Wednesday, 18 January 2017

ਭਗਤਾ ਕੀ ਚਾਲ ਨਿਰਾਲੀ ॥

ਅਸੀਂ ਸੰਸਾਰੀ ਲੋਕ ਸਰੀਰ ਦੇ ਤਲ ਤੇ ਹੀ ਜਿਉਂਦੇ ਹਾਂ , ਸਰੀਰ ਦੇ ਤਲ ਤੇ ਹੀ ਇਕ ਦੂਜੇ ਨਾਲ ਰਿਸ਼ਤੇ ਰੱਖਦੇ ਹਾਂ (ਮਾਂ ਬਾਪ ਭੈਣ ਭਾਈ ਆਦਿਕ) , ਸਰੀਰ ਹੈ ਤਾਂ ਸਾਨੂੰ ਦਿਖਾਈ ਦਿੰਦੇ ਨੇ , ਸਰੀਰ ਖਾਤਿਰ ਹੀ ਅਸੀਂ ਕਮਾਈ ਕਰਦੇ ਹਾਂ , ਸਰੀਰ ਦਾ ਹੀ ਪਹਿਨਣ ਖਾਣ ਹੈ , ਸਰੀਰ ਦਾ ਹੀ ਦੁੱਖ ਸੁਖ ਹੈ ਪਰ ਭਗਤਾਂ ਦਾ ਨਹੀਂ ਸਰੀਰ ਦਾ। ਭਗਤਾਂ ਦਾ ਆਤਮਾ ਨਾਲ ਹੈ। ਆਤਮਾ ਦਿਖਾਈ ਨੀ ਦਿੰਦੀ ਪਰ ਭਗਤ ਆਤਮਾ ਦੇ ਤਲ ਤੇ ਹੀ ਜਿਉਂਦੇ ਨੇ , ਆਤਮਾ ਤੇ ਹੀ ਦੁੱਖ ਸੁਖ ਦੀ ਗੱਲ ਕਰਦੇ ਨੇ , ਚਿੰਤਾ ਕਰਦੇ ਨੇ , ਫਿਕਰ ਕਰਦੇ ਨੇ। ਆਤਮਾ ਨੇ ਸਰੀਰ ਛੱਡ ਕੇ ਕਿਥੇ ਜਾਣਾ ਹੈ ਉਹਦਾ ਫਿਕਰ ਹੈ , ਸੰਸਾਰ ਦਾ ਫਿਕਰ ਨੀ ਉਹਨਾਂ ਨੂੰ। ਜਨਮ ਕਿਉਂ ਹੋਇਆ ? ਕੀ ਲੈਣ ਆਏ ਹਾਂ , ਇਹ ਉਹਨਾਂ ਦਾ ਨਿਸ਼ਾਨਾ ਹੈ। ਜੋ ਕੁਛ ਲੈਣ ਆਏ ਹਾਂ ਉਹੀ ਖਰੀਦਣਾ ਹੈ " ਜਾ ਕਉ ਆਏ ਸੋਈ ਬਿਹਾਝਹੁ " , ਪਰ ਅਸੀਂ ਜੋ ਸੰਸਾਰ ਖਰੀਦ ਰਿਹੈ ਜਾਂ ਸੰਸਾਰ ਕਰ ਰਿਹੈ , ਦੇਖ ਕੇ ਓਦਾਂ ਹੀ ਕਰਨ ਲੱਗ ਜਾਂਦੇ ਹਾਂ। ਸੰਸਾਰੀ ਲੋਕ , ਜੋ ਸੰਸਾਰ ਕਰ ਰਿਹੈ ਹੁੰਦਾ ਜਨਮ ਲੈ ਕੇ ਉਹੀ ਕਰਨ ਲੱਗ ਜਾਂਦੇ ਨੇ। ਇਥੋਂ ਭਗਤਾਂ ਤੇ ਸੰਸਾਰੀਆਂ ਦੇ ਰਾਹ ਵੱਖਰੇ ਵੱਖਰੇ ਹੋ ਜਾਂਦੇ ਨੇ। ਭਗਤਾਂ ਦੇ ਰਾਹ ਨਿਰਾਲੇ ਹੋ ਜਾਂਦੇ ਨੇ , ਸੋਚ ਹੀ ਨਿਰਾਲੀ ਹੁੰਦੀ ਐ। ਸੰਸਾਰ ਦੇ ਨਾਲ ਭਗਤ ਨੀ ਚਲਦੇ , ਭਗਤਾਂ ਦੇ ਨਾਲ ਸੰਸਾਰ ਨੀ ਚਲਦਾ। ਭਗਤਾਂ ਦੀ ਗੱਲ ਸੰਸਾਰ ਨਹੀਂ ਮੰਨਦਾ। ਭਗਤਾਂ ਨੂੰ ਸੰਸਾਰ ਚੰਗਾ ਕਹਿੰਦਾ ਐ ,ਬਾਅਦ ਦੇ ਵਿਚ। ਉਦੋਂ ਨੀ ਕਹਿੰਦੇ ਜਦੋ ਭਗਤ ਹੁੰਦੇ ਨੇ , ਬਹੁਤ ਘੱਟ ਕਹਿੰਦੇ ਨੇ ਜੋ ਪਹਿਚਾਣ ਕਰ ਲੈਂਦੇ ਨੇ , ਬਾਕੀ ਨੀ ਕਹਿੰਦੇ। ਕਿਉਂਕਿ ਕੌੜੀਆਂ ਗੱਲਾਂ ਕਰਦੇ ਨੇ ਭਗਤ , ਭਗਤਾਂ ਦੀਆਂ ਗੱਲਾਂ ਸੰਸਾਰੀ ਲੋਕਾਂ ਨੂੰ ਚੰਗੀਆਂ ਨਹੀਂ ਲਗਦੀਆਂ। ਸੰਸਾਰੀ ਲੋਕ ਫਿਰ ਉਸਨੂੰ ਸ਼ੁਦਾਈ, ਪਾਗਲ, ਮੂਰਖ ਕਹਿੰਦੇ ਨੇ , ਇਹ ਨੀ ਸੋਚਦੇ ਕਿ ਜੇ ਭਗਤ ਕੁਛ ਕਹਿੰਦਾ ਹੈ , ਉਹ ਤਾਂ ਹੀ ਕਹਿੰਦਾ ਹੈ ਕਿ ਇਹ ਲੋਕ ਵੀ ਸੰਵਾਰ ਲੈਣ ਆਪਣਾ ਕੁਛ ਪਰ ਸੰਸਾਰੀ ਲੋਕਾਂ ਨੂੰ ਉਹ ਚੰਗਾ ਨੀ ਲਗਦਾ। ਸੰਸਾਰੀਆਂ ਨੂੰ ਇੱਜ਼ਤ ਚੰਗੀ ਲਗਦੀ ਏ ,ਚਾਹੇ ਉਹ ਪੁੱਠਾ ਕੰਮ ਕਰਨ ਚਾਹੇ ਸਿੱਧਾ ਪਰ ਉਹਨਾਂ ਨੂੰ ਇੱਜ਼ਤ ਚਾਹੀਦੀ ਹੈ। ਚਾਹੁੰਦੇ ਨੇ ਕਿ ਐਸਾ ਬੋਲੋ ਜੋ ਸਾਨੂੰ ਚੰਗਾ ਲਗਦਾ ਏ ਪਰ ਗੁਰਬਾਣੀ ਦੀ ਬੋਲੀ ਐਸੀ ਨਹੀਂ ਜੋ ਸੰਸਾਰੀਆਂ ਨੂੰ ਚੰਗੀ ਲੱਗੇ। ਭਾਵੇਂ ਭਗਤ ਉਹਨਾਂ ਨੂੰ ਮਿੱਠੇ ਬੋਲ ਕਹਿੰਦੇ ਨੇ ਪਰ ਸੰਸਾਰ ਨੂੰ ਮਿੱਠੇ ਨਹੀਂ ਲਗਦੇ। ਜੇ ਮਿੱਠੇ ਲਗਦੇ, ਤਾਂ ਮੰਨਦੇ ਵੀ ਉਹਨਾਂ ਨੂੰ। ਮਿਠੀਆਂ ਤਾਂ ਉਹ ਚੀਜ਼ਾਂ ਲਗਦੀਆਂ ਨੇ ਜਿਹਨਾਂ ਵਿਚ ਲੋਭ , ਲਾਲਚ , ਕਾਮ ਆਦਿਕ ਵਿਕਾਰ ਬੋਲਦੇ ਨੇ। ਬਾਣੀ ਤਾਂ ਕੋਈ ਸੁਣ ਕੇ ਰਾਜੀ ਨੀ , ਭੋਗ ਤੇ ਆਨੰਦ ਕਾਰਜਾਂ ਵਾਸਤੇ ਹੀ ਵਰਤਦੇ ਨੇ ਗੁਰਬਾਣੀ ਨੂੰ , ਸੁਣਨ ਵਿਚ ਤਾਂ ਧਿਆਨ ਰਹਿੰਦਾ ਨੀ ਸੰਸਾਰੀ ਲੋਕਾਂ ਦਾ। ਧਿਆਨ ਰਹੂ ਵੀ ਕਿਵੇਂ ?? ਡਰ ਤਾਂ ਭਰਿਆ ਪਿਆ ਦਿਲ ਵਿਚ , ਵਿਕਾਰਾਂ ਵਿਚ ਤਾਂ ਘਿਰ ਚੁਕੇ ਨੇ , 15 ਮਿੰਟ ਵੀ ਬੈਠ ਕੇ ਗੁਰਬਾਣੀ ਦਾ ਪਾਠ ਪੜ੍ਹਨਾ ਸੁਣਨਾ ਚੰਗਾ ਨੀ ਲਗਦਾ ਪਰ ਜੇ ਡੀ.ਜੇ. ਲੱਗਿਆ ਹੋਵੇ ਉਥੋਂ ਉੱਠਣ ਨੂੰ ਦਿਲ ਨੀ ਕਰਦਾ ਤੇ ਗੁਰਬਾਣੀ ਜੋ ਮਿੱਠੀ ਹੈ ਉਥੇ ਬੈਠਣ ਨੂੰ ਦਿਲ ਨੀ ਕਰਦਾ। ਐਥੋਂ ਪਤਾ ਲਗਦਾ ਕਿ ਸਿੱਖ ਸਿਰਫ ਕਹਿਣ ਨੂੰ ਹੀ ਸਿੱਖ ਨੇ, ਸੰਸਾਰੀ ਮਾਇਆ ਨੇ ਘੇਰ ਲਿਆ ਅੱਜ ਦਾ ਸਿੱਖ। ਇਥੋਂ ਫਿਰ ਕਿਵੇਂ ਕਹਿ ਦੀਏ ਕਿ ਇਹਨਾਂ ਦੀ ਚਾਲ ਨਿਰਾਲੀ ਹੈ , ਇਹ ਤਾ ਸੰਸਾਰੀ ਚਾਲ ਚੱਲ ਰਹੇ ਨੇ ਅੱਜ। ਭਗਤਾਂ ਨੂੰ ਉਹ ਚੰਗਾ ਨੀ ਲਗਦਾ ਜੋ ਸੰਸਾਰ ਕਰਦਾ ਏ ਤੇ ਸੰਸਾਰ ਨੂੰ ਉਹ ਨਹੀਂ ਜੋ ਭਗਤ ਕਰਦੇ ਨੇ। ਭਗਤਾਂ ਦਾ ਸੱਚ ਖਾਣਾ , ਸੱਚ ਪਹਿਨਣਾ ਤੇ ਸੱਚ ਕਮਾਉਣਾ ਹੀ ਸਭ ਕੁਝ ਏ ਤੇ ਸੰਸਾਰੀ ਲੋਕਾਂ ਦਾ ਕੂੜ ਕਮਾਉਣਾ ਹੀ ਸਭ ਕੁਝ ਬਣ ਜਾਂਦਾ ਏ। ਸੰਸਾਰ ਕੂੜ ਕਮਾਉਂਦਾ , ਉਹ ਕਮਾਈ ਕਰਦਾ ਜੋ ਇਹਦੇ ਕੰਮ ਹੀ ਨਹੀਂ ਆਉਣੀ ਅਗਾਂਹ , ਜੋ ਆਤਮਾ ਦੇ ਕੋਈ ਕੰਮ ਈ ਨਹੀਂ ਆਉਣੀ। ਇਸ ਕਰਕੇ ਭਗਤਾਂ ਦੀ ਚਾਲ ਨਿਰਾਲੀ ਹੈ ਜਿਸ ਬਾਰੇ ਗੁਰੂ ਸਾਹਿਬ ਕਹਿੰਦੇ ਨੇ :
" ਭਗਤਾ ਕੀ ਚਾਲ ਨਿਰਾਲੀ ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ "
ਬਿਖਮ ਮਾਰਗ ਤੇ ਵੀ ਸਿਰਫ ਭਗਤ ਹੀ ਚੱਲ ਸਕਦੇ ਨੇ , ਆਪਣੇ ਵਰਗੇ ਸੰਸਾਰੀ ਲੋਕ ਨਹੀਂ। ਸਤਿਗੁਰੂ ਕਿਰਪਾ ਕਰਨ , ਸੁਮੱਤ ਬਖਸ਼ਣ ਸਾਡੇ ਵਰਗੇ ਔਗੁਣਆਰਿਆਂ ਨੂੰ ਤੇ ਆਪਣੇ ਚਰਨਾਂ ਨਾਲ ਜੋੜਨ।
ਦਾਸ : ਮੰਗਲਦੀਪ ਸਿੰਘ

No comments:

Post a Comment