Thursday, 15 December 2016

ਪੰਜਾਬ ਅਤੇ ਰਾਜਨੀਤਿਕ ਪਾਰਟੀਆਂ - ਭਾਗ (1)

ਪੰਜਾਬ ਵਿਚ ਇਸ ਸਮੇ ਬਹੁਤ ਮੁੱਦੇ ਉਠਾਏ ਜਾ ਚੁੱਕੇ ਨੇ ਜਿਹਨਾਂ ਦਾ ਹੱਲ ਕੋਈ ਵੀ ਰਾਜਨੀਤਿਕ ਪਾਰਟੀ ਨਹੀਂ ਕਰ ਸਕਦੀ ਚਾਹੇ ਉਹ 70 ਸਾਲਾਂ ਤੋਂ ਇਥੇ ਰਾਜਨੀਤੀ ਕਿਉਂ ਨਾ ਕਰ ਰਹੇ ਹੋਣ। 70 ਸਾਲਾਂ ਵਿਚ ਜੋ ਹੋਇਆ ਅਤੇ ਜੋ ਹੁਣ ਹੋ ਰਿਹਾ ਏ ਉਸ ਵਿਚ ਕੁਝ ਫਰਕ ਦਿਖਾਈ ਨੀ ਦੇ ਰਿਹਾ। ਲੋਕ ਭੁੱਲ ਚੁੱਕੇ ਨੇ ਕਿ ਭਾਰਤ ਵਿਚ ਲੋਕਤੰਤਰ ਸਰਕਾਰ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ ਨੇ ਸਭ ਨੂੰ ਭੱਜ ਨੱਠ ਵਿਚ ਲਗਾ ਰੱਖਿਆ ਹੈ ਤਾਂ ਜੋ ਲੋਕਾਂ ਦਾ ਧਿਆਨ ਸਾਡੇ ਦੁਆਰਾ ਕੀਤੀ ਜਾ ਰਹੀ ਰਾਜਨੀਤੀ ਵਾਲੇ ਪਾਸੇ ਨਾ ਜਾਵੇ। ਅਸੀਂ ਸਭ ਆਪਣੇ ਆਪ ਨੂੰ ਸਿਆਣੇ ਸਮਝੀ ਬੈਠੇ ਹਾਂ ਪਰ ਅਸਲ ਵਿਚ ਅਸੀਂ ਮੂਰਖ ਬਣਾਏ ਜਾ ਚੁੱਕੇ ਹਾਂ ਤੇ ਪਤਾ ਨਹੀਂ ਇਹ ਸਿਲਸਿਲਾ ਅਜੇ ਕਦੋ ਤੱਕ ਚਲੇਗਾ। ਅੰਗਰੇਜ ਰਾਜ ਕਰਨ ਆਏ ਤਾਂ ਉਹਨਾਂ ਨੇ ਵੀ ਸਾਡੀ ਸੋਚ ਦੇ ਮਿਆਰ ਦਾ ਅੰਦਾਜ਼ਾ ਲਗਾ ਕੇ ਸਾਡੀ ਸੋਚ ਨੂੰ ਗੁਲਾਮ ਬਣਾਉਣ ਤੇ ਜ਼ੋਰ ਦੇ ਦਿੱਤਾ। ਸਾਡੇ ਆਪਣੇ ਹੀ ਭੇਤੀਆਂ ਨੇ ਜੋ ਰਾਜਸੀ ਸੱਤਾ ਦੇ ਨਸ਼ੇ ਵਿਚ ਚੂਰ ਸਨ, ਉਹਨਾਂ ਨੇ ਅੰਗਰੇਜਾਂ ਦਾ ਸਾਥ ਦਿੱਤਾ। ਜਦੋਂ ਕੁਝ ਸੱਚੇ ਬੰਦਿਆਂ ਦੀ ਸੋਚ ਨੂੰ ਗੁਲਾਮ ਕਰਨ ਵਿਚ ਅੰਗਰੇਜ ਨਾ-ਕਾਮਯਾਬ ਹੋਏ ਤਾਂ ਉਹੀ ਲੋਕਾਂ ਨੇ ਮੋਰਚਾ ਖੋਲਿਆ ਦੇਸ਼ ਨੂੰ ਆਜ਼ਾਦ ਕਰਵਾਉਣ ਦਾ। ਦੇਸ਼ ਆਜ਼ਾਦ ਇਸ ਤਰਾਂ ਹੋਣਾ ਸੀ ਕਿ ਸਿਰਫ ਅੰਗਰੇਜ ਇਹ ਦੇਸ਼ ਛੱਡ ਕੇ ਚਲ ਜਾਣ ਪਰ ਇਹ ਗੱਲ ਸਮਝ ਤੋਂ ਬਾਹਰ ਸੀ ਕਿ ਵੰਡ ਪੰਜਾਬ ਦੀ ਕਿਉਂ ਕਰ ਦਿਤੀ ਗਈ ਅਤੇ ਸਭ ਵਿਚ ਇਹ ਪ੍ਰਚਾਰਿਆ ਗਿਆ ਕਿ ਭਾਰਤ ਦੀ ਵੰਡ ਹੋਈ ਹੈ। ਦਰਅਸਲ ਇਤਿਹਾਸ ਨੂੰ ਫਰੋਲ ਕੇ ਦੇਖਿਆ ਜਾਵੇ ਤਾਂ ਦਾਸ ਇਹ ਗੱਲ ਬੇਝਿਝਕ ਅਤੇ ਬਿਨਾ ਕਿਸੇ ਦੇ ਡਰ ਤੋਂ ਕਹੇਗਾ ਕਿ ਪੰਜਾਬ ਕਦੇ ਭਾਰਤ ਦਾ ਹਿੱਸਾ ਹੀ ਨਹੀਂ ਸੀ। ਇਹ ਹੁਣ ਦੀਆਂ ਨਹੀਂ ਉਦੋਂ ਦੀਆਂ ਗੱਲਾਂ ਨੇ ਜਦੋ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਸਾਡੇ ਉੱਪਰ ਉਸ ਸੋਚ ਦਾ ਦਬਾਵ ਪੈਣਾ ਸ਼ੁਰੂ ਹੋਗਿਆ ਜਿਹੜੀ ਸੋਚ ਗੁਰੂ ਕਾਲ ਦੇ ਸਮੇ ਤੋਂ ਹੀ ਚਲਦੀ ਆ ਰਹੀ ਸੀ ਕਿ ਸਿੱਖ ਹਿੰਦੂਆਂ ਦਾ ਹੀ ਸੁਧਰਿਆ ਹੋਇਆ ਰੂਪ ਨੇ ਮਤਲਬ ਕਿ ਸਿੱਖ ਹਿੰਦੂ ਹੀ ਨੇ। ਉਹਨਾਂ ਦੀ ਇਸ ਸੋਚ ਦਾ ਪੁਖਤਾ ਸਬੂਤ ਤਾਂ ਉਦੋਂ ਮਿਲਿਆ ਜਦੋ ਉਹਨਾਂ ਦੁਆਰਾ ਕਈ ਕਿਤਾਬਾਂ ਛਪਵਾ ਕੇ ਵੰਡੀਆਂ ਗਈਆਂ ਅਤੇ ਭਾਰਤ ਦੇ ਸੰਵਿਧਾਨ ਦੀ ਧਾਰਾ 25 ਬੀ ਵਿਚ ਇਹ ਲਿਖਿਆ ਗਿਆ ਕਿ ਸਿੱਖ ਕੇਸਾਧਾਰੀ ਹਿੰਦੂ ਨੇ। ਪਹਿਲੇ ਪਹਿਲ ਕੁਝ ਵੀ ਯਕੀਨ ਕਰਨਾ ਮੁਸ਼ਕਿਲ ਹੁੰਦਾ ਹੈ ਪਰ ਜਦੋ ਸਬੂਤ ਸਾਹਮਣੇ ਹੋਵੇ ਅਤੇ ਜਾਣ ਬੁਝ ਕੇ ਉਸ ਨੂੰ ਅਣਗੌਲਿਆ ਕਰ ਦਈਏ ਤਾਂ ਇਸ ਤੋਂ ਵੱਡੀ ਮੂਰਖਤਾ ਹੋਰ ਕਿਹੜੀ ਹੋ ਸਕਦੀ ਹੈ ?? ਸੋ ਗੱਲ ਪੰਜਾਬ ਦੀ ਵੰਡ ਤੋਂ ਨਹੀਂ ਇਸਤੋਂ ਵੀ ਪਹਿਲਾ ਸ਼ੁਰੂ ਹੋ ਚੁੱਕੀ ਸੀ ਜੋ ਪੰਜਾਬ ਨੂੰ ਕਿਸੇ ਤਰਾਂ ਆਪਣੇ ਵਿਚ ਸ਼ਾਮਿਲ ਕਰਕੇ ਪੰਜਾਬ ਦੀ ਜਮੀਨ , ਪੰਜਾਬ ਦੇ ਨੌਜਵਾਨ ਅਤੇ ਪੰਜਾਬ ਦੇ ਪਾਣੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਅੱਜ ਜੋ ਰਾਜਸੀ ਪਾਰਟੀਆਂ ਪੰਜਾਬ ਦੇ ਪਾਣੀ , ਜਮੀਨ ਅਤੇ ਨੌਜਵਾਨੀ ਨੂੰ ਬਚਾਉਣ ਦਾ ਰੌਲਾ ਪਾ ਰਹੀਆਂ ਨੇ ਕਦੇ ਇਹ ਹੀ ਪਾਰਟੀਆਂ ਨੇ ਇਹਨਾਂ ਸਭ ਚੀਜ਼ਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਕਦੇ ਪੰਜਾਬ ਉੱਪਰ ਜਰਨੈਲਾਂ ਦਾ ਰਾਜ ਹੋਇਆ ਕਰਦਾ ਸੀ ਅਤੇ ਉਸ ਸਮੇ ਕੋਈ ਤੱਤੀ ਹਵਾ ਵੀ ਪੰਜਾਬ ਵੱਲ ਜੇ ਰੁਖ ਕਰਦੀ ਸੀ ਤਾਂ ਉਹ ਜਰਨੈਲ ਹਵਾ ਦਾ ਰੁਖ ਮੋੜ ਕੇ ਸਾਹ ਲੈਂਦੇ ਸਨ। ਉਹਨਾਂ ਨੇ ਕਦੇ ਅਜਿਹੀ ਰਾਜਨੀਤੀ ਕਰਨ ਬਾਰੇ ਨਹੀਂ ਸੋਚਿਆ ਕਿ ਅਸੀਂ ਲੋਕਾਂ ਨੂੰ ਆਪਣੀ ਰਾਜਸੀ ਸ਼ਕਤੀ ਦੁਆਰਾ ਗੁਲਾਮ ਬਣਾ ਕੇ ਰੱਖੀਏ। ਉਹਨਾਂ ਦੇ ਸਮੇ ਲੋਕ ਵੀ ਬਹੁਤ ਸਾਥ ਦਿੰਦੇ ਸਨ ਉਹਨਾਂ ਦਾ ਕਿਉਂਕਿ ਲੋਕਾਂ ਨੂੰ ਇਸ ਚੀਜ਼ ਨਾਲ ਮਤਲਬ ਨਹੀਂ ਸੀ ਹੁੰਦਾ ਕਿ ਸਾਡੀ ਥਾਣੇ ਦਰਬਾਰੇ ਬਣੀ ਰਹੇ ਅਤੇ ਅਸੀਂ 2 ਨੰਬਰ ਦਾ ਕੰਮ ਜਿਵੇਂ ਮਰਜੀ ਕਰੀ ਜਾਈਏ। ਇਹ ਸੋਚ ਤਾਂ ਅੱਜ ਦੇ ਲੋਕਾਂ ਵਿਚ ਚਲ ਰਹੀ ਹੈ ਤੇ ਇਸ ਵਿਚ ਕੋਈ ਸ਼ੱਕ ਨਹੀਂ। ਬਾਕੀ ਅਗਲੇ ਪੜਾਅ ਵਿਚ ਲਿਖਾਂਗੇ .... ਚਲਦਾ #Khalsa_Empire

No comments:

Post a Comment