Monday, 7 November 2016

ਗੁਰ ਉਪਦੇਸਿ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਦੁਖ ਲਾਥੇ ॥

ਗੱਲ ਕਰਦੇ ਹਾਂ ਜੀ ਅੱਜ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਉਪਦੇਸ਼ਾਂ ਦੀ ਜੋ ਸਾਨੂੰ ਜੀਵਨ ਉੱਪਰ ਲਾਗੂ ਕਰਨੇ ਚਾਹੀਦੇ ਸੀ ਪਰ ਅਸੀਂ ਆਪਣੀ ਲੋੜ ਮੁਤਾਬਿਕ ਆਪਣੀ ਪਸੰਦ ਦੇ ਸ਼ਬਦ ਸਭ ਸਾਹਮਣੇ ਪੇਸ਼ ਕਰਦੇ ਰਹਿੰਦੇ ਹਾਂ। ਜਿਵੇਂ :-

" ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥ "


ਹੁਣ ਇਹ ਸ਼ਬਦ ਦੀ ਬਹੁਤ ਬੇਅਦਬੀ ਹੋ ਰਹੀ ਹੈ ਕਿਉਂਕਿ ਗੁਰੂ ਸਾਹਿਬ ਜੀ ਦੇ ਇਸ ਫੁਰਮਾਨ ਨੂੰ ਅਸੀਂ ਲੋਕਾਂ ਨੇ ਵਿਆਹ ਦੇ ਕਾਰਡਾਂ ਉੱਪਰ ਅਤੇ ਹੋਰ ਕਈ ਦੁਨਿਆਵੀ ਖੁਸ਼ੀਆਂ ਵਾਲੇ ਕਾਰਜਾਂ ਵਿਚ ਵਰਤਣਾ ਸ਼ੁਰੂ ਕਰ ਦਿੱਤਾ। ਜੇ ਦੇਖਿਆ ਜਾਵੇ ਤਾਂ ਇਸ ਸ਼ਬਦ ਵਿਚ ਇੱਕ ਸ਼ਰਤ ਵੀ ਲਾਗੂ ਕੀਤੀ ਗਈ ਹੈ ਜਿਵੇਂ ਗੁਰੂ ਜੀ ਨੇ " ਜੇ " ਸ਼ਬਦ ਦੀ ਵਰਤੋਂ ਕਰਕੇ ਇਹ ਕਿਹਾ ਹੈ ਕਿ ਲੱਖਾਂ ਖੁਸ਼ੀਆਂ (ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ) ਤੇਰੇ ਕੋਲ ਹੋਣਗੀਆਂ ਜੇ ਸਤਿਗੁਰੂ ਜੀ ਆਪਣੀ ਦਇਆ- ਦ੍ਰਿਸ਼ਟੀ (ਕਿਰਪਾ) ਸਾਡੇ ਉੱਪਰ ਕਰਨਗੇ। ਇਸ ਸ਼ਬਦ ਵਿਚ ਵਰਤਿਆ ਗਿਆ " ਜੇ " ਸ਼ਬਦ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਸਤਿਗੁਰੂ ਜੀ ਦੀ ਕਿਰਪਾ ਵੀ ਫਿਰ ਹੀ ਹੋਵੇਗੀ ਜੇ ਅਸੀਂ ਗੁਰੂ ਜੀ ਦੇ ਦਿੱਤੇ ਉਪਦੇਸ਼ਾਂ ਉੱਪਰ ਚੱਲਾਂਗੇ। ਗੁਰੂ ਜੀ ਦੇ ਸਿੱਖ (ਸਟੂਡੈਂਟ, ਸਿਖਿਆਰਥੀ) ਨੂੰ ਰਹਿਤ ਵਿਚ ਰਹਿਣਾ ਬਹੁਤ ਜਰੂਰੀ ਹੈ ਅਤੇ ਇਹ ਰਹਿਤਾਂ ਸਾਨੂੰ ਗੁਰੂ ਸਾਹਿਬਾਨ ਵੱਲੋਂ ਦੱਸੀਆਂ ਗਈਆਂ ਨੇ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਵੱਲੋਂ ਦੱਸੀਆਂ ਰਹਿਤਾਂ ਉੱਪਰ ਚੱਲੀਏ ਅਤੇ ਦੁਨੀਆ ਵੱਲੋਂ ਸ਼ੁਰੂ ਕੀਤੀਆਂ ਖੁਦ ਦੀਆਂ ਮਨਮੱਤਾਂ ਨੂੰ ਦੂਰ ਰੱਖਣ ਲਈ ਗੁਰਬਾਣੀ ਦੇ ਲੜ ਲੱਗੀਏ। ਗੁਰੂ ਸਾਹਿਬ ਜੀ ਦਾ ਸਿੱਖ ਵੀ ਓਹੀ ਹੈ ਜੋ ਗੁਰੂ ਜੀ ਦੀ ਕਹੀ ਗੱਲ ਉੱਪਰ ਚਲਦਾ ਹੈ ਜਿਵੇਂ ਕਿ ਗੁਰੂ ਜੀ ਫੁਰਮਾਉਂਦੇ ਨੇ :-


" ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ 

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ "

ਸਾਫ ਸ਼ਬਦਾਂ ਵਿਚ ਸਤਿਗੁਰੂ ਜੀ ਸਾਨੂੰ ਇਹ ਦ੍ਰਿੜ੍ਹ ਕਰਵਾ ਰਹੇ ਨੇ ਕਿ ਜੋ ਸਤਿਗੁਰੂ ਜੀ ਦਾ ਸਿੱਖ ਹੈ ਉਹ ਰੋਜ ਸਵੇਰੇ ਉੱਠ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ ,ਹਰ ਰੋਜ ਸਵੇਰੇ ਉਦਮ ਕਰਕੇ ਇਸ਼ਨਾਨ ਕਰਦਾ ਹੈ ਅਤੇ ਪ੍ਰਭੂ ਦੇ ਨਾਮ ਰੂਪੀ ਸਰੋਵਰ ਵਿਚ ਟੁੱਬੀ ਲਗਾਉਂਦਾ ਹੈ। 

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬ ਤਾਂ ਕਹਿ ਰਹੇ ਨੇ ਜੋ ਇਸ ਤਰਾਂ ਰਹਿੰਦਾ ਹੈ ਓਹੀ ਸਤਿਗੁਰੂ ਜੀ ਦਾ ਸਿੱਖ ਅਖਵਾਉਂਦਾ ਹੈ ਪਰ ਅਸੀਂ ਜੇ ਆਪਣੇ ਵੱਲ ਝਾਤ ਮਾਰ ਕੇ ਦੇਖੀਏ ਕਿ, ਕੀ ਅਸੀਂ ਸੱਚਮੁੱਚ ਹੀ ਗੁਰੂ ਦੇ ਸਿੱਖ ਹਾਂ ਜਾਂ ਸਿਰਫ ਲੋਕਾਂ ਨੂੰ ਇਹ ਦ੍ਰਿੜ੍ਹ ਕਰਵਾਉਣ ਵਿਚ ਵਿਅਸਤ ਹਾਂ ਕਿ ਮੈਂ ਹੀ ਸਿੱਖ ਹਾਂ ਜੀ ਬਾਕੀ ਤਾਂ ਸਭ ਗਲਤ ਹੀ ਨੇ। ਵੈਸੇ ਵੀ ਦਾਸ ਵਰਗੇ ਬਥੇਰੇ ਨੇ ਜੋ ਰੋਜ ਸੋਸ਼ਲ ਮੀਡੀਆ ਉੱਪਰ ਰੌਲਾ ਪਾਉਂਦੇ ਨੇ ਕਿ ਅਸੀਂ ਛੱਚ ਦਾ ਪ੍ਰਚਾਰ ਕਰਦੇ ਹਾਂ । ਖੈਰ !! ਜੇ ਕਿਧਰੇ ਚੰਗਿਆਈ ਹੈ ਤਾਂ ਉਥੇ ਬੁਰਿਆਈ ਵੀ ਹੁੰਦੀ ਹੀ ਹੈ ਤੇ ਸਾਨੂੰ ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗੁਰੂ ਜੀ ਵੱਲੋਂ ਦੱਸੇ ਗਏ ਰਾਹ ਉੱਪਰ ਚੱਲ ਸਕੀਏ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅਰਦਾਸ ਕਰਿਆ ਕਰੋ ਰੋਜ ਕਿ ਸਤਿਗੁਰੂ ਜੀ ਦੁਨਿਆਵੀ ਉਲਝੇਵਿਆਂ ਤੋਂ ਮੁਕਤ ਕਰਨ ਲਈ ਸਾਨੂੰ ਸੋਝੀ ਅਤੇ ਉੱਦਮ ਬਖਸ਼ਿਸ਼ ਕਰੋ ਅਤੇ ਅਸੀਂ ਤੁਹਾਡੇ ਉਪਦੇਸ਼ ਉੱਪਰ ਚੱਲ ਸਕੀਏ।
ਦਾਸ : ਮੰਗਲਦੀਪ ਸਿੰਘ

No comments:

Post a Comment