉਲੰਘਣਾ ਹੈ । ਪਰਮੇਸ਼ਰ ਨੇ ਜੋ ਨਿਯਮਬੱਧ ਕੀਤਾ ਸੀ ਉਸਨੂੰ ਛੱਡ ਕੇ ਅਸੀਂ ਆਪਣੇ ਬਣਾਏ ਨਿਯਮਾਂ ਨੂੰ ਜਿਆਦਾ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਕੁਝ ਗਲਤ ਹੁੰਦਾ ਹੈ ਤਾਂ ਅਸੀਂ ਦੂਜਿਆਂ ਨੂੰ ਦੋਸ਼ ਦਿੰਦੇ ਹਾਂ ਤੇ ਕਈ ਵਾਰ ਰੱਬ ਨੂੰ ਵੀ ਕੋਸਦੇ ਹਾਂ ਪਰ ਸਭ ਕੁਝ ਸਾਡੇ ਪੂਰਬਲੇ ਅਤੇ ਹੁਣ ਦੇ ਕਰਮਾਂ ਦਾ ਹੀ ਫਲ ਹੁੰਦਾ ਏ । ਧਰਮ ਕਮਾਉਣ ਆਏ ਹਾਂ ਅਸੀਂ ਇੱਥੇ, ਧਰਮ ਕਮਾਉਣ ਦਾ ਮਤਲਬ ਏ ਚੰਗੇ ਕਰਮ ਕਰਨੇ, ਪਰਮੇਸ਼ਰ ਦੀ ਯਾਦ ਨੂੰ ਦਿਲੋਂ ਨਾ ਵਿਸਾਰਨਾ ਜਿਵੇਂ ਗੁਰੂ ਸਾਹਿਬ ਧਰਮ ਕਮਾਉਣ ਵਾਲਿਆਂ ਬਾਰੇ ਫੁਰਮਾਉਂਦੇ ਨੇ :
" ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ "
ਪਾਪ ਕਮਾਉਣੇ ਅੱਜ ਸਾਨੂੰ ਚੰਗੇ ਲੱਗਦੇ ਨੇ, ਪਰਮੇਸ਼ਰ ਦੇ ਬਣਾਏ ਨਿਯਮਾਂ ਦੀ ਉਲੰਘਣਾ ਕਰਨੀ, ਮਾੜੇ ਸ਼ਬਦ ਬੋਲਣੇ, ਪੰਜਾਂ ਵਿਕਾਰਾਂ ਵਿੱਚ ਫਸੇ ਰਹਿਣਾ ਅਤੇ ਹੋਰ ਅਜਿਹੇ ਕਾਰ ਵਿਹਾਰ ਕਰਨੇ ਜੋ ਧਰਮ ਦੇ ਉਲਟ ਹੋਣ,ਸਭ ਪਾਪ ਹੀ ਨੇ । ਜੋ ਕਰਮਕਾਂਡ, ਅੰਧਵਿਸ਼ਵਾਸ਼ ਆਦਿਕ ਧਰਮ ਦੇ ਨਾਮ ਉੱਪਰ ਫੈਲੇ ਹੋਏ ਸਨ ਉਸ ਤੋਂ ਮੁਕਤ ਕਰਵਾਉਣ ਲਈ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਅਤੇ ਧਰਮ ਦੀ ਅਸਲ ਪਰਿਭਾਸ਼ਾ ਤੋਂ ਜਾਣੂ ਕਰਵਾਇਆ । ਕਰਮਕਾਂਡ, ਅੰਧਵਿਸ਼ਵਾਸ਼ ਅੱਜ ਵੀ ਉਦਾਂ ਹੀ ਫੈਲੇ ਹੋਏ ਨੇ ਪਰ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦਾ ਚਾਨਣ ਬਖਸ਼ਿਆ ਹੈ ਅਤੇ ਜੇਕਰ ਅਜੇ ਵੀ ਅਸੀਂ ਗੁਰੂ ਦੀ ਨਹੀ ਸੁਣ ਰਹੇ ਤਾਂ ਇਹ ਸਾਡੀ ਮੂਰਖਤਾ ਹੈ । ਸਾਨੂੰ ਪੈਦਾ ਕਰਨ ਵਾਲੇ ਨੂੰ ਸਾਡੀ ਫਿਕਰ ਵੀ ਹੈ ਇਸ ਲਈ ਸਾਡੇ ਲਈ ਧਰਮ ਬਣਾਇਆ ਹੈ ਅਤੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਧਰਮ ਕਮਾਈਏ ਤਾਂ ਜੋ ਅਸੀਂ ਆਪਣਾ ਜੀਵਨ ਗੁਰਮਤਿ ਅਨੁਸਾਰ ਬਣਾ ਕੇ ਗੁਰੂ ਦੇ ਪਿਆਰੇ ਬਣ ਸਕੀਏ । ਇਸ ਵਕਤ ਮਨੁੱਖੀ ਸਮਾਜ ਮਾਇਆਵਾਦ, ਸਾਇੰਸ ਅਤੇ ਰਾਜਨੀਤਿਕ ਜੁਗ ਗਰਦੀ ਵਿੱਚੋਂ ਲੰਘ ਰਿਹਾ ਏ, ਧਰਮ ਵੱਲੋਂ ਰੁਚੀ ਘੱਟ ਰਹੀ ਹੈ ਜਿਸ ਕਰਕੇ ਮਾਨਸਿਕ ਅਸ਼ਾਂਤੀ ਵੱਧ ਰਹੀ ਹੈ । ਧਰਮ ਕਮਾਉਣ ਵਿੱਚ ਦੇਰੀ ਨਾ ਕਰੋ , ਪਾਪ ਵਿੱਚ ਢਿੱਲ ਕਰੋ । ਭੁੱਲ ਚੁਕ ਦੀ ਖਿਮਾ । #ਮੰਗਲਦੀਪ_ਸਿੰਘ

Thursday, 16 March 2017

ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦੇ ਨਾਮ ਹੇਠ ਕੀ ਪੇਸ਼ ਕੀਤਾ ਜਾ ਰਿਹਾ ਏ ?

ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨਾਮ ਗੁਰੂ ਨਾਨਕ ਕਾਲਜ, ਗੁਰੂ ਨਾਨਕ ਯੂਨੀਵਰਸਿਟੀ, ਖਾਲਸਾ ਕਾਲਜ, ਮਾਤਾ ਗੁਜਰੀ ਸਕੂਲ, ਮਾਤਾ ਸਾਹਿਬ ਕੌਰ ਸਕੂਲ ਜਾਂ ਕਾਲਜ ਜਾਂ ਕਈ ਹੋਰ ਨਾਮ ਨਾਲ ਰੱਖੇ ਗਏ ਨੇ। ਗੱਲ ਇਹ ਨਹੀਂ ਕਿ ਇਹਨਾਂ ਦੇ ਨਾਮ ਇਹ ਕਿਉਂ ਰੱਖੇ ਗਏ ਨੇ ਬਲਕਿ ਅਸਲ ਮੁੱਦਾ ਇਹ ਹੈ ਕਿ ਅੱਜ ਇਥੇ ਬੱਚਿਆਂ ਨੂੰ ਪਰੋਸਿਆ ਕੀ ਜਾ ਰਿਹਾ ਹੈ ? ਸਿੱਖੀ ਨਾਲ ਸੰਬੰਧਿਤ ਨਾਮ ਰੱਖ ਕੇ ਉਥੇ ਅੱਜ ਸਿੱਖੀ ਦੇ ਪੱਖ ਦੀ ਗੱਲ ਦੇ ਨਾਲ ਹੀ ਲੱਚਰਤਾ, ਗਾਇਕੀ, ਨੱਚਣਾ-ਕੁੱਦਣਾ , ਫੈਸ਼ਨ ਅਤੇ ਹੋਰ ਕਈ ਅਜਿਹੀਆਂ ਚੀਜ਼ਾਂ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਸਿੱਖੀ ਦੇ ਬਿਲਕੁਲ ਵਿਪਰੀਤ ਹਨ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਨੂੰ ਪ੍ਰਮੋਟ ਕਰਨ ਲਈ ਕਈ ਅਜਿਹੇ ਪ੍ਰਦਰਸ਼ਨ ਟੀ.ਵੀ ਚੈਨਲਾਂ ਉੱਪਰ ਮਨੋਰੰਜਨ ਦੇ ਨਾਮ ਨਾਲ ਪ੍ਰਕਾਸ਼ਿਤ ਕੀਤੇ ਜਾਂਦੇ ਨੇ ਜੋ ਸ਼ਰੇਆਮ ਲੱਚਰਤਾ, ਆਸ਼ਕੀ ਅਤੇ ਸਿੱਖੀ ਦੇ ਰਾਸਤੇ ਤੋਂ ਭਟਕਾ ਰਹੇ ਨੇ। ਸਾਡੀਆਂ ਧੀਆਂ ਭੈਣਾਂ ਨੂੰ ਸ਼ਰੇਆਮ ਗਾਣਿਆਂ ਉੱਪਰ ਨਚਾਇਆ ਜਾਂਦਾ ਏ, ਆਸ਼ਕੀ ਵਾਲੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕਦੇ ਇਹ ਨੀ ਪੁੱਛਿਆ ਜਾਂਦਾ ਕਿ ਇਸ ਕਾਲਜ ਜਾਂ ਸਕੂਲ ਦਾ ਨਾਮ ਜਿਸ ਨਾਮ ਤੋਂ ਰੱਖਿਆ ਹੈ ,ਤੁਹਾਨੂੰ ਉਸ ਬਾਰੇ ਕੋਈ ਜਾਣਕਾਰੀ ਹੈ ? ਸਿੱਖ ਅਤੇ ਧਰਮ ਦੀ ਅਸਲ ਪਰਿਭਾਸ਼ਾ ਕੀ ਹੈ ? ਸਿੱਖੀ ਵਿਚ ਅੱਜ ਸਾਡਾ ਕੀ ਯੋਗਦਾਨ ਹੈ ? ਕੀ ਸਾਨੂੰ ਵੀ ਉਹਨਾਂ ਦੇ ਰਸਤੇ ਨਹੀਂ ਚਲਣਾ ਚਾਹੀਦਾ ਜਿਹਨਾਂ ਨੇ ਸਾਨੂੰ ਸਹੀ ਮਾਰਗ ਦਿਖਾਉਣ ਲਈ ਖੁਦ ਸ਼ਹਾਦਤਾਂ ਦੇ ਜਾਮ ਪੀ ਲਏ, ਸਾਡੀ ਖਾਤਿਰ ਸਰਬੰਸ ਵਾਰ ਦਿੱਤਾ ? ਹੋਰ ਕਈ ਸਵਾਲ ਨੇ ਸਾਡੇ ਕੋਲ ਪਰ ਜਵਾਬ ਨਹੀਂ ਕਿਉਂਕਿ ਸਾਡੇ ਦਿਮਾਗ ਵਿਚ ਲੱਚਰਤਾ, ਆਸ਼ਕੀ ਅਤੇ ਖੁੱਲੇ ਰਹਿਣ ਸਹਿਣ ਵਾਲੀ ਫੋਕੀ ਦਿਖਾਵੇਬਾਜ਼ੀ ਇਸ ਕਦਰ ਭਰ ਚੁਕੀ ਹੈ ਕਿ ਸਾਨੂੰ ਇਸ ਨੇ ਅਕਿਰਤਘਣ ਹੋਣ ਲਈ ਮਜਬੂਰ ਕਰ ਦਿੱਤਾ। ਹਾਂ , ਅਸੀਂ ਅਕਿਰਤਘਣ ਹਾਂ ਜੋ ਸਾਡਾ ਇਤਿਹਾਸ ਭੁੱਲ ਕੇ ਆਪਣੇ ਫੋਕੇ ਮਨੋਰੰਜਨਾਂ ਵਿਚ ਉਲਝ ਕੇ ਰਹਿ ਗਏ ਹਾਂ। ਸਾਨੂੰ ਕੋਈ ਮਤਲਬ ਨਹੀਂ ਰਿਹਾ ਕਿਸੇ ਨਾਲ ਕਿਉਂਕਿ ਸਾਨੂੰ ਜੀਵਨ ਚਾਹੇ ਉਸ ਪਰਮੇਸ਼ਰ ਨੇ ਦਿੱਤਾ ਹੈ ਅਤੇ ਖੋਹ ਵੀ ਉਸਨੇ ਆਪਣੀ ਮਰਜੀ ਨਾਲ ਲੈਣਾ ਏ। ਸਾਨੂੰ ਮਨੋਰੰਜਨ ਨਾਲ ਮਤਲਬ ਹੈ ਚਾਹੇ ਉਹ ਗੀਤਾਂ ਰਾਹੀਂ, ਟੀ.ਵੀ ਚੈਨਲਾਂ ਰਾਹੀਂ ਜਾਂ ਫਿਰ ਲੱਚਰਤਾ ਭਰਪੂਰ ਕੋਈ ਪ੍ਰਦਰਸ਼ਨੀ ਰਾਹੀਂ ਦਿਖਾਇਆ ਜਾਵੇ। ਕਿਸੇ ਟੀ.ਵੀ ਚੈਨਲ ਸ਼ੋ ਵਿਚ ਸਾਡੀਆਂ ਧੀਆਂ ਭੈਣਾਂ ਨੂੰ ਕੋਈ ਛੇੜੇ ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਕਿਉਂਕਿ ਉਹ ਸਿੱਧਾ ਪ੍ਰਕਾਸ਼ਿਤ ਹੋ ਰਿਹਾ ਹੈ ਤੇ ਸਾਡੀ ਧੀ ਭੈਣ ਨੂੰ ਟੀ.ਵੀ ਤੇ ਸਭ ਲੋਕਾਂ ਨੇ ਦੇਖਣਾ ਹੁੰਦਾ ਹੈ ,ਵੈਸੇ ਵੀ ਹੋਰਨਾਂ ਘਰਾਂ ਦੀਆਂ ਧੀਆਂ ਭੈਣਾਂ ਵੀ ਤਾਂ ਉਥੇ ਹੀ ਹੁੰਦੀਆਂ, ਫਿਰ ਕੀ ਹੋਇਆ ਜੇ ਕੋਈ ਸਾਡੀ ਧੀ ਭੈਣ ਨੂੰ ਆਸ਼ਕੀ ਵਾਲੇ ਸਵਾਲ ਜਵਾਬ ਪੁੱਛ ਰਿਹਾ ਏ ? ਫਿਰ ਕੀ ਹੋਇਆ ਜੇ ਉਹ ਅਸਿਧੇ ਤੌਰ ਤੇ ਸਾਡੀ ਧੀ ਭੈਣ ਦੀ ਨਹੀਂ ਬਲਕਿ ਮਾਂ ਪਿਉ ਦੀ ਇੱਜ਼ਤ ਮਿੱਟੀ ਵਿਚ ਮਿਲਾ ਰਿਹਾ ਏ ? ਸਾਨੂੰ ਕੋਈ ਮਤਲਬ ਨਹੀਂ ਕਿਉਂਕਿ ਇਹ ਸਭ ਟੀ.ਵੀ ਚੈਨਲ ਤੇ ਦਿਖਾਇਆ ਜਾਂਦਾ ਹੈ ਪਰ ਜੇ ਕਿਤੇ ਸਾਡੇ ਸਾਹਮਣੇ ਘਰ ਦੇ ਆ ਕੇ ਸਾਡੀ ਕੁੜੀ ਨੂੰ ਛੇੜੇ ਤਾਂ ਉਹਨੂੰ ਜਿਉਂਦਾ ਨਹੀਂ ਛਡਣਾ। ਫਿਰ ਗੁੱਸਾ ਆਉਣਾ ਅਤੇ ਉਹ ਵੀ ਇੰਨਾ ਜਿਆਦਾ ਕਿ ਗਾਲੀ ਗਲੋਚ ਦੇ ਨਾਲ ਨਾਲ ਉਸਦੇ ਘਰਦਿਆਂ ਨੂੰ ਵੀ ਮਾਰਨ ਤੱਕ ਜਾਂਦੇ ਹਾਂ। ਪਰ ਸਾਨੂੰ ਕੀ ਮਤਲਬ ਇਸ ਚੀਜ਼ ਨਾਲ, ਇਹ ਤਾਂ 21ਵੀਂ ਸਦੀ ਆ। ਚਾਹੇ ਗੁਰਬਾਣੀ ਕੁਝ ਵੀ ਕਹਿੰਦੀ ਰਹੇ ਸਾਨੂੰ ਕੀ ਮਤਲਬ ਇਸ ਚੀਜ਼ ਨਾਲ , ਸਾਡਾ ਕੰਮ ਤਾ ਗੁਰੂ ਘਰ ਜਾ ਕੇ ਮੱਥਾ ਟੇਕਣ ਤੱਕ ਸੀਮਤ ਹੈ। ਗੁਰਬਾਣੀ ਨੂੰ ਤਾਂ ਬਹੁਤ ਪਿੱਛੇ ਸੁੱਟ ਦਿੱਤਾ ਅੱਜ ਦੇ 21ਵੀਂ ਸਦੀ ਦੇ ਵਿਦਵਾਨਾਂ ਨੇ ਅਤੇ ਗੱਲਾਂ ਕਰਦੇ ਆ ਵਿਗਿਆਨ ਦੀਆਂ। ਹੋਰ ਤਾਂ ਹੋਰ ਫਿਰ ਵਿਗਿਆਨ ਦੀ ਵੀ ਨਹੀਂ ਸੁਣਦੇ ਕਿਉਂਕਿ ਵਿਗਿਆਨ ਵੀ ਇਹ ਗੱਲ ਸਾਬਿਤ ਕਰਦੀ ਹੈ ਕਿ ਜਿਹੋ ਜਿਹਾ ਅਸੀਂ ਦੇਖਦੇ ਜਾਂ ਸੁਣਦੇ ਹਾਂ ਉਸੇ ਤਰਾਂ ਦਾ ਸਾਡੇ ਦਿਮਾਗ ਤੇ ਅਸਰ ਪੈਂਦਾ ਏ। ਜਿਹੋ ਜਿਹਾ ਪਰੋਸਿਆ ਜਾਂਦਾ ਏ ਉਹੋ ਜਿਹਾ ਈ ਖਾਣਾ ਏ। ਅਸੀਂ ਤਾਂ ਸਭ ਤੋਂ ਜਿਆਦਾ ਮਹੱਤਵ ਰੱਖਦੀ ਗੁਰਬਾਣੀ ਦੀ ਗੱਲ ਨਹੀਂ ਸੁਣੀ ਫਿਰ ਆਹ ਵਿਗਿਆਨ ਕੀ ਚੀਜ਼ ਆ। ਸਾਨੂੰ ਨਾ ਸਮਝਾਓ ਕੋਈ , ਅਸੀਂ ਮਨੋਰੰਜਨ ਕਰਨਾ ਆ ਅਜੇ। ਸਾਨੂੰ ਨਾ ਦੱਸੋ ਗੁਰਬਾਣੀ ਕੀ ਕਹਿੰਦੀ ਆ , ਸਾਨੂੰ ਨਾ ਦੱਸੋ ਸਾਡੇ ਇਤਿਹਾਸ ਬਾਰੇ , ਸਾਡਾ ਮਰਿਆ ਜਮੀਰ ਜੋ ਗੁਰੂ ਸਾਹਿਬ ਨੇ ਜਗਾਇਆ ਸੀ ਉਸਨੂੰ ਸੁੱਤਾ ਰਹਿਣ ਦਿਉ ....ਸੁੱਤਾ ਰਹਿਣ ਦਿਉ ....#ਮੰਗਲਦੀਪ_ਸਿੰਘ

Tuesday, 21 February 2017

ਜਦੋਂ ਗੁਰਬਾਣੀ ਹੀ ਜੀਵਨ ਦਾ ਅਧਾਰ ਬਣ...

ਜਦੋਂ ਅਸੀਂ ਗੁਰੂ ਗਰੰਥ ਸਾਹਿਬ ਜੀ ਨੂੰ ਸੱਚਮੁੱਚ ਗੁਰੂ ਸਵੀਕਾਰ ਕਰ ਲਵਾਂਗੇ ਤਾਂ ਉਦੋਂ ਗੁਰਬਾਣੀ ਹੀ ਜੀਵਨ ਦਾ ਅਧਾਰ ਬਣ ਜਾਣੀ ਏ। ਫਿਰ ਤੀਜੇ ਨਾਨਕ ਗੁਰੂ ਅਮਰਦਾਸ ਸਾਹਿਬ ਜੀ ਦੀ ਦਿਤੀ ਸਿਖਿਆ ਹਮੇਸ਼ਾ ਯਾਦ ਰਹੇਗੀ :
" ਸਾਚਾ ਨਾਮੁ ਮੇਰਾ ਆਧਾਰੋ ॥
ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥ "
ਜਦੋਂ ਸੱਚਮੁੱਚ ਅਸੀਂ ਗੁਰੂ ਦੇ ਪਿਆਰੇ ਸਿੱਖ ਬਣ ਗਏ ਤਾਂ ਸਾਰੀਆਂ ਭੁੱਖਾਂ ਖਤਮ ਹੋ ਜਾਣੀਆਂ ਜੋ ਅੱਜ ਅਸੀਂ ਗੀਤਾਂ , ਭੰਗੜਿਆਂ , ਹਾਰ-ਸ਼ਿੰਗਾਰਾਂ , ਫੋਕੇ ਮਨੋਰੰਜਨ ਅਤੇ ਹੋਰ ਅਜਿਹੀਆਂ ਵਸਤਾਂ ਵਿੱਚੋ ਲੱਭਦੇ ਹਾਂ ਜੋ ਸਾਨੂੰ ਪਰਮੇਸ਼ਰ ਨਾਲੋਂ ਦੂਰ ਕਰਦੀਆਂ ਨੇ। ਫਿਰ ਅਸੀਂ ਕਿਸੇ ਗੀਤਕਾਰ ਵੱਲੋਂ ਗਾਏ ਗੀਤਾਂ ਦੀ ਪਰਖ ਕਰਕੇ ਇਹ ਵੀ ਪਰਖਣਾ ਸਿੱਖ ਲਵਾਂਗੇ ਕਿ ਇਸਦਾ ਸਾਡੇ ਜੀਵਨ ਤੇ ਕੀ ਅਸਰ ਪਵੇਗਾ। ਫਿਰ ਕਿਸੇ ਗੀਤਕਾਰ ਦੇ ਫੈਨ ਬਣਨ ਦੀ ਤਾਂ ਗੱਲ ਬਹੁਤ ਦੂਰ , ਅਸੀਂ ਉਸਦੇ ਗੀਤ ਤੱਕ ਨਹੀਂ ਸੁਣਾਂਗੇ। ਫਿਰ ਗੁਰੂ ਸਾਹਿਬ ਦੀ ਦਿੱਤੀ ਹੋਈ ਸਿਖਿਆ ਹਮੇਸ਼ਾ ਯਾਦ ਰਹੇਗੀ ਜੋ ਗੁਰੂ ਸਾਹਿਬ ਗੀਤ ਗਾਉਣ ਵਾਲਿਆਂ ਦੇ ਬਾਬਤ ਦੇ ਰਹੇ ਨੇ :
" ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥
ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥ "
ਕਈ ਬਹੁਤ ਸਤਿਕਾਰਯੋਗ ਵੀਰ ਤੇ ਭੈਣ ਕਹਿੰਦੇ ਨੇ ਗਾਣਿਆਂ ਦਾ ਸਾਡੇ ਜੀਵਨ ਤੇ ਕੋਈ ਅਸਰ ਨਹੀਂ ਪੈਂਦਾ , ਉਹਨਾਂ ਅੱਗੇ ਬੇਨਤੀ ਹੈ ਕਿ ਜੇਕਰ ਸੱਚਮੁੱਚ ਅਸੀਂ ਸਿੱਖ ਅਖਵਾਉਂਦੇ ਹਾਂ ਤਾਂ ਅਸੀਂ ਖੁਦ ਗੁਰਬਾਣੀ ਪੜ੍ਹ ਕੇ ਵਿਚਾਰੀਏ ਅਤੇ ਜੀਵਨ ਤੇ ਲਾਗੂ ਕਰੀਏ। ਅਧਿਆਤਮਿਕ ਸਤਰ ਤੋਂ ਅਸੀਂ ਉਦੋਂ ਤੱਕ ਨਹੀਂ ਸੋਚ ਸਕਦੇ ਜਦੋਂ ਤੱਕ ਅਸੀਂ ਗੁਰੂ ਦੇ ਅਨੁਸਾਰ ਨਹੀਂ ਚੱਲਦੇ। ਕੋਸ਼ਿਸ਼ ਤਾਂ ਕਰੀਏ ਗੁਰੂ ਦੀ ਗੱਲ ਸੁਣਨ ਦੀ , ਗੁਰੂ ਦੇ ਕੋਲ ਜਾਣ ਦੀ ਕੋਸ਼ਿਸ਼ ਕਰੀਏ ਗੁਰੂ ਸਾਨੂੰ ਆਪਣੇ ਚਰਨੀ ਜਰੂਰ ਲਾਉਣਗੇ। ਗੁਰਬਾਣੀ ਤੋਂ ਬਿਨਾ ਤਾਂ ਅਸੀਂ ਮਨਮੁਖ ਹਾਂ। ਦਾਸ ਵੀ ਗੁਰਬਾਣੀ ਤੋਂ ਬਿਨਾਂ ਮੂਰਖ ਹੈ। ਦਾਸ ਕੋਲੋਂ ਲਿਖਦਿਆਂ ਕੋਈ ਗ਼ਲਤੀ ਹੋ ਗਈ ਹੋਵੇ ਤਾ ਦਾਸ ਨੂੰ ਅਣਜਾਣ ਸਮਝਦੇ ਹੋਏ ਦਾਸ ਦੀ ਝੋਲੀ ਪਾ ਦੇਣਾ ਤਾਂ ਜੋ ਅੱਗੇ ਤੋਂ ਅਜਿਹੀ ਗ਼ਲਤੀ ਨਾ ਹੋਵੇ। #ਮੰਗਲਦੀਪ_ਸਿੰਘ

Friday, 3 February 2017

ਗੀਤਕਾਰ ਅਤੇ ਉਹਨਾਂ ਦੇ ਚੇਲਿਆਂ ਦੁਆਰਾ ਕੀਤਾ ਜਾ ਰਿਹਾ ਗੁਰਬਾਣੀ ਦਾ ਵਿਰੋਧ !!

ਬਹੁਤੇ ਗੀਤਕਾਰ ਗੀਤਾਂ ਰਾਹੀਂ ਲੱਚਰਤਾ ਹੀ ਫੈਲਾ ਰਹੇ ਨੇ ਅਤੇ ਸਾਡੇ ਹੀ ਵੀਰ ਭੈਣ ਜੋ ਸਿੱਖ ਤਾ ਅਖਵਾਉਂਦੇ ਨੇ ਪਰ ਇਹਨਾਂ ਗੀਤਕਾਰਾਂ ਨੂੰ ਤਰਜੀਹ ਦਿੰਦੇ ਨੇ ਅਤੇ ਅਜਿਹੇ ਗੀਤਕਾਰਾਂ ਨੂੰ ਤਰਜੀਹ ਦੇਣ ਵਾਲੇ ਦੀ ਸੋਚ ਦਾ ਮਿਆਰ ਉਸਨੂੰ ਪਰਮੇਸ਼ਰ ਨਾਲੋਂ ਬਹੁਤ ਦੂਰ ਲੈ ਜਾਂਦਾ ਹੈ। ਉਹਨਾਂ ਲੋਕਾਂ ਨੂੰ ਜਦੋ ਆਪਣੇ ਆਲੇ ਦੁਆਲੇ ਕੁਝ ਅਜਿਹਾ ਦੇਖਣ ਨੂੰ ਮਿਲ ਜਾਵੇ ਤਾਂ ਕਹਿੰਦੇ ਨੇ ਚਲੋ, ਸਭ ਨੂੰ ਹੱਕ ਹੈ ਇਹ ਸਭ ਕਰਨ ਦਾ ਪਰ ਜਦੋਂ ਗੱਲ ਘਰ ਤੇ ਆਉਂਦੀ ਹੈ ਤਾਂ ਸ਼ਰਮ ਨੂੰ ਇਕ ਪਾਸੇ ਰੱਖ ਕੇ ਝੂਠਾ ਹੀ ਕਹਿਣਾ ਪੈਂਦਾ ਏ ਕਿ ਦੁਨੀਆ ਜਿਵੇਂ ਚਲਦੀ ,ਉਸਦੇ ਨਾਲ ਚਲੋ। ਸ਼ਰਮ ਦੇ ਨਾਲ ਨਾਲ ਧਰਮ ਵੀ ਤਿਆਗ ਦਿੱਤਾ ਗਿਆ ਇਸ 21ਵੀਂ ਸਦੀ ਦੇ ਵਿਦਵਾਨਾਂ ਵੱਲੋਂ। ਕਹਿੰਦੇ ਨੇ ਧਰਮ ਨੂੰ ਇਕ ਪਾਸੇ ਰੱਖੋ ਤੇ ਮਨੋਰੰਜਨ ਨੂੰ ਇਕ ਪਾਸੇ , ਅਜਿਹੀ ਗੱਲ ਉਹ ਕਰਦੇ ਨੇ ਜਿਹਨਾਂ ਨੂੰ ਧਰਮ ਦੀ ਪਰਿਭਾਸ਼ਾ ਹੀ ਨਹੀਂ ਪਤਾ। ਹਰ ਇਨਸਾਨ ਖੁੱਲ੍ਹਾ ਖੁਲਾਸਾ ਜਿਉਣਾ ਚਾਹੁੰਦਾ ਹੈ ਜਿਵੇਂ ਕਿ ਪਿੱਛਲੇ ਲੇਖ ਵਿਚ ਵੀ ਇਸ ਬਾਰੇ ਵਿਸਥਾਰ ਨਾਲ ਲਿਖਿਆ ਗਿਆ ਸੀ ਕਿ ਮਨੁੱਖ ਖੁੱਲ੍ਹਾ ਖੁਲਾਸਾ ਕਿਉਂ ਰਹਿਣਾ ਚਾਹੁੰਦਾ ਹੈ। ਗੁਰਬਾਣੀ ਅਨੁਸਾਰ ਜੀਵਨ ਜਿਉਣ ਵਾਲਾ ਕਦੇ ਅਕਿਰਤਘਣ ਨਹੀਂ ਹੁੰਦਾ ਜਿਵੇਂ ਕਿ ਅੱਜ ਦੇ ਗਾਇਕ ਅਤੇ ਉਹਨਾਂ ਦੇ ਚੇਲੇ ਹੋ ਗਏ ਨੇ। ਗਾਇਕਾਂ ਨੂੰ ਸਿਰਫ ਆਪਣੇ ਮਨ ਨਾਲ ਮਤਲਬ ਹੁੰਦਾ ਹੈ , ਜਿਵੇਂ ਦਾ ਉਹਨਾਂ ਦਾ ਮਨ ਸੋਚਦਾ ਹੈ ਉਹ ਉਦਾਂ ਦਾ ਗੀਤ ਲਿਖ ਕੇ ਗਾਏਗਾ ਅਤੇ ਉਹਨਾਂ ਦੇ ਚੇਲੇ ਵੀ ਸਿਰਫ ਮਨ ਤਕ ਸੀਮਤ ਰਹਿ ਕੇ ਸੋਚਦੇ ਨੇ ਕਿ ਇਹ ਜੋ ਗਾਇਆ ਹੈ ਸਭ ਬਹੁਤ ਵਧੀਆ ਗਾਇਆ ਏ। ਮਨ ਦੀ ਗੱਲ ਸੁਣਨ ਵਾਲੇ ਨੂੰ ਗੁਰਬਾਣੀ ਅਨੁਸਾਰ ਮਨਮੁਖ ਕਿਹਾ ਜਾਂਦਾ ਹੈ। ਦੂਜੇ ਪਾਸੇ ਗੁਰਮਤਿ ਅਨੁਸਾਰ ਜੀਵਨ ਜਿਉਣ ਵਾਲੇ ਨੂੰ ਸਿਰਫ ਉਸ ਦੇ ਵਿਚਾਰ ਅਤੇ ਗੀਤ ਪਸੰਦ ਆਉਂਦੇ ਨੇ ਜੋ ਗੁਰਮਤਿ ਦੇ ਅਧਾਰ ਤੇ ਹਰ ਗੱਲ ਕਰਦਾ ਹੈ। ਅਸੀਂ ਗੁਰੂ ਗਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਸਿਰਫ ਆਪਣੇ ਸੁਖ ਅਤੇ ਹੋਰ ਚੀਜ਼ਾਂ ਮੰਗਣ ਤਕ ਸੀਮਤ ਰਹਿ ਗਏ ਹਾਂ, ਮੰਗਣਾ ਤਾਂ ਚਲੋ ਉਸ ਪਰਮੇਸ਼ਰ ਕੋਲੋਂ ਹੀ ਹੈ ਪਰ ਸਾਨੂੰ ਜੇ ਮੱਥਾ ਟੇਕਣ ਦਾ ਮਤਲਬ ਸਿਖਾਇਆ ਜਾਂਦਾ ਤਾਂ ਸ਼ਾਇਦ ਅੱਜ ਅਸੀਂ ਗੀਤਕਾਰਾਂ ਦੇ ਪਿੱਛੇ ਲਗ ਕੇ ਉਹਨਾਂ ਦੇ ਚੇਲੇ ਨਾ ਬਣਦੇ। ਮੱਥਾ ਟੇਕਣਾ ਸੀ ਮਨ ਦਾ ਤੇ ਅਸੀਂ ਸੀਸ ਝੁਕਾਉਣ ਨੂੰ ਹੀ ਮੱਥਾ ਟੇਕਣਾ ਸਮਝ ਲਿਆ। ਮਨ ਨੀਵਾਂ ਤੇ ਮੱਤ ਉੱਚੀ ਦੀ ਅਸੀਂ ਨਿੱਤ ਅਰਦਾਸ ਕਰਦੇ ਹਾਂ ਪਰ ਅੱਜ ਸਾਨੂੰ ਵਿਦਵਾਨਾਂ ਵੱਲੋਂ ਲੱਚਰਤਾ ਦੇ ਖਿਲਾਫ ਬੋਲਣ ਤੇ ਸਿਖਾਇਆ ਜਾਂਦਾ ਏ ਕਿ ਸੋਚ ਉੱਚੀ ਕਰੋ, ਕਿਥੇ ਤੁਸੀਂ 17ਵੀਂ ਸਦੀ ਵਿਚ ਜਿਉਂਦੇ ਪਏ ਓ ?? 
ਵੀਰੋ ਮੰਨਦਾ ਹਾਂ ਕਿ ਵਿਗਿਆਨੀ ਚੰਨ ਤੇ ਪਹੁੰਚ ਗਏ ਪਰ ਉਸਦੀ ਪ੍ਰਾਪਤੀ ਕੀ ਹੋਈ ? ਸਾਨੂੰ ਉਹਨਾਂ ਦੀਆਂ ਇਹ ਚੰਨ ਵਾਲੀਆਂ ਖੋਜਾਂ ਨਾਲ ਕੋਈ ਫਾਇਦਾ ਨਾ ਕਦੇ ਹੋਇਆ ਤੇ ਨਾ ਹੀ ਕਦੇ ਹੋਣਾ। ਜੇ ਸਾਨੂੰ ਪੱਛਮੀ ਸੱਭਿਅਤਾ ਵਾਲੇ ਕਹਿ ਦੇਣ ਕਿ ਪਾਟੀਆਂ ਪੈਂਟਾਂ ਤੇ ਸ਼ਰਟਾਂ ਪਾਓ ਤਾ ਅਸੀਂ ਉਸਨੂੰ ਨਵਾਂ ਫੈਸ਼ਨ ਸਮਝ ਕੇ ਬਹੁਤ ਖੁਸ਼ੀ ਖੁਸ਼ੀ ਅਪਣਾਉਂਦੇ ਆ। ਕਈ ਗੀਤਕਾਰ ਕਹਿੰਦੇ ਨੇ ਪੈਂਟਾਂ ਸ਼ਰਟਾਂ ਜੇਕਰ ਵੈਸਟਰਨ ਪਾਈਆਂ ਨੇ ਤਾ ਸਾਡੇ ਪੰਜਾਬ ਦੇ ਹਾਲਾਤ ਕਿਉਂ ਨਹੀਂ ਉਦਾ ਦੇ ਹੋ ਸਕਦੇ , ਕਹਿੰਦੇ ਨੇ ਕਿ ਸਮੇ ਦੇ ਨਾਲ ਨਾਲ ਬਦਲਣਾ ਪੈਂਦਾ ਹੈ। ਵੀਰੋ ਤੇ ਭੈਣੋ ਤੁਹਾਨੂੰ ਤੁਹਾਡੀ ਵੈਸਟਰਨ ਵਿਦਵਾਨਾਂ ਵਾਲੀ ਸੋਚ ਮੁਬਾਰਕ ਅਤੇ ਇਕ ਬੇਨਤੀ ਹੈ ਕਿ ਗੁਰੂ ਗਰੰਥ ਸਾਹਿਬ ਜੀ ਦਾ ਸਹਾਰਾ ਨਾ ਲਿਆ ਕਰੋ। ਕਿਉਂਕਿ ਗੀਤਕਾਰ ਪਹਿਲਾਂ ਸ਼ਬਦ ਸੁਣਾਉਂਦੇ ਨੇ ਤੇ ਫਿਰ ਲੱਚਰਤਾ ਭਰਪੂਰ ਗੀਤ ਸੁਣਾਉਂਦੇ ਨੇ। ਪਹਿਲਾਂ ਰੱਬ ਦਾ ਸਹਾਰਾ ਲੈ ਲੈਂਦੇ ਨੇ ਤੇ ਫਿਰ ਰੱਬ ਨੂੰ ਕਹਿੰਦੇ ਨੇ ਕਿ ਤੂੰ ਗੁਰੁਦੁਆਰੇ, ਮੰਦਿਰ , ਮਸਜਿਦ ਵਿਚ ਰਹਿ ਤੇ ਸਾਨੂੰ ਆਪਣਾ ਮਨੋਰੰਜਨ ਕਰਨ ਦੇ। ਜੇ ਕੋਈ ਗੁਰਸਿੱਖ ਇਹਨਾਂ ਨੂੰ ਗੁਰਬਾਣੀ ਦੁਆਰਾ ਸਮਝਾਉਂਦਾ ਹੈ ਤਾਂ ਇਹ ਲੋਕ ਉਸ ਗੁਰਸਿੱਖ ਨੂੰ ਕਹਿੰਦੇ ਨੇ ਕਿ ਤੂੰ ਗੁਰਬਾਣੀ ਦਾ ਸਹਾਰਾ ਨਾ ਲੈ। ਵੀਰੋ ਗੁਰੂ ਦੇ ਸਿੱਖ ਨੂੰ ਗੁਰਬਾਣੀ ਦਾ ਹੀ ਆਸਰਾ ਹੁੰਦਾ ਹੈ। 
ਸੱਚ ਤੋਂ ਪਤਾ ਨਹੀਂ ਕਿਉਂ ਡਰਦੇ ਨੇ , ਇਕ ਪਾਸੇ ਗੱਲ ਕਿਉਂ ਨਹੀਂ ਲਾਉਂਦੇ ਇਹ ਲੋਕ ?? ਜਾਂ ਤਾਂ ਇਹ ਗੁਰੂ ਗਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਬਣਾਉਣ ਨਹੀਂ ਤਾਂ ਆਪਣਾ ਗੁਰੂ ਚਮਕੀਲੇ ਵਰਗੇ ਸਾਕਤ ਨੂੰ ਬਣਾ ਲੈਣ। ਜੇ ਕਿਸੇ ਨੇ ਵਿਚਾਰ ਕਰਨੀ ਹੋਵੇ ਤਾਂ ਗੁਰਬਾਣੀ ਦੇ ਅਧਾਰ ਤੇ ਜਦੋਂ ਮਰਜੀ ਵਿਚਾਰ ਕਰ ਲੈਣ। ਗੁਰਬਾਣੀ ਦਾ ਜੋ ਫੁਰਮਾਨ ਹੈ ਉਹ ਅਟੱਲ ਅਤੇ ਸੱਚ ਹੈ , ਜੇਕਰ ਕਿਸੇ ਨੇ ਗੁਰੂ ਦੀ ਗੱਲ ਨੂੰ ਇਕ ਪਾਸੇ ਰੱਖ ਕੇ ਆਪਣੇ ਮਨੋਰੰਜਨ ਦੇਖਣੇ ਨੇ ਤਾਂ ਉਹ ਜਰਾ ਗੁਰਬਾਣੀ ਜਰੂਰ ਪੜ੍ਹਨ। ਗੀਤ ਗਾਉਣ ਜਾਂ ਸੁਣਨ ਬਾਰੇ ਪਹਿਲਾਂ ਵਾਲੇ ਲੇਖਾਂ ਵਿਚ ਸਾਂਝਾ ਕਰ ਚੁੱਕੇ ਹਾਂ ਅਤੇ ਗੁਰਬਾਣੀ ਅਨੁਸਾਰ ਉਸ ਪਰਮੇਸ਼ਰ ਦਾ ਸੱਚਾ ਸਿੱਖ ਕੌਣ ਹੈ ਇਸ ਬਾਰੇ ਪਹਿਲਾਂ ਵੀ ਲੇਖ ਵਿਚ ਸਾਂਝਾ ਕਰ ਦਿੱਤਾ ਹੈ। ਜੇਕਰ ਕੋਈ ਗੁਰਸਿੱਖ, ਗੀਤਕਾਰਾਂ ਦੇ ਖਿਲਾਫ ਬੋਲਦਾ ਹੈ ਤਾਂ ਉਸ ਗੁਰਸਿੱਖ ਨੂੰ ਕੁਝ ਕਹਿਣ ਤੋਂ ਪਹਿਲਾਂ ਇਹ ਸੋਚ ਲਿਓ ਕਿ ਉਹ ਆਪਣੇ ਗੁਰੂ ਦੀ ਗੱਲ ਹੀ ਤੁਹਾਡੇ ਅੱਗੇ ਰੱਖ ਰਿਹਾ ਹੁੰਦਾ ਏ। ਗੁਰਬਾਣੀ ਉੱਪਰ ਸ਼ੰਕਾ ਕਰਨ ਤੋਂ ਪਹਿਲਾਂ ਗੁਰਬਾਣੀ ਪੜ੍ਹ ਕੇ ਵਿਚਾਰ ਲਈਏ ਅਤੇ ਜੀਵਨ ਸਿਰਫ ਗੁਰੂ ਦੇ ਲੇਖੇ ਲਾਈਏ ਨਾ ਕਿ ਕਿਸੇ ਦੇਹਧਾਰੀ ਗੀਤਕਾਰ ਜਾਂ ਫਿਰ ਬਾਬੇ ਦੇ। ਚਲਦਾ ..
#Khalsa_Empire