Wednesday 21 December 2016

ਪੰਜਾਬ ਅਤੇ ਰਾਜਨੀਤਿਕ ਪਾਰਟੀਆਂ - ਭਾਗ (3)

ਗੱਲ ਕਰ ਰਹੇ ਸੀ ਪਰੰਪਰਾਵਾਦੀ ਲੋਕਾਂ ਦੀ ਜੋ ਆਪਣੀ ਪਰੰਪਰਾ ਨੂੰ ਪੂਰੇ ਦੇਸ਼ ਵਿਚ ਫੈਲਾਉਣਾ ਚਾਹੁੰਦੇ ਨੇ। ਸੋ ਉਹਨਾਂ ਲਈ ਸਭ ਤੋਂ ਮੁਸ਼ਕਿਲ ਹੈ ਆਪਣੀ ਪਰੰਪਰਾ ਨੂੰ ਪੰਜਾਬ ਵਿਚ ਲਾਗੂ ਕਰਨਾ ਕਿਉਂਕਿ ਪੰਜਾਬ ਵਿਚ ਜਿਆਦਾਤਰ ਅਬਾਦੀ ਸਿਖਾਂ ਦੀ ਹੈ ਅਤੇ ਸਿੱਖ ਕਿਸੇ ਪਰੰਪਰਾ ਉੱਪਰ ਚੱਲਣ ਦੀ ਬਜਾਏ ਆਪਣੇ ਗੁਰੂ ਵੱਲੋਂ ਦੱਸੇ ਮਾਰਗ ਤੇ ਚਲਦਾ ਹੈ। ਬਦਕਿਸਮਤੀ ਹੈ ਕਿ ਅੱਜ 70 ਫੀਸਦੀ ਤੋਂ ਵੱਧ ਸਿੱਖ ਲੋਕ ਉਸ ਪਰੰਪਰਾ ਦਾ ਕਿਸੇ ਨਾ ਕਿਸੇ ਜਰੀਏ ਸ਼ਿਕਾਰ ਹੋ ਚੁਕੇ ਨੇ ਅਤੇ ਇਸ ਦਾ ਕਾਰਨ ਸਿਰਫ ਇਹੀ ਹੈ ਕਿ ਸਿੱਖ ਨੂੰ ਉਸਦੇ ਸਿਧਾਤਾਂ ਤੋਂ ਤੋੜ ਦਿੱਤਾ ਗਿਆ। ਸਿਧਾਂਤਾਂ ਤੋਂ ਦੂਰ ਕਰਨ ਲਈ ਸਿੱਖ ਨੂੰ ਗੁਰਬਾਣੀ ਨਾਲੋਂ ਤੋੜਿਆ ਗਿਆ ਅਤੇ ਫਿਰ ਸਿੱਖੀ ਭੇਸ ਵਿਚ ਲੋਕ ਸਿਖਾਂ ਦੇ ਵਿਚ ਰਲਾ ਦਿਤੇ ਗਏ ਜਿਹਨਾਂ ਨੇ ਉਸ ਪਰੰਪਰਾਵਾਦੀ ਲੋਕਾਂ ਦੀ ਮੱਤ ਦਾ ਹੋਲੀ ਹੋਲੀ ਪ੍ਰਚਾਰ ਸ਼ੁਰੂ ਕਰਕੇ ਕੁਝ ਅਜਿਹੀਆਂ ਪਰੰਪਰਾਵਾਂ ਸਿਖਾਂ ਵਿਚ ਮਿਲਾ ਦਿਤੀਆਂ ਕਿ ਅੱਜ ਇਹ ਪਤਾ ਨਹੀਂ ਚੱਲ ਰਿਹਾ ਕਿ ਸਿੱਖ ਕਿਸ ਮਰਯਾਦਾ ਉੱਪਰ ਚੱਲ ਰਿਹਾ ਹੈ ?? ਸੋ ਇਹ ਸਭ ਰਾਜਨੀਤਿਕ ਬੰਦਿਆਂ ਦੇ ਜਰੀਏ ਹੀ ਸੰਭਵ ਹੋ ਸਕਿਆ ਕਿਉਂਕਿ ਰਾਜਨੀਤਿਕ ਮਦਦ ਮਿਲਣ ਕਾਰਨ ਹੀ ਉਹਨਾਂ ਲੋਕਾਂ ਨੇ ਸਿਖਾਂ ਦੀ ਜੜ੍ਹ ਨੂੰ ਪੋਲਾ ਕਰਨ ਲਈ ਕਈ ਅਜਿਹੇ ਕਦਮ ਚੁੱਕੇ ਨੇ ਜਿਸ ਵਿਚ ਉਹ ਥੋੜਾ ਬਹੁਤ ਕਾਮਯਾਬ ਵੀ ਹੋ ਚੁਕੇ ਨੇ। ਕਈਂ ਡੇਰੇਦਾਰ ਅਤੇ ਅਖੌਤੀ ਬਣੇ ਫਿਰਦੇ ਬਾਬਿਆਂ ਨੂੰ ਰਾਜਨੀਤਿਕ ਮਦਦ ਮਿਲਣ ਕਾਰਨ ਹੀ ਉਹਨਾਂ ਨੇ ਦਿਖਾਵਾ ਤਾਂ ਇਹ ਕੀਤਾ ਕਿ ਅਸੀਂ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਦੇ ਹਾਂ ਪਰ ਦਰਅਸਲ ਇਸ ਸਭ ਪਿੱਛੇ ਉਹੀ ਸੋਚ ਕੰਮ ਕਰ ਰਹੀ ਸੀ ਜੋ ਸਿਖਾਂ ਦੀ ਉਸ ਸ਼ਕਤੀ ਨੂੰ ਖ਼ਤਮ ਕਰਨ ਬਾਰੇ ਸੋਚ ਰਹੇ ਨੇ ਜੋ ਸਿਖਾਂ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਮਿਲਦੀ ਹੈ। ਉਹਨਾਂ ਲੋਕਾਂ ਨੇ ਹੀ ਸ਼੍ਰੀ ਦਸਮ ਗਰੰਥ ਸਾਹਿਬ ਜੀ ਦਾ ਵਿਵਾਦ ਸਿੱਖ ਕੌਮ ਵਿਚ ਖੜਾ ਕਰ ਦਿੱਤਾ ਤਾਂ ਜੋ ਸਿੱਖ ਆਪਸ ਵਿਚ ਲੜ ਕੇ ਮਰ ਜਾਣ। ਖੈਰ ! ਉਹਨਾਂ ਦੀ ਕਿਸੇ ਵੀ ਸੋਚ ਤੋਂ ਗੁਰੂ ਕੇ ਸਿੰਘ ਡਰਦੇ ਨਹੀਂ ਬਲਕਿ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਗੇ। ਜੋ ਰਾਜਨੀਤਿਕ ਲੋਕਾਂ ਨੇ ਸ਼ੁਰੂ ਕੀਤਾ ਹੈ ਇਹ ਸਭ ਖ਼ਤਮ ਤਾਂ ਹੋ ਕੇ ਹੀ ਰਹੇਗਾ ਗੁਰੂ ਸਾਹਿਬ ਦੀ ਕਿਰਪਾ ਨਾਲ। ਫਿਲਹਾਲ ਉਹ ਸੋਚ ਨੂੰ ਸਮਝਣ ਦੀ ਲੋੜ ਹੈ ਜੋ ਸੋਚ ਇਹ ਪਰੰਪਰਾਵਾਦੀ ਲੋਕ ਸਾਡੇ ਵਿਚ ਮਿਲਾਉਣਾ ਚਾਹੁੰਦੇ ਨੇ। ਉਹਨਾਂ ਨੇ ਹਮੇਸ਼ਾ ਇਹੀ ਪ੍ਰਚਾਰ ਕੀਤਾ ਕਿ ਸਿੱਖ ਸਾਡੇ ਧਰਮ ਦਾ ਹੀ ਹਿੱਸਾ ਨੇ ਜਦ ਕਿ ਹਾਲ ਹੀ ਚ ਉਹਨਾਂ ਨੇ ਇਹ ਕਿਹਾ ਕਿ ਸਾਡਾ ਧਰਮ ਕੋਈ ਧਰਮ ਨਹੀਂ ਬਲਕਿ ਪਰੰਪਰਾ ਹੈ। ਉਹਨਾਂ ਨੇ ਕਿਤਾਬਾਂ ਛਪਵਾਈਆਂ, ਗੁਰੂ ਨਾਨਕ ਸਾਹਿਬ ਬਾਰੇ ਗ਼ਲਤ ਪ੍ਰਚਾਰ ਕੀਤਾ , ਗੁਰੂ ਗੋਬਿੰਦ ਸਿੰਘ ਜੀ ਬਾਰੇ ਗ਼ਲਤ ਬੋਲਿਆ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਬਾਰੇ ਕੂੜ ਪ੍ਰਚਾਰ ਕੀਤਾ। ਪੰਜਾਬ ਨੂੰ ਖ਼ਤਮ ਕਰਨ ਲਈ ਉਹਨਾਂ ਨੇ ਪੰਜਾਬ ਦੀ ਉਸ ਜੜ੍ਹ ਨੂੰ ਖ਼ਤਮ ਕਰਨ ਦਾ ਯਤਨ ਸ਼ੁਰੂ ਕੀਤਾ ਜਿਸ ਤੋਂ ਪੰਜਾਬ ਦਾ ਜਨਮ ਹੋਇਆ। ਪੰਜਾਬ ਦਾ ਨਾਮ ਪੰਜ+ਆਬ ਤੋਂ ਪਿਆ ਅਤੇ ਆਬ ਦਾ ਮਤਲਬ ਹੈ ਪਾਣੀ। ਪੰਜਾਬ ਵਿਚ 5 ਦਰਿਆ ਹੋਣ ਕਰਕੇ ਇਸਦਾ ਨਾਮ ਪੰਜਾਬ ਰੱਖਿਆ ਗਿਆ ਸੋ ਸਭ ਤੋਂ ਪਹਿਲਾ ਉਹਨਾਂ ਨੇ ਇਸ ਪੰਜ ਦਰਿਆਵਾਂ ਦੀ ਧਰਤੀ ਨੂੰ ਵੰਡ ਕੇ ਰੱਖ ਦਿੱਤਾ। ਹੁਣ ਪੰਜਾਬ ਡੇਢ਼ ਆਬ ਦੀ ਧਰਤੀ ਰਹਿ ਗਿਆ ਹੈ। ਦੂਸਰੇ ਪਾਸੇ ਦੇਖੀਏ ਤਾਂ ਪੰਜ ਦਰਿਆਵਾਂ ਨੂੰ ਅੱਡ ਕਰਨ ਤੋਂ ਬਾਅਦ ਉਹਨਾਂ ਦਾ ਹੁਣ ਹਮਲਾ ਪੰਜਾਬ ਵਿਚ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ , ਪੰਜਾਬ ਦੇ ਨੌਜਵਾਨ ਅਤੇ ਪੰਜਾਬ ਵਿਚ ਵੱਸਦੇ ਧਾਰਮਿਕ ਲੋਕਾਂ ਦੇ ਧਰਮਾਂ ਉੱਪਰ ਹੈ। ਜਿਵੇਂ ਗੁਜਰਾਤ ਵਿਚ ਗੁਜਰਾਤੀ , ਤਾਮਿਲਨਾਡੂ ਵਿਚ ਤਾਮਿਲ , ਕੇਰਲਾ ਵਿਚ ਮਲਿਆਲਮ ਆਦਿ ਬੋਲੀਆਂ ਜਾਂਦੀਆਂ ਹਨ ਅਤੇ ਉਹ ਉਥੋਂ ਦੀਆਂ ਪ੍ਰਮੁੱਖ ਭਾਸ਼ਾਵਾਂ ਹਨ ਉਸੇ ਤਰਾਂ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਪੰਜਾਬੀ ਭਾਸ਼ਾ ਉੱਪਰ ਹੀ ਬੈਨ ਲਗਾ ਦਿੱਤਾ ਗਿਆ ਹੈ ਜੋ ਕਿ ਰਾਜਸੀ ਬੰਦਿਆ ਦੀ ਸ਼ੈਅ ਨਾਲ ਹੀ ਹੋਇਆ ਹੈ। ਬੱਚਿਆਂ ਨੂੰ ਸਕੂਲਾਂ, ਕਾਲਜਾਂ ਆਦਿ ਵਿਚ ਜੁਰਮਾਨਾ ਦੇਣਾ ਪੈਂਦਾ ਹੈ ਜੇਕਰ ਉਹ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਹਨ। ਪੰਜਾਬੀ ਭਾਸ਼ਾ ਬੋਲਣ ਵਾਲੇ ਨੂੰ ਇਹਨਾਂ ਨੇ ਅਨਪੜ੍ਹ ਸਮਝਿਆ ਹੋਇਆ ਹੈ ਪਰ ਦੂਜੇ ਪਾਸੇ ਇਸ ਦੇਸ਼ ਦੇ ਮੂੰਹ ਤੇ ਚਪੇੜ ਮਾਰੀ ਹੈ ਕਨੇਡਾ ਨੇ ਪੰਜਾਬੀ ਨੂੰ ਉਥੋਂ ਦੀ ਤੀਜੀ ਪ੍ਰਮੁੱਖ ਭਾਸ਼ਾ ਬਣਾ ਕੇ। ਨਸ਼ਿਆਂ ਦੀ ਗੱਲ ਕਰੀਏ ਤਾਂ ਸਾਫ ਨਜਰ ਆਉਂਦਾ ਹੈ ਕਿ ਪੰਜਾਬ ਵਿਚ ਨਸ਼ੇ ਰਾਜਨੀਤਿਕ ਲੋਕਾਂ ਦੀ ਸ਼ੈਅ ਉੱਪਰ ਹੀ ਵਿਕਦੇ ਨੇ। ਸ਼ਰਾਬ , ਤੰਬਾਕੂ , ਬੀੜੀ ਅਤੇ ਸਿਗਰਟ ਆਦਿ ਵਰਗੇ ਹੋਰ ਨਸ਼ੇ ਜੋ ਸ਼ਰੇਆਮ ਦੁਕਾਨਾਂ ਉੱਪਰ ਉਪਲਬਧ ਨੇ ਉਹਨਾਂ ਨੂੰ ਸਰਕਾਰ ਬੰਦ ਨਹੀਂ ਕਰਵਾ ਰਹੀ ਕਿਉਂਕਿ ਸਰਕਾਰ ਨੂੰ ਉਹਨਾਂ ਤੋਂ ਆਉਣ ਵਾਲੀ ਆਮਦਨ ਰੁਕ ਜਾਣੀ। ਚਿੱਟੇ ਨਾਮ ਦੇ ਨਸ਼ੇ ਬਾਰੇ ਜਦੋਂ ਪਤਾ ਲੱਗਾ ਤਾਂ ਇਹੀ ਦੇਖਿਆ ਕਿ ਇਹ ਨਸ਼ਾ ਦਿਨੋ-ਦਿਨੀ ਕਈਂ ਪਰਿਵਾਰ ਤਬਾਹ ਕਰ ਗਿਆ ਜੇਕਰ ਕਿਸੇ ਨੂੰ ਸ਼ੱਕ ਹੋਵੇ ਤਾਂ ਦਾਸ ਨਾਲ ਸੰਪਰਕ ਕਰ ਸਕਦਾ ਹੈ, ਸਬੂਤ ਦੇ ਅਧਾਰ ਤੇ ਗੱਲ ਕਰਾਂਗੇ। ਇਸ ਨਸ਼ੇ ਦੀ ਚਪੇਟ ਵਿਚ ਕਈਂ ਅਜਿਹੇ ਨੌਜਵਾਨ ਵੀ ਆਏ ਜੋ ਰਾਜਸੀ ਲੋਕਾਂ ਦੇ ਕਰੀਬ ਸਨ ਅਤੇ ਜਿਹਨਾਂ ਨੂੰ ਬਾਦ ਵਿਚ ਉਹਨਾਂ ਨੇ ਕੋਈ ਸਹਾਰਾ ਤੱਕ ਵੀ ਨਹੀਂ ਦਿੱਤਾ। ਇਸ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਕੋਲੋਂ ਪੁੱਛਣ ਤੇ ਹੀ ਪਤਾ ਲੱਗਾ ਕਿ ਫਲਾਣੇ ਡੀਲਰ ਦੇ ਘਰ ਮੰਤਰੀ ਦੀ ਗੱਡੀ ਆਈ ਖੜੀ ਸੀ। ਕਾਰਨ ਸਿਰਫ ਇਹੀ ਨਿਕਲਦਾ ਸੀ ਕਿ ਰਾਜਸੀ ਲੋਕਾਂ ਨੇ ਹੀ ਨਸ਼ਾ ਵਕਾਇਆ ਪੰਜਾਬ ਵਿਚ। ਰਾਜਸੀ ਸੱਤਾ ਦਾ ਨਸ਼ਾ ਤਾਂ ਇਹਨਾਂ ਸਾਰੇ ਨਸ਼ਿਆਂ ਨੂੰ ਫੇਲ ਕਰ ਗਿਆ ਕਿਉਂਕਿ ਇਸ ਨਸ਼ੇ ਨੇ ਪੰਜਾਬ ਦੇ ਨੌਜਵਾਨ , ਪੰਜਾਬ ਦੀ ਜਮੀਨ , ਪੰਜਾਬ ਦੀ ਭਾਸ਼ਾ , ਪੰਜਾਬ ਦੇ ਪਾਣੀ ਅਤੇ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਨੂੰ ਛਿਕੇ ਟੰਗ ਕੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਪਰ ਕਿਸੇ ਰਾਜਨੀਤਿਕ ਬੰਦੇ ਨੇ ਸੀ.ਬੀ.ਆਈ. ਜਾਂਚ ਵਾਸਤੇ ਨਹੀਂ ਕਿਹਾ ,ਜਾਂਚ ਕਰਵਾਉਣੀ ਤਾਂ ਬਹੁਤ ਦੂਰ ਦੀ ਗੱਲ ਹੈ। ਸੋ ਇਹ ਜੋ ਕੁਝ ਵੀ ਕਰਵਾਇਆ ਸਿਰਫ ਉਸ ਪਰੰਪਰਾਵਾਦੀ ਲੋਕਾਂ ਨੇ ਰਾਜਨੀਤਿਕ ਸ਼ੈਅ ਤੇ ਕਰਵਾਇਆ ਹੈ ਪੰਜਾਬ ਵਿਚ। ਰਾਜਸੀ ਬੰਦੇ ਰਾਜਸੀ ਸੱਤਾ ਦੇ ਨਸ਼ੇ ਚ ਚੂਰ ਉਹਨਾਂ ਲੋਕਾਂ ਦਾ ਸਾਥ ਦੇ ਰਹੇ ਨੇ ਜਿਹਨਾਂ ਨੇ ਪੰਜਾਬ ਨੂੰ ਖ਼ਤਮ ਕਰਨ ਦਾ ਬੀੜਾ ਚੁੱਕਿਆ ਹੈ ਪਰ ਉਹ ਲੋਕ ਆਪਣੀ ਸੋਚ ਵਿਚ ਕਾਮਯਾਬ ਨਹੀਂ ਹੋਣਗੇ। ਇੱਕ ਦਿਨ ਐਸਾ ਵੀ ਆਏਗਾ ਕਿ ਸਾਰੇ ਲੋਕ ਜਾਗ ਜਾਣਗੇ ਅਤੇ ਉਹਨਾਂ ਰਾਜਸੀ ਲੋਕਾਂ ਦੇ ਚਿਹਰਿਆਂ ਤੋਂ ਫਰੇਬੀ ਦਾ ਨਕਾਬ ਉਤਾਰ ਦੇਣਗੇ। ਲੋੜ ਹੈ ਸਭ ਨੂੰ ਉਸ ਸੋਚ ਨੂੰ ਸਮਝਣ ਦੀ ਜੋ ਪੰਜਾਬ ਨੂੰ ਖ਼ਤਮ ਕਰਦੇ ਆਏ ਨੇ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ।  ਚਲਦਾ .... #Khalsa_Empire

ਪੰਜਾਬ ਅਤੇ ਰਾਜਨੀਤਿਕ ਪਾਰਟੀਆਂ - ਭਾਗ (2)

ਜਿਸ ਤਰਾਂ ਕਿ ਅਸੀਂ ਗੱਲ ਕਰ ਰਹੇ ਸੀ ਪੁਰਾਤਨ ਰਾਜਨੀਤਿਕ ਲੋਕਾਂ ਦੀ ਅਤੇ ਉਹਨਾਂ ਜਰਨੈਲਾਂ ਦੀ ਜਿਹਨਾਂ ਨੇ ਪੰਜਾਬ ਵਿਚ ਰਾਜ ਕਰਦੇ ਹੋਏ ਕਦੇ ਰਾਜਨੀਤੀ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ। ਅੱਜ ਦੇ ਸਮੇਂ ਵਿਚ ਰਾਜਸੀ ਸੱਤਾ ਦਾ ਇੰਨਾ ਨਸ਼ਾ ਹੋ ਚੁੱਕਾ ਹੈ ਰਾਜਨੀਤਿਕ ਲੋਕਾਂ ਨੂੰ ਕਿ ਉਹਨਾਂ ਲਈ ਨਾ ਤਾਂ ਕੋਈ ਧਰਮ ਮਾਇਨੇ ਰੱਖਦਾ ਹੈ , ਨਾ ਕਿਸੇ ਇਨਸਾਨ ਦੀ ਜਿੰਦਗੀ ਮਾਇਨੇ ਰੱਖਦੀ ਹੈ , ਨਾ ਉਹਨਾਂ ਨੂੰ ਕਿਸੇ ਦੀਆਂ ਭਾਵਨਾਵਾਂ ਨਾਲ ਮਤਲਬ ਹੈ ਅਤੇ ਨਾ ਹੀ ਇਮਾਨਦਾਰੀ ਨਾਲ ਦੇਸ਼ ਦਾ ਵਿਕਾਸ ਕਰਨ ਨਾਲ ਕੋਈ ਮਤਲਬ ਹੈ। ਵੈਸੇ ਦਾਸ ਇਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਆਹ ਜੋ ਫਾਲਤੂ ਖਰਚਾ ਕਰਕੇ ਕਦੀ ਕਿਤੇ ਅਤੇ ਕਦੀ ਕਿਤੇ ਸੜਕਾਂ ਕੱਢੀ ਜਾ ਰਹੇ ਨੇ ਇਸ ਨੂੰ ਦਾਸ ਕੋਈ ਤਰੱਕੀ ਨਹੀਂ ਮੰਨਦਾ। ਆਹ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਚ ਕੀਤਾ ਗਿਆ ਹੈ ਇਹ ਕੋਈ ਵਿਕਾਸ ਨਹੀਂ ਹੈ ਅਤੇ ਤੁਸੀਂ ਆਪ ਸਿਆਣੇ ਹੋ ਮੇਰੇ ਨਾਲੋਂ। ਜਰਾ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਕਿ ਅਸੀਂ ਕਿੰਨੇ ਹਾਂ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਚ ਸਿਰਫ ਬੰਦਗੀ ਕਰਨ ਲਈ ਜਾਂਦੇ ਹਾਂ ?? ਅੱਜ ਇਹ ਸਤਿਗੁਰਾਂ ਵੱਲੋਂ ਵਸਾਇਆ ਨਗਰ ਸਿਰਫ ਤੇ ਸਿਰਫ ਘੁੰਮਣ ਫਿਰਨ ਵਾਲੀ ਜਗ੍ਹਾ ਬਣਾ ਕੇ ਰੱਖ ਦਿਤੀ ਗਈ ਹੈ। ਅਸੀਂ ਸਾਰੇ ਉਥੇ ਫੋਟੋਆਂ ਖਿੱਚਣ ਅਤੇ ਆਹ ਜੋ ਰਾਜਨੀਤੀ ਖੇਡੀ ਗਈ ਆ ਭੰਗੜੇ ਵਾਲੇ ਬੁੱਤ ਜਿਹੇ ਲਗਾ ਕੇ ਇਹ ਸਭ ਦੇਖਣ ਜਾਂਦੇ ਆ। ਇਹ ਕੋਈ ਸਿਫਤ ਵਾਲਾ ਕੰਮ ਨਹੀਂ ਕੀਤਾ ਜੇਕਰ ਤੁਸੀਂ ਇਸਨੂੰ ਕਹਿੰਦੇ ਹੋ ਕਿ ਇਹ ਬਹੁਤ ਵਧੀਆ ਕੀਤਾ ਗਿਆ ਤਾਂ ਭਾਈ ਫਿਰ ਗੁਰੂ ਸਾਹਿਬ ਨਾਲੋਂ ਜਿਆਦਾ ਸਿਆਣੇ ਹੋਣੇ ਆ ਇਹ ਰਾਜਨੀਤਿਕ ਬੰਦੇ ਅਤੇ ਤੁਸੀਂ ਲੋਕ ਜੋ ਇਹਨਾਂ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹੋ। ਓ ਭਾਈ ਗੁਰੂ ਸਾਹਿਬ ਨੇ ਕਦੋ ਕਹਿ ਦਿਤਾ ਕਿ ਭੰਗੜਾ, ਗਿੱਧਾ ਪਾ ਸਕਦਾ ਹੈ ਸਿੱਖ ?? ਤੁਸੀਂ ਸਿਆਣੇ ਹੋ ਮੇਰੇ ਨਾਲੋਂ ਅਤੇ ਵੱਧ ਜਾਣਕਾਰੀ ਹੋਵੇਗੀ ਤੁਹਾਨੂੰ ਇਸ ਬਾਰੇ। ਦਾਸ ਦੇ ਗਿਆਨ ਵਿਚ ਜਰੂਰ ਵਾਧਾ ਕਰ ਦਿਉ ਜੇ ਪਤਾ ਲੱਗ ਜਾਵੇ। ਰਾਜਨੀਤੀ ਇਸ ਤਰਾਂ ਖੇਡੀ ਗਈ ਕਿ ਅੱਜ ਸਭ ਨੂੰ ਗੁਰਬਾਣੀ ਨਾਲੋਂ ਤੋੜ ਦਿੱਤਾ ਗਿਆ। ਸਾਡੇ ਵਿੱਚੋ ਕੌਣ ਹੈ ਜੋ ਸ਼ੰਕੇ ਵਿਚ ਨਹੀਂ ਹੈ। ਇੰਨੇ ਲੋਕ ਖੜੇ ਕਰ ਦਿੱਤੇ ਗਏ ਨੇ ਸਾਡੇ ਵਿਚ ਦੁਬਿਧਾ ਪਾਉਣ ਲਈ ਕਿ ਅੱਜ ਪਹਿਚਾਣ ਕਰਨੀ ਮੁਸ਼ਕਿਲ ਹੋ ਗਈ ਕਿ ਕੌਣ ਅਸਲੀ ਤੇ ਕੌਣ ਨਕਲੀ। ਜਿਹਨਾਂ ਨੂੰ ਅਕਾਲੀ ਦਾ ਮਤਲਬ ਵੀ ਨਹੀਂ ਪਤਾ ਉਹ ਵੀ ਬੂਝੜ ਜਿਹਾ ਅੱਜ ਸ਼ਰੇਆਮ ਲਿਖਾਈ ਫਿਰਦਾ ਕਿ ਮੈਂ ਅਕਾਲੀ ਆ। ਕੰਮ ਚਾਹੇ ਸਾਰੇ ਪੁੱਠੇ ਹੀ ਕਰ ਰਹੇ ਹੋਣ। ਹੁਣ ਜੇ ਪੋਲਾਂ ਖੋਲਣ ਲੱਗ ਗਏ ਤਾ ਬਹੁਤ ਲੰਬਾ ਹੋ ਜਾਣਾ ਇਹ ਲੇਖ ਸੋ ਮੋਟਾ ਮੋਟਾ ਜਿਹਾ ਰਾਜਨੀਤੀ ਬਾਰੇ ਦੱਸ ਦਈਏ ਕਿ ਭਾਈ ਜੇਕਰ ਤੁਸੀਂ ਸਮਝਦੇ ਓ ਕਿ ਉਹਨਾਂ ਪੁਰਾਤਨ ਰਾਜਨੀਤਿਕ ਬੰਦਿਆ ਵਰਗੇ ਨੇ ਅੱਜ ਦੇ ਰਾਜਸੀ ਬੰਦੇ ਤਾਂ ਇਹ ਤਾਂ ਉਹਨਾਂ ਦੀ ਜੁੱਤੀ ਦੀ ਰੀਸ ਨੀ ਕਰ ਸਕਦੇ। ਬਹੁਤ ਇਦਾ ਦਾ ਇਤਿਹਾਸ ਹੈ ਜਿਸ ਵਿਚ ਜੇ ਕਿਸੇ ਨੂੰ ਰਾਜ ਦੇ ਵੀ ਦਿਤਾ ਜਾਂਦਾ ਸੀ ਤਾਂ ਉਹ ਆਪਣੇ ਆਪ ਨੂੰ ਆਮ ਲੋਕਾਂ ਵਾਂਗ ਹੀ ਸਮਝਦਾ ਸੀ ਕਿਉਂਕਿ ਉਹਨਾਂ ਨੂੰ ਰੱਬ ਯਾਦ ਰਹਿੰਦਾ ਸੀ ਕਿ ਜੇ ਮੈਂ ਗ਼ਲਤ ਕਰੂੰਗਾ ਤਾ ਮੈਨੂੰ ਸਜ਼ਾ ਵੀ ਭੁਗਤਣੀ ਪਵੇਗੀ ਪਰ ਅੱਜ ਕਲ ਦਿਆਂ ਨੇ ਧਰਮ ਦੇ ਨਾਮ ਤੇ ਰਾਜਨੀਤੀ ਇਵੇਂ ਸ਼ੁਰੂ ਕਰ ਦਿਤੀ ਕਿ ਅੱਜ ਕੋਈ ਵੀ ਮਹਿਫ਼ੂਜ਼ ਨਹੀਂ। ਆਹ ਜੋ ਬਿਆਨ ਜਾਰੀ ਕਰਦੇ ਆ ਕੱਟੜਪੰਥੀ, ਕੀ ਕਦੇ ਸਰਕਾਰ ਨੇ ਉਹਨਾਂ ਨੂੰ ਹਵਾਲਾਤ ਦੇ ਪਿੱਛੇ ਕਰਵਾਇਆ ?? ਜੇ ਕਰਵਾ ਵੀ ਦਿੰਦੇ ਆ ਤਾਂ ਉਹ ਕਿਹੜਾ ਕੈਦੀਆਂ ਵਾਂਗ ਰੱਖੇ ਜਾਂਦੇ ਆ। ਉਹਨਾਂ ਦੀ ਸੇਵਾ ਇਦਾ ਹੁੰਦੀ ਜਿਵੇਂ ਉਹ ਇਹਨਾਂ ਦੀ ਭੂਆ ਦੇ ਪੁੱਤ ਹੋਣ। ਕਿਸੇ ਕੱਟੜਪੰਥੀ ਨੇ ਬਿਆਨ ਦਿੱਤਾ ਕਿ ਅਸੀਂ ਭਾਰਤ ਵਿਚ ਸਿਰਫ ਸਾਡੇ ਧਰਮ ਦੇ ਲੋਕਾਂ ਨੂੰ ਰਹਿਣ ਦਿਆਂਗੇ ਅਤੇ 2021 ਤੱਕ ਇਸ ਦੇਸ਼ ਨੂੰ ਬਾਕੀ ਧਰਮਾਂ ਤੋਂ ਰਹਿਤ ਕਰ ਦਿਆਂਗੇ। ਹੁਣ ਦੱਸੋ ਉਹ ਸਰਕਾਰ ਦੀ ਮਾਸੀ ਦਾ ਮੁੰਡਾ ਆ ਜੋ ਉਹਨੂੰ ਕੁਝ ਨੀ ਕਿਹਾ ਗਿਆ ?? ਉਹ ਸ਼ਰੇਆਮ ਘੁੰਮਦੇ ਆ ਅਤੇ ਜੇ ਇਹੀ ਗੱਲ ਕੋਈ ਸਿੱਖ ਕਰੇ ਤਾ ਕਹਿਣਾ ਜੀ ਇਹ ਅੱਤਵਾਦੀ ਆ। ਨਾ !! ਕੋਈ ਪੁੱਛਣ ਵਾਲਾ ਹੋਵੇ ਕਿ ਤੁਹਾਡੇ ਹੱਥ ਚ 24 ਘੰਟੇ ਮੋਹਰ ਫੜੀ ਹੀ ਹੁੰਦੀ ਆ ਕਿ ਬੱਸ ਜੇ ਕੋਈ ਸਿੱਖ ਹੱਕ ਸੱਚ ਦੀ ਗੱਲ ਕਰੇ ਤਾ ਉਹਦੇ ਅੱਤਵਾਦੀ ਦੀ ਮੋਹਰ ਲਗਾ ਦਿਉ। ਸ਼ਰੇਆਮ ਰਾਜਨੀਤਿਕ ਸ਼ੈਅ ਦਿਤੀ ਗਈ ਹੈ ਇਦਾ ਦੇ ਲੋਕਾਂ ਨੂੰ। ਸਰਕਾਰ ਸਾਰਾ ਕੁਝ ਕਰ ਸਕਦੀ ਹੈ ਪਰ ਇਹਨਾਂ ਰਾਜਨੀਤਿਕ ਬੰਦਿਆਂ ਦੀ ਆਪਸ ਵਿਚ ਮਿਲੀ-ਭੁਗਤ ਹੈ। ਹੁਣ ਬੱਸ ਇਹੀ ਕਹਾਂਗਾ ਕਿ ਜੋ ਸੋਚ ਇਹ ਪੰਜਾਬ ਵਿਚ ਫੈਲਾਉਣਾ ਚਾਹੁੰਦੇ ਨੇ ਉਹ ਸੋਚ ਸਿਰਫ ਇੱਕ ਕੱਟੜਪੰਥੀ ਸਮਾਜ ਦੀ ਸੋਚ ਹੈ ਜਿਸਨੇ ਹਾਲ ਹੀ ਚ ਇਹ ਬਿਆਨ ਦਿੱਤਾ ਹੈ ਕਿ ਜਿਸਨੂੰ ਅਸੀਂ ਧਰਮ ਸਮਝਦੇ ਸੀ ਉਹ ਕੋਈ ਧਰਮ ਨਹੀਂ ਬਲਕਿ ਇਕ ਪਰੰਪਰਾ ਹੈ। ਸੋ ਉਹਨਾਂ ਪਰੰਪਰਾਵਾਦੀ ਲੋਕਾਂ ਦੀ ਸੋਚ ਦੇ ਕੁਝ ਖਾਸ ਨਮੂਨੇ ਤੁਹਾਡੇ ਸਾਹਮਣੇ ਅਗਲੇ ਪੜ੍ਹਾਅ ਵਿਚ ਪੇਸ਼ ਕਰਾਂਗੇ ...... ਚਲਦਾ  #Khalsa_Empire

Thursday 15 December 2016

ਪੰਜਾਬ ਅਤੇ ਰਾਜਨੀਤਿਕ ਪਾਰਟੀਆਂ - ਭਾਗ (1)

ਪੰਜਾਬ ਵਿਚ ਇਸ ਸਮੇ ਬਹੁਤ ਮੁੱਦੇ ਉਠਾਏ ਜਾ ਚੁੱਕੇ ਨੇ ਜਿਹਨਾਂ ਦਾ ਹੱਲ ਕੋਈ ਵੀ ਰਾਜਨੀਤਿਕ ਪਾਰਟੀ ਨਹੀਂ ਕਰ ਸਕਦੀ ਚਾਹੇ ਉਹ 70 ਸਾਲਾਂ ਤੋਂ ਇਥੇ ਰਾਜਨੀਤੀ ਕਿਉਂ ਨਾ ਕਰ ਰਹੇ ਹੋਣ। 70 ਸਾਲਾਂ ਵਿਚ ਜੋ ਹੋਇਆ ਅਤੇ ਜੋ ਹੁਣ ਹੋ ਰਿਹਾ ਏ ਉਸ ਵਿਚ ਕੁਝ ਫਰਕ ਦਿਖਾਈ ਨੀ ਦੇ ਰਿਹਾ। ਲੋਕ ਭੁੱਲ ਚੁੱਕੇ ਨੇ ਕਿ ਭਾਰਤ ਵਿਚ ਲੋਕਤੰਤਰ ਸਰਕਾਰ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ ਨੇ ਸਭ ਨੂੰ ਭੱਜ ਨੱਠ ਵਿਚ ਲਗਾ ਰੱਖਿਆ ਹੈ ਤਾਂ ਜੋ ਲੋਕਾਂ ਦਾ ਧਿਆਨ ਸਾਡੇ ਦੁਆਰਾ ਕੀਤੀ ਜਾ ਰਹੀ ਰਾਜਨੀਤੀ ਵਾਲੇ ਪਾਸੇ ਨਾ ਜਾਵੇ। ਅਸੀਂ ਸਭ ਆਪਣੇ ਆਪ ਨੂੰ ਸਿਆਣੇ ਸਮਝੀ ਬੈਠੇ ਹਾਂ ਪਰ ਅਸਲ ਵਿਚ ਅਸੀਂ ਮੂਰਖ ਬਣਾਏ ਜਾ ਚੁੱਕੇ ਹਾਂ ਤੇ ਪਤਾ ਨਹੀਂ ਇਹ ਸਿਲਸਿਲਾ ਅਜੇ ਕਦੋ ਤੱਕ ਚਲੇਗਾ। ਅੰਗਰੇਜ ਰਾਜ ਕਰਨ ਆਏ ਤਾਂ ਉਹਨਾਂ ਨੇ ਵੀ ਸਾਡੀ ਸੋਚ ਦੇ ਮਿਆਰ ਦਾ ਅੰਦਾਜ਼ਾ ਲਗਾ ਕੇ ਸਾਡੀ ਸੋਚ ਨੂੰ ਗੁਲਾਮ ਬਣਾਉਣ ਤੇ ਜ਼ੋਰ ਦੇ ਦਿੱਤਾ। ਸਾਡੇ ਆਪਣੇ ਹੀ ਭੇਤੀਆਂ ਨੇ ਜੋ ਰਾਜਸੀ ਸੱਤਾ ਦੇ ਨਸ਼ੇ ਵਿਚ ਚੂਰ ਸਨ, ਉਹਨਾਂ ਨੇ ਅੰਗਰੇਜਾਂ ਦਾ ਸਾਥ ਦਿੱਤਾ। ਜਦੋਂ ਕੁਝ ਸੱਚੇ ਬੰਦਿਆਂ ਦੀ ਸੋਚ ਨੂੰ ਗੁਲਾਮ ਕਰਨ ਵਿਚ ਅੰਗਰੇਜ ਨਾ-ਕਾਮਯਾਬ ਹੋਏ ਤਾਂ ਉਹੀ ਲੋਕਾਂ ਨੇ ਮੋਰਚਾ ਖੋਲਿਆ ਦੇਸ਼ ਨੂੰ ਆਜ਼ਾਦ ਕਰਵਾਉਣ ਦਾ। ਦੇਸ਼ ਆਜ਼ਾਦ ਇਸ ਤਰਾਂ ਹੋਣਾ ਸੀ ਕਿ ਸਿਰਫ ਅੰਗਰੇਜ ਇਹ ਦੇਸ਼ ਛੱਡ ਕੇ ਚਲ ਜਾਣ ਪਰ ਇਹ ਗੱਲ ਸਮਝ ਤੋਂ ਬਾਹਰ ਸੀ ਕਿ ਵੰਡ ਪੰਜਾਬ ਦੀ ਕਿਉਂ ਕਰ ਦਿਤੀ ਗਈ ਅਤੇ ਸਭ ਵਿਚ ਇਹ ਪ੍ਰਚਾਰਿਆ ਗਿਆ ਕਿ ਭਾਰਤ ਦੀ ਵੰਡ ਹੋਈ ਹੈ। ਦਰਅਸਲ ਇਤਿਹਾਸ ਨੂੰ ਫਰੋਲ ਕੇ ਦੇਖਿਆ ਜਾਵੇ ਤਾਂ ਦਾਸ ਇਹ ਗੱਲ ਬੇਝਿਝਕ ਅਤੇ ਬਿਨਾ ਕਿਸੇ ਦੇ ਡਰ ਤੋਂ ਕਹੇਗਾ ਕਿ ਪੰਜਾਬ ਕਦੇ ਭਾਰਤ ਦਾ ਹਿੱਸਾ ਹੀ ਨਹੀਂ ਸੀ। ਇਹ ਹੁਣ ਦੀਆਂ ਨਹੀਂ ਉਦੋਂ ਦੀਆਂ ਗੱਲਾਂ ਨੇ ਜਦੋ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਸਾਡੇ ਉੱਪਰ ਉਸ ਸੋਚ ਦਾ ਦਬਾਵ ਪੈਣਾ ਸ਼ੁਰੂ ਹੋਗਿਆ ਜਿਹੜੀ ਸੋਚ ਗੁਰੂ ਕਾਲ ਦੇ ਸਮੇ ਤੋਂ ਹੀ ਚਲਦੀ ਆ ਰਹੀ ਸੀ ਕਿ ਸਿੱਖ ਹਿੰਦੂਆਂ ਦਾ ਹੀ ਸੁਧਰਿਆ ਹੋਇਆ ਰੂਪ ਨੇ ਮਤਲਬ ਕਿ ਸਿੱਖ ਹਿੰਦੂ ਹੀ ਨੇ। ਉਹਨਾਂ ਦੀ ਇਸ ਸੋਚ ਦਾ ਪੁਖਤਾ ਸਬੂਤ ਤਾਂ ਉਦੋਂ ਮਿਲਿਆ ਜਦੋ ਉਹਨਾਂ ਦੁਆਰਾ ਕਈ ਕਿਤਾਬਾਂ ਛਪਵਾ ਕੇ ਵੰਡੀਆਂ ਗਈਆਂ ਅਤੇ ਭਾਰਤ ਦੇ ਸੰਵਿਧਾਨ ਦੀ ਧਾਰਾ 25 ਬੀ ਵਿਚ ਇਹ ਲਿਖਿਆ ਗਿਆ ਕਿ ਸਿੱਖ ਕੇਸਾਧਾਰੀ ਹਿੰਦੂ ਨੇ। ਪਹਿਲੇ ਪਹਿਲ ਕੁਝ ਵੀ ਯਕੀਨ ਕਰਨਾ ਮੁਸ਼ਕਿਲ ਹੁੰਦਾ ਹੈ ਪਰ ਜਦੋ ਸਬੂਤ ਸਾਹਮਣੇ ਹੋਵੇ ਅਤੇ ਜਾਣ ਬੁਝ ਕੇ ਉਸ ਨੂੰ ਅਣਗੌਲਿਆ ਕਰ ਦਈਏ ਤਾਂ ਇਸ ਤੋਂ ਵੱਡੀ ਮੂਰਖਤਾ ਹੋਰ ਕਿਹੜੀ ਹੋ ਸਕਦੀ ਹੈ ?? ਸੋ ਗੱਲ ਪੰਜਾਬ ਦੀ ਵੰਡ ਤੋਂ ਨਹੀਂ ਇਸਤੋਂ ਵੀ ਪਹਿਲਾ ਸ਼ੁਰੂ ਹੋ ਚੁੱਕੀ ਸੀ ਜੋ ਪੰਜਾਬ ਨੂੰ ਕਿਸੇ ਤਰਾਂ ਆਪਣੇ ਵਿਚ ਸ਼ਾਮਿਲ ਕਰਕੇ ਪੰਜਾਬ ਦੀ ਜਮੀਨ , ਪੰਜਾਬ ਦੇ ਨੌਜਵਾਨ ਅਤੇ ਪੰਜਾਬ ਦੇ ਪਾਣੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਅੱਜ ਜੋ ਰਾਜਸੀ ਪਾਰਟੀਆਂ ਪੰਜਾਬ ਦੇ ਪਾਣੀ , ਜਮੀਨ ਅਤੇ ਨੌਜਵਾਨੀ ਨੂੰ ਬਚਾਉਣ ਦਾ ਰੌਲਾ ਪਾ ਰਹੀਆਂ ਨੇ ਕਦੇ ਇਹ ਹੀ ਪਾਰਟੀਆਂ ਨੇ ਇਹਨਾਂ ਸਭ ਚੀਜ਼ਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਕਦੇ ਪੰਜਾਬ ਉੱਪਰ ਜਰਨੈਲਾਂ ਦਾ ਰਾਜ ਹੋਇਆ ਕਰਦਾ ਸੀ ਅਤੇ ਉਸ ਸਮੇ ਕੋਈ ਤੱਤੀ ਹਵਾ ਵੀ ਪੰਜਾਬ ਵੱਲ ਜੇ ਰੁਖ ਕਰਦੀ ਸੀ ਤਾਂ ਉਹ ਜਰਨੈਲ ਹਵਾ ਦਾ ਰੁਖ ਮੋੜ ਕੇ ਸਾਹ ਲੈਂਦੇ ਸਨ। ਉਹਨਾਂ ਨੇ ਕਦੇ ਅਜਿਹੀ ਰਾਜਨੀਤੀ ਕਰਨ ਬਾਰੇ ਨਹੀਂ ਸੋਚਿਆ ਕਿ ਅਸੀਂ ਲੋਕਾਂ ਨੂੰ ਆਪਣੀ ਰਾਜਸੀ ਸ਼ਕਤੀ ਦੁਆਰਾ ਗੁਲਾਮ ਬਣਾ ਕੇ ਰੱਖੀਏ। ਉਹਨਾਂ ਦੇ ਸਮੇ ਲੋਕ ਵੀ ਬਹੁਤ ਸਾਥ ਦਿੰਦੇ ਸਨ ਉਹਨਾਂ ਦਾ ਕਿਉਂਕਿ ਲੋਕਾਂ ਨੂੰ ਇਸ ਚੀਜ਼ ਨਾਲ ਮਤਲਬ ਨਹੀਂ ਸੀ ਹੁੰਦਾ ਕਿ ਸਾਡੀ ਥਾਣੇ ਦਰਬਾਰੇ ਬਣੀ ਰਹੇ ਅਤੇ ਅਸੀਂ 2 ਨੰਬਰ ਦਾ ਕੰਮ ਜਿਵੇਂ ਮਰਜੀ ਕਰੀ ਜਾਈਏ। ਇਹ ਸੋਚ ਤਾਂ ਅੱਜ ਦੇ ਲੋਕਾਂ ਵਿਚ ਚਲ ਰਹੀ ਹੈ ਤੇ ਇਸ ਵਿਚ ਕੋਈ ਸ਼ੱਕ ਨਹੀਂ। ਬਾਕੀ ਅਗਲੇ ਪੜਾਅ ਵਿਚ ਲਿਖਾਂਗੇ .... ਚਲਦਾ #Khalsa_Empire

Wednesday 14 December 2016

ਨੱਚਣਾ ਕੁੱਦਣਾ ਅਤੇ ਗੁਰੂ ਦੇ ਸਿੱਖ !!

ਇਹ ਪੋਸਟ ਸਿਰਫ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਉਹਨਾਂ ਵੀਰਾਂ ਭੈਣਾਂ ਵਾਸਤੇ ਹੈ ਜੋ ਗੁਰੂ ਗਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਸਮਝਦੇ ਹੀ ਨਹੀਂ ਬਲਕਿ ਉਹਨਾਂ ਦੀ ਸਿਖਿਆ ਉੱਪਰ ਵੀ ਚਲਦੇ ਨੇ। 
ਸਿੱਖੀ ਸਿਧਾਂਤ ਅੱਜ ਸਾਡੇ ਤੋਂ ਕੋਹਾਂ ਦੂਰ ਜਾਂਦੇ ਲੱਗ ਰਹੇ ਨੇ। ਕਈ ਸਾਡੇ ਸਿੱਖ ਵੀਰ ਭੈਣਾਂ ਕੁਝ ਪੁਰਾਣੇ ਪੰਜਾਬੀ ਰਿਵਾਜਾਂ ਵਿਚ ਰਹਿਣਾ ਗਿੱਝ ਗਏ ਨੇ ਤੇ ਉਹਨਾਂ ਨੂੰ ਆਪਣਾ ਅਧਾਰ ਬਣਾ ਕੇ ਚਲਦੇ ਨੇ ਜਿਵੇਂ ਕਿ ਕੁਝ ਦਿਨਾਂ ਤੋਂ ਕਈ ਸਿੱਖ ਵੀਰ ਭੈਣਾਂ ਨੂੰ ਸੋਸ਼ਲ ਮੀਡੀਆ ਉੱਪਰ ਦੇਖਿਆ ਕਿ ਉਹ ਨੱਚਣ ਨੂੰ ਬਹੁਤ ਤਰਜੀਹ ਦੇ ਰਹੇ ਨੇ ਤੇ ਖੁਦ ਨੂੰ ਸਿੱਖ ਵੀ ਅਖਵਾਉਂਦੇ ਨੇ। ਗਿੱਧਾ ਭੰਗੜਾ ਜੋ ਕਿ ਪੁਰਾਣੇ ਰੀਤੀ ਰਿਵਾਜਾਂ ਨਾਲ ਜੁੜਿਆ ਸੀ ਅੱਜ ਉਹੀ ਰਿਵਾਜ ਅਸੀਂ ਸਿੱਖੀ ਸਿਧਾਂਤਾਂ ਵਿਚ ਵੀ ਰਲਾ ਦਿਤੇ। ਗੁਰਬਾਣੀ ਰਾਹੀਂ ਅਸੀਂ ਜੋ ਸਿਖਿਆ ਗ੍ਰਹਿਣ ਕਰਕੇ ਉਸ ਉੱਪਰ ਚਲਣਾ ਸੀ ,ਅੱਜ ਅਸੀਂ ਉਹ ਸਿਖਿਆ ਨੂੰ ਛਿਕੇ ਟੰਗ ਕੇ ਆਪਣੇ ਮੰਨ ਆਈਆਂ ਕਰਨ ਵੱਲ ਜ਼ੋਰ ਦੇ ਦਿੱਤਾ। ਗੁਰਬਾਣੀ ਸਾਨੂੰ ਜੋ ਨੱਚਣ ਬਾਰੇ ਸਿਖਿਆ ਦੇ ਰਹੀ ਹੈ ਉਹ ਤਾਂ ਦਾਸ ਨੇ ਸਿਰਫ ਆਪਣੀ ਤੁਸ਼ਬੁਧੀ ਅਨੁਸਾਰ ਇੰਨੀ ਕੁ ਹੀ ਸਮਝੀ ਹੈ :-
" ਨਚਣੁ ਕੁਦਣੁ ਮਨ ਕਾ ਚਾਉ ॥ "
ਨੱਚਣਾ ਕੁੱਦਣਾ ਸਿਰਫ ਮੰਨ ਦਾ ਚਾਅ ਹੈ ਅਤੇ ਜੋ ਸਿੱਖ ਹੋ ਕੇ ਆਪਣੇ ਮੰਨ ਦੀ ਗੱਲ ਸੁਣਦੇ ਨੇ ਉਹਨਾਂ ਨੂੰ ਮਨਮੁਖ ਕਿਹਾ ਜਾਂਦਾ ਹੈ। ਜਿਸਦਾ ਮੁਖ (ਮੂੰਹ) ਆਪਣੇ ਗੁਰੂ ਵੱਲ ਹੋਵੇ ਭਾਵ ਜੋ ਗੁਰੂ ਵੱਲੋਂ ਦਿੱਤੀ ਸਿਖਿਆ ਉੱਪਰ ਚੱਲਦੇ ਨੇ ਉਹੀ ਗੁਰਮੁਖ ਕਹਾਉਂਦੇ ਨੇ । ਅਸੀਂ ਗੁਰਮੁਖ ਬਣਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਜਾਂ ਮਨਮੁਖ ਬਣਕੇ ਗੁਰੂ ਤੋਂ ਬੇਮੁਖ ਹੋਣਾ ਏ ਇਹ ਸਾਡੇ ਹੁਣ ਦੇ ਕਰਮਾਂ ਉੱਪਰ ਨਿਰਭਰ ਕਰਦਾ ਹੈ। ਗੁਰੂ ਅੱਗੇ ਅਰਦਾਸ ਕਰੀਏ ਕਿ ਆਪਣੇ ਚਰਨੀ ਲਗਾਓ ਤੇ ਆਪਣਾ ਨਾਮ ਸਾਡੇ ਹਿਰਦੇ ਵਸਾਓ।
ਦਾਸ : ਮੰਗਲਦੀਪ ਸਿੰਘ

ਅੰਮ੍ਰਿਤ ਛਕ ਲਿਆ , ਦੁਮਾਲਾ ਸਜਾ ਲਿਆ , ਬਣ ਗਏ ਖਾਲਸੇ !!

ਆਹ ਪੋਸਟ ਖਾਸ ਕਰਕੇ ਉਹਨਾਂ ਵੀਰਾਂ ਭੈਣਾਂ ਵਾਸਤੇ ਹੈ ਜਿਹਨਾਂ ਨੇ ਅੰਮ੍ਰਿਤ ਤਾਂ ਛਕ ਲਿਆ , ਦੁਮਾਲਾ ਵੀ ਸਜਾ ਲਿਆ ਤੇ ਆਪਣੇ ਆਪ ਨੂੰ ਅਜਿਹਾ ਪੇਸ਼ ਕਰ ਰਹੇ ਨੇ ਜਿਵੇਂ ਉਹਦੇ ਵਰਗਾ ਧਾਰਮਿਕ ਕੋਈ ਹੈ ਹੀ ਨਈ ਦੁਨੀਆਂ ਤੇ , ਭਾਂਵੇ ਮੇਰੇ ਵਰਗਿਆਂ ਦਾ ਅਜੇ ਨਿਤਨੇਮ ਵੀ ਪੱਕਾ ਨੀ ਹੋਇਆ ਅਤੇ ਗੁਰੂ ਦੇ ਦੱਸੇ ਸਿਧਾਂਤਾਂ ਬਾਰੇ ਵੀ ਕੁਝ ਹਾਲੇ ਪਤਾ ਨਹੀ । ਮੰਨਿਆ ਕਿ ਇਹ ਜ਼ਮਾਨਾ ਤੁਹਾਡੇ ਵਾਸਤੇ ਬਹੁਤ ਅਗਾਹਂਵਧੂ ਹੈ ਪਰ ਦਾਸ ਅੱਜ ਵੀ ਉਹ ਜ਼ਮਾਨੇ ਵਿਚ ਰਹਿਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਜਿਸ ਵੇਲੇ ਸਿੱਖੀ ਵਿਚ ਫੈਸ਼ਨ ਵਰਗੀਆਂ ਸਿੱਖੀ ਨੂੰ ਘਾਣ ਕਰਨ ਵਾਲੀਆਂ ਚੀਜ਼ਾਂ ਨੂੰ ਬਿਲਕੁਲ ਤਰਜੀਹ ਨਹੀਂ ਦਿਤੀ ਜਾਂਦੀ ਸੀ। ਸਿੱਖੀ ਵਿਚ ਪ੍ਰਪੱਕ ਰਹਿਣ ਲਈ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਵੀ ਬਖਸ਼ੇ ਨੇ ਤੇ ਅਸੀਂ ਅੱਜ ਉਹ ਸਿਧਾਂਤ ਛਿਕੇ ਟੰਗ ਕੇ ਦੁਨੀਆ ਦੇ ਫੈਸ਼ਨ ਨਾਲ ਚੱਲਣ ਲੱਗ ਗਏ ਹਾਂ। ਅੱਜਕਲ ਮੁੰਦੀ-ਛੱਲਿਆਂ ਵਾਲੇ , ਗਹਿਣੇ ਵਗੈਰਾ ਪਾਉਣ ਵਾਲੇ , ਮੋਨੇ-ਘੋਨੇ ਰਹਿਣ ਵਾਲੇ , ਅੰਮ੍ਰਿਤ ਛਕ ਕੇ ਸਿਧਾਂਤਾਂ ਨੂੰ ਛਿਕੇ ਟੰਗਣ ਵਾਲੇ ਵੀ ਆਪਣੇ ਆਪ ਨੂੰ ਸਿੱਖ ਮੰਨੀ ਬੈਠੇ ਨੇ। ਸਿੱਖੀ ਦੇ ਜੋ ਸਿਧਾਂਤ ਨੇ ਉਹਨਾਂ ਉੱਪਰ ਪ੍ਰਪੱਕ ਰਹਿਣ ਲਈ ਗੁਰਬਾਣੀ ਦਾ ਗਿਆਨ ਜਰੂਰੀ ਹੈ ਜੋ ਅਜੇ ਦਾਸ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਏ। ਗੁਰੂ ਸਾਹਿਬ ਨੇ ਸਾਨੂੰ ਸਭ ਤੋਂ ਨਿਆਰਾ ਬਣਾਇਆ ਸੀ ਤੇ ਅਸੀਂ ਅੱਜ ਆਪਣੀ ਗ਼ਲਤੀ ਤਾਂ ਕੀ ਸੁਧਾਰਨੀ ਸਗੋਂ ਇਕ ਦੂਜੇ ਨੂੰ ਇਹ ਕਹਿਣ ਤੇ ਜ਼ੋਰ ਦਿੱਤਾ ਹੋਇਆ ਕਿ ਫਲਾਣਾ ਬੰਦਾ ਵੀ ਤਾਂ ਇਹ ਕੰਮ ਕਰਦਾ ਹੀ ਆ !! ਜੇ ਕੋਈ ਪੰਥ ਲਈ ਹਿਰਦੇ ਵਿਚ ਦਰਦ ਰੱਖ ਕੇ ਸਮਝਾਉਂਦਾ ਵੀ ਹੈ ਤਾਂ ਉਸਨੂੰ ਕਿਹਾ ਜਾਂਦਾ ਕਿ " ਮੇਰੀ ਮਰਜੀ ਮੇਰੀ ਜ਼ਿੰਦਗੀ, ਮੈਂ ਜੋ ਮਰਜੀ ਕਰਾਂ !! " ਪਰ ਸਿਧਾਂਤ ਤੋਂ ਟੁੱਟ ਚੁੱਕਿਆਂ ਨੂੰ ਸਾਨੂੰ ਇਹ ਸਮਝ ਨੀ ਆਈ ਕਿ ਫਲਾਣਾ ਸਿੰਘ ਹਮੇਸ਼ਾ ਗੁਰਬਾਣੀ ਦੀ ਗੱਲ ਕਰਦਾ , ਉਹਦਾ ਜੀਵਨ ਵੀ ਬਹੁਤ ਚੜ੍ਹਦੀ ਕਲਾ ਵਾਲਾ ਤੇ ਅਸੀਂ ਕਹਿ ਵੀ ਦਿੰਦੇ ਆ ਕਿ ਉਸ ਉੱਪਰ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਏ ਪਰ ਕਦੇ ਅਸੀਂ ਆਪਣੇ ਅੰਦਰ ਝਾਤ ਨੀ ਮਾਰੀ ਕਿ ਅਸੀਂ ਕੀ ਕਰ ਰਹੇ ਆ ਤੇ ਸਾਡਾ ਅਸਲ ਸਿਧਾਂਤ ਕੀ ਸੀ ? ਕਦੇ ਅਸੀਂ ਇਹ ਨੀ ਸੋਚਦੇ ਕਿ ਗੁਰੂ ਸਾਹਿਬ ਦੀ ਕਿਰਪਾ ਸਾਡੇ ਉੱਪਰ ਵੀ ਹੋ ਸਕਦੀ ਹੈ, ਪਰ ਇਸ ਲਈ ਸਾਨੂੰ ਸਿਧਾਂਤਕ ਤੌਰ ਤੇ ਪੱਕੇ ਹੋਣਾ ਪੈਣਾ ਅਤੇ ਸਿੱਖੀ ਦਾ ਘਾਣ ਕਰਨ ਵਾਲੀਆਂ ਚੀਜ਼ਾਂ ਦਾ ਤਿਆਗ ਕਰਨਾ ਪੈਣਾ। ਜੋ ਅਸੀਂ ਤਿਆਗ ਕਰਨਾ ਹੈ ਉਸਨੂੰ ਸਮਝਣ ਲਈ ਪੁਰਾਤਨ ਸਿਖਾਂ ਦੀਆਂ ਜੀਵਨੀਆਂ ਵੀ ਪੜ੍ਹਨੀਆਂ ਪੈਣੀਆਂ , ਗੁਰਬਾਣੀ ਵੀ ਪੜ੍ਹਨੀ ਪੈਣੀ ਅਤੇ ਜੀਵਨ ਉੱਪਰ ਲਾਗੂ ਵੀ ਕਰਨੀ ਪੈਣੀ। ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੀਏ ਕਿ ਸਾਨੂੰ ਸਭ ਨੂੰ ਸੁਮੱਤ ਬਖਸ਼ੋ ਗੁਰੂ ਸਾਹਿਬ ਤਾਂ ਜੋ ਅਸੀਂ ਤੁਹਾਡੇ ਦੱਸੇ ਸਿਧਾਂਤ ਨਾਲ ਜੁੜ ਸਕੀਏ ਅਤੇ ਦਾਸ ਵਰਗੇ ਮੂਰਖ ਦੇ ਵੀ ਫਿਰ ਕੁਝ ਪੱਲੇ ਪੈ ਸਕੇ ਤੁਹਾਡੀ ਸੰਗਤ ਕਰਕੇ। ਜੇ ਅਸੀਂ ਹੁਣ ਆਪਣੀਆਂ ਮਰਜੀ ਕਰਦੇ ਰਹੇ ਤਾਂ ਯਾਦ ਰੱਖੀਏ ਇਕ ਦਿਨ ਉਸ ਖਸਮ ਦੀ ਮਰਜੀ ਚੱਲਣੀ ਆ ਤੇ ਸਾਡੇ ਪੱਲੇ ਉਦੋਂ ਮਿੰਨਤਾਂ ਹੀ ਰਹਿ ਜਾਣੀਆਂ। #Khalsa_Empire

Monday 28 November 2016

ਤਰਕ ਅਤੇ ਸ਼ਰਧਾ

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਿੱਖੀ ਵਿੱਚ ‘ਤਰਕ’ ਨੂੰ ਇੱਕ ਅਹਿਮ ਸਥਾਨ ਪ੍ਰਾਪਤ ਹੈ ਤੇ ਗੁਰੂ ਸਾਹਿਬਾਨ ਭਾਰਤੀ ਸਮਾਜ ਅੰਦਰ ਪ੍ਰਚਲਿਤ ਅੰਧ ਵਿਸ਼ਵਾਸਾਂ ਦਾ ਤਰਕ ਨਾਲ ਚੰਗਾ ਬਖੀਆ ਓੁਧੇੜਦੇ ਰਹੇ ਹਨ, ਪਰ ਇਸਦੇ ਬਾਵਜੂਦ ਗੁਰੂ ਦੀ ਸਿੱਖੀ ਧਾਰਨ ਕਰਨ ਵਾਲਿਆਂ ਦਾ ਗੁਰੂ ਨਾਲ ਰਿਸ਼ਤਾ ਵਿਸ਼ਵਾਸ ਅਧਾਰਿਤ ‘ਸ਼ਰਧਾ’ ਦੀ ਮਜਬੂਤ ਨੀਂਹ ਤੇ ਖੜਾ ਹੈ,ਜਿਸ ਵਿੱਚ ਕਿਸੇ ਤਰਕ ਨੂੰ ਕੋਈ ਥਾਂ ਹਾਸਿਲ ਨਹੀਂ । ਗੁਰੂ ਨੇ ਤਾਂ ਸਿੱਖ ਲਈ ਪਹਿਲੀ ਸ਼ਰਤ ਹੀ ਇਹ ਰੱਖ ਦਿੱਤੀ ਹੈ ਕਿ :-
ਜਓੁ ਤਓੁ ਪ੍ਰੇਮ ਖੇਲਣ ਕਾ ਚਾਓੁ ।।
ਸਿਰੁ ਧਰਿ ਤਲੀ ਗਲੀ ਮੇਰੀ ਆਓੁ ।।
ਤੇ ਇਸ ‘ਸ਼ਰਤ’ ਵਿੱਚ ‘ਤਰਕ’ ਦੀ ਕੋਈ ਗੁੰਜਾਇਸ਼ ਹੀ ਨਹੀਂ ।
ਸ਼ਰਤ ਤੋਂ ਜੇ ਅੱਗੇ ਦੇਖਿਆ ਜਾਵੇ ਤਾਂ ਪਤਾ ਲੱਗਦਾ ਕਿ ਸਤਿਗੁਰੂ ਆਪਣੇ ਸਿੱਖਾਂ ਦੀ ਪਰਖ ਲਈ ਕਈ ਤਰਾਂ ਦੇ ਕੌਤਕ ਵਰਤਾਓੁਂਦੇ ਹਨ ।
ਜਦ ਗੁਰੂ ਸਾਹਿਬ ਸਿੱਖਾਂ ਨੂੰ ਅੱਧੀ ਰਾਤ ਨੂੰ ਧਰਮਸ਼ਾਲਾ ਦੀ ਕੰਧ ਓੁਸਾਰਨ ਦਾ ਹੁਕਮ ਦਿੰਦੇ ਹਨ ਤਾਂ ‘ਤਰਕ’ ਕਹਿੰਦਾ :- ”ਕੰਧ ਤਾਂ ਸਵੇਰੇ ਵੀ ਓੁਸਾਰੀ ਜਾ ਸਕਦੀ ਐ”,,,,,,,,,,,ਪਰ ”ਸ਼ਰਧਾ” ਕੋਈ ਹੀਲ ਹੁੱਜਤ ਨਹੀਂ ਕਰਦੀ ਤੇ ਅੱਧੀ ਰਾਤ ਨੂੰ ਹੀ ਕੰਧ ਓੁਸਾਰ ਦਿੰਦੀ ਹੈ ।
ਜਦ ਗੁਰੂ ਸਾਹਿਬ ਸਿੱਖਾਂ ਨੂੰ ਇਕੱਠੇ ਕਰਕੇ ਮੁਰਦਾ ਖਾਣ ਦਾ ਹੁਕਮ ਦਿੰਦੇ ਹਨ ਤਾਂ ‘ਤਰਕ’ ਮੱਥੇ ਤਿਓੂੜੀ ਪਾ ਕੇ ਪ੍ਰਸ਼ਨ ਸੂਚਕ ਅੱਖਾਂ ਨਾਲ ਬਿਟ ਬਿਟ ਦੇਖਦਾ ਹੈ,,,,,,,,,,,ਪਰ ‘ਸ਼ਰਧਾ’ ਸਿਰ ਝੁਕਾ ਕੇ ਪੁਛਦੀ ਹੈ :- ”ਗੁਰੂ ਸਾਹਿਬ ਜੀਓ ! ਕਿਹੜੇ ਪਾਸਿਓਂ ਖਾਣਾ ਸ਼ੁਰੂ ਕਰਾਂ, ਸਿਰ ਵਾਲੇ ਪਾਸਿਓਂ ਕੇ ਪੈਰਾਂ ਵਾਲੇ ਪਾਸਿਓਂ……….?
ਜਦ ਤਰਕ ਹੰਕਾਰੀ ਹੋਈ ਭਾਸ਼ਾ ਵਿੱਚ ਗੱਲ ਕਰਦਾ ਹੈ ਤਾਂ ਗੁਰੂ ਸਾਹਿਬ ਓੁਸਨੂੰ ਓੁਸਦੀ ਹੈਸੀਅਤ ਸਮਝਾਓੁਣ ਲਈ ਵੰਗਾਰ ਪਾਓੁਂਦੇ ਹਨ :- ”ਡੱਲਿਆ ! ਮੈਂ ਆਪਣੀ ਬੰਦੂਕ ਦਾ ਨਿਸ਼ਾਨਾ ਪਰਖਣੈਂ……..ਆਪਣਾ ਕੋਈ ਯੋਧਾ ਲਿਆ ।”
‘ਤਰਕ’ ਡਗਮਗਾਓੁਂਦਾ ਹੈ ਤੇ ਡਰੀ ਡਰੀ ਅਵਾਜ ਵਿੱਚ ਸਵਾਲ ਕਰਦਾ :- ”ਨਿਸ਼ਾਨਾ ਤਾਂ ਕਿਸੇ ਜਾਨਵਰ ਓੁਤੇ ਵੀ ਪਰਖਿਆ ਜਾ ਸਕਦੈ, ਬੰਦੇ ਦੀ ਜਾਨ ਗਵਾਓੁਣ ਦੀ ਕੀ ਲੋੜ ?
ਗੁਰੂ ਜੀ ਮੁਸਕਰਾਓੁਂਦੇ ਹਨ । ਓੁਹਨਾਂ ਦੀ ਇਲਾਹੀ ਨਜ਼ਰ ”ਸਿੱਖ ਸ਼ਰਧਾ” ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਦੀ ਹੈ, ਗੁਰੂ ਵਿਸ਼ਵਾਸ ਵਿੱਚ ਰੱਤੀ ਸ਼ਰਧਾ ਤੁਰੰਤ ਗੁਰੂ ਵੱਲ ਭੱਜੀ ਆਓੁਂਦੀ ਐ ਤੇ ਗੁਰੂ ਦੀ ਸੇਧਤ ਬੰਦੂਕ ਅੱਗੇ ਇੱਕ ਦੂਜੇ ਤੋਂ ਅੱਗੇ ਹੋ ਹੋ ਆਪਣੀ ਛਾਤੀ ਡਾਹਓੁਂਦੀ ਹੈ ।”
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖੀ ਵਿੱਚ ‘ਤਰਕ’ ਅੰਧ ਵਿਸ਼ਵਾਸ ਨੂੰ ਕੱਟਣ ਵਾਲੀ ਇੱਕ ਤੇਜਧਾਰ ਤਲਵਾਰ ਹੈ,,,ਪਰ ਇਹ ਵੀ ਸੱਚ ਹੈ ਕਿ ਸਿੱਖੀ ਵਿੱਚ ”ਸ਼ਰਧਾ” ਓੁਸ ਜਿਸਮ ਦੇ ਲਹੂ ਵਿੱਚ ਘੁਲੀ ਹੋਣੀ ਜਰੂਰੀ ਹੈ ਜਿਸ ਜਿਸਮ ਦੇ ਹੱਥ ਵਿੱਚ ਅੰਧ ਵਿਸ਼ਵਾਸ ਦਾ ਜਾਲ ਕੱਟਣ ਵਾਲੀ ”ਤਰਕ” ਦੀ ਤਲਵਾਰ ਫੜੀ ਹੋਈ ਹੈ ।
ਸਿੱਖੀ ਦੇ ਵਿਸ਼ਾਲ ਮਹਿਲ ਵਿੱਚ ”ਵਿਸ਼ਵਾਸ” ਅਤੇ ”ਸ਼ਰਧਾ” ਦਾ ਦਰਜਾ ‘ਨੀਂਹ’ ਵਾਲਾ ਹੈ,,,,,,ਅਤੇ ”ਤਰਕ” ਦਾ ਦਰਜਾ ‘ਬਨੇਰਿਆਂ’ ਵਾਲਾ ।
ਅੱਜ ਜੋ ਲੋਕ ਆਪਣੇ ਮੱਥੇ ਓੁਤੇ ‘ਵਿਦਵਤਾ’ ਦਾ ਲੇਬਲ ਲਾ ਕੇ ਸਿੱਖੀ ਵਿਚਲੇ ”ਵਿਸ਼ਵਾਸ” ਅਤੇ ”ਸ਼ਰਧਾ’ ਨੂੰ ਸਿੱਖੀ ਵਿਚਲੇ ”ਤਰਕ” ਨਾਲ ਸਿੱਖੀ ਜੀਵਨ ਵਿੱਚੋਂ ਖ਼ਤਮ ਕਰ ਦੇਣ ਦੇ ਹਾਸੋਹੀਣੇ ਮਿਸ਼ਨ ਦਾ ਝੰਡਾ ਚੁੱਕੀ ਫਿਰਦੇ ਹਨ, ਓੁਹਨਾਂ ਦਾ ਯਤਨ ਇਸ ਤਰਾਂ ਦਾ ਹੈ ਜਿਵੇਂ ਕੋਈ ‘ਬਿਜਲੀ’ ਨੂੰ ਮਾਰ ਸੁੱਟਣ ਲਈ ਓੁਸ ਨੂੰ ‘ਕਰੰਟ’ ਲਾ ਰਿਹਾ ਹੋਵੇ।
ਬਾਂਦਰ ਦੇ ਹੱਥ ਡਾਇਨਾਮਾਈਟ ਦੀ ਸੋਟੀ ਵਾਂਗ ਐਸੇ ਮਕੈਨਿਕ ਬਿਜਲੀ ਦਾ ਕੁਝ ਨੁਕਸਾਨ ਕਰ ਸਕਣ ਜਾਂ ਨਾ,,,ਪਰ ਹੋਰ ਕਈ ਤਰਾਂ ਦੇ ਸ਼ਾਰਟ ਸਰਕਿਟ ਕਰਕੇ ਸਮੱਸਿਆਵਾਂ ਜਰੂਰ ਪੈਦਾ ਕਰ ਦਿੰਦੇ ਆ ।
ਇਸੇ ਹੀ ਤਰਜ਼ ਓੁਤੇ ਤਰਕ ਦੇ ਹਥਿਆਰ ਨਾਲ ਸਿੱਖ ਸ਼ਰਧਾ ਨੂੰ ਖ਼ਤਮ ਕਰਨ ਲਈ ਜੁਟੇ ਅਖੌਤੀ ਵਿਦਵਾਨ ਸਿੱਖੀ ਨੂੰ ਖਤਮ ਤਾਂ ਭਾਵੇਂ ਨਾ ਕਰ ਸਕਣ,,,,ਪਰ ਕੌਮ ਵਿੱਚ ਕਈ ਤਰਾਂ ਦੀਆਂ ਦੁਬਿਧਾਵਾਂ ਤੇ ਸ਼ੰਕੇ ਜਰੂਰ ਪੈਦਾ ਕਰ ਜਾਂਦੇ ਆ ।
ਜਿਹੜੇ ਅਖੌਤੀ ਵਿਦਵਾਨ ਅੱਜ ”ਤਰਕ” ਨੂੰ ਅਧਾਰ ਬਣਾ ਕੇ ਤੇ ਸਿੱਖੀ ਮਹਿਲ ਦੇ ਅੰਦਰ ਬੈਠ ਕੇ ”ਸਿੱਖ ਸ਼ਰਧਾ” ਦੀਆਂ ਬੁਨਿਆਦਾਂ ਨੀਂਹਾ ਹਿਲਾ ਦੇਣ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ, ਓੁਹਨਾਂ ਨੂੰ ਸਿਰਫ ਇਹੀ ਕਹਿਣਾ ਚਾਹੁੰਦੇ ਆ ਕਿ ਸਿਰਫ ਤਰਕ ਨਾਲ ਤੇ ਅਕਾਲ ਪੁਰਖ ਦੀ ਹੋਂਦ ਨੂੰ ਵੀ ਸਾਬਿਤ ਨਹੀਂ ਕੀਤਾ ਜਾ ਸਕਦਾ ।
ਦੂਜੇ ਪਾਸੇ ਤਰਕ ਦੀ ਬੇਮੌਸਮੀ ਗੜੇਮਾਰੀ ਝੱਲ ਰਹੀ ਸਿੱਖ ਸੰਗਤ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਸ ਸਿੱਖ ਮਰਯਾਦਾ ਪ੍ਰਤੀ ਆਸਥਾ ਰੱਖ ਕੇ ਸਿੰਘ ਤੁਫਾਨੀ ਭਵਜਲਾਂ ਓੁੱਤੇ ਫਤਿਹ ਪ੍ਰਾਪਤ ਕਰਦੇ ਰਹੇ ਹਨ,,,,,,ਪੁਰਾਤਨ ਤੇ ਵਰਤਮਾਨ ਸਮੇਂ ਵਿੱਚ ਕਹਿਰੀ ਜ਼ੁਲਮ ਅਤੇ ਤਸ਼ੱਦਦ ਹੱਸ ਹੱਸ ਕੇ ਸਹਾਰਦੇ ਹੋਏ ਜਾਮੇ ਸ਼ਹਾਦਤ ਪੀਦੇ ਰਹੇ,,,ਓੁਹ ਐਂਵੇ ਝੱਖਾਂ ਹੀ ਨਹੀਂ ਸੀ ਮਾਰਦੇ ਰਹੇ ।
ਕਿਸੇ ਵੀ ਮਾਨਸਿਕ ਰੋਗੀ ਨੂੰ ”ਵਿਦਵਾਨ” ਸਮਝ ਕੇ ਜਾਂ ਆਪਣੀਆਂ ਸੁਰਖੀਆਂ ਲੱਗਣ ਦੇ ਕਾਰਨ ਕਿਸੇ ਸ਼ਖਸ ਨੂੰ ਇਸ ਤਰਾਂ ਦਾ ਦਰਜਾ ਦੇਣਾ ਕਿ ਓੁਸਨੇ ਪ੍ਰਗਟ ਹੋ ਕੇ ਚਾਨਣ ਕੀਤਾ ਹੈ ,,,,,ਇਸ ਤੋਂ ਪਹਿਲਾਂ ਸਿ੍ੱਖ ਹਨੇਰੇ ਵਿੱਚ ਹੀ ਭਟਕਦੇ ਰਹੇ ਸਨ, ਪੁਰਾਤਨ ਸਿੱਖ ਸ਼ਹੀਦਾਂ , ਯੋਧਿਆਂ ਅਤੇ ਵਿਦਵਾਨਾਂ ਦੇ ਅਪਮਾਨ ਦੇ ਨਾਲ ਨਾਲ ਇੱਕ ‘ਮਹਾਂਪਾਪ’ ਵੀ ਹੈ ।
ਘੱਟੋ ਘੱਟ ਗੁਰਮਤਿ ਪ੍ਰਤੀ ਆਸਥਾ ਰੱਖਣ ਵਾਲੇ ਵੀਰਾਂ ਭੈਣਾਂ ਨੂੰ ਇਸ ਮਹਾਂਪਾਪ ਦੇ ਭਾਗੀਦਾਰ ਨਹੀਂ ਬਣਨਾ ਚਾਹੀਦਾ । #Anonymous

Monday 7 November 2016

ਗੁਰ ਉਪਦੇਸਿ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਦੁਖ ਲਾਥੇ ॥

ਗੱਲ ਕਰਦੇ ਹਾਂ ਜੀ ਅੱਜ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਉਪਦੇਸ਼ਾਂ ਦੀ ਜੋ ਸਾਨੂੰ ਜੀਵਨ ਉੱਪਰ ਲਾਗੂ ਕਰਨੇ ਚਾਹੀਦੇ ਸੀ ਪਰ ਅਸੀਂ ਆਪਣੀ ਲੋੜ ਮੁਤਾਬਿਕ ਆਪਣੀ ਪਸੰਦ ਦੇ ਸ਼ਬਦ ਸਭ ਸਾਹਮਣੇ ਪੇਸ਼ ਕਰਦੇ ਰਹਿੰਦੇ ਹਾਂ। ਜਿਵੇਂ :-

" ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥ "


ਹੁਣ ਇਹ ਸ਼ਬਦ ਦੀ ਬਹੁਤ ਬੇਅਦਬੀ ਹੋ ਰਹੀ ਹੈ ਕਿਉਂਕਿ ਗੁਰੂ ਸਾਹਿਬ ਜੀ ਦੇ ਇਸ ਫੁਰਮਾਨ ਨੂੰ ਅਸੀਂ ਲੋਕਾਂ ਨੇ ਵਿਆਹ ਦੇ ਕਾਰਡਾਂ ਉੱਪਰ ਅਤੇ ਹੋਰ ਕਈ ਦੁਨਿਆਵੀ ਖੁਸ਼ੀਆਂ ਵਾਲੇ ਕਾਰਜਾਂ ਵਿਚ ਵਰਤਣਾ ਸ਼ੁਰੂ ਕਰ ਦਿੱਤਾ। ਜੇ ਦੇਖਿਆ ਜਾਵੇ ਤਾਂ ਇਸ ਸ਼ਬਦ ਵਿਚ ਇੱਕ ਸ਼ਰਤ ਵੀ ਲਾਗੂ ਕੀਤੀ ਗਈ ਹੈ ਜਿਵੇਂ ਗੁਰੂ ਜੀ ਨੇ " ਜੇ " ਸ਼ਬਦ ਦੀ ਵਰਤੋਂ ਕਰਕੇ ਇਹ ਕਿਹਾ ਹੈ ਕਿ ਲੱਖਾਂ ਖੁਸ਼ੀਆਂ (ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ) ਤੇਰੇ ਕੋਲ ਹੋਣਗੀਆਂ ਜੇ ਸਤਿਗੁਰੂ ਜੀ ਆਪਣੀ ਦਇਆ- ਦ੍ਰਿਸ਼ਟੀ (ਕਿਰਪਾ) ਸਾਡੇ ਉੱਪਰ ਕਰਨਗੇ। ਇਸ ਸ਼ਬਦ ਵਿਚ ਵਰਤਿਆ ਗਿਆ " ਜੇ " ਸ਼ਬਦ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਸਤਿਗੁਰੂ ਜੀ ਦੀ ਕਿਰਪਾ ਵੀ ਫਿਰ ਹੀ ਹੋਵੇਗੀ ਜੇ ਅਸੀਂ ਗੁਰੂ ਜੀ ਦੇ ਦਿੱਤੇ ਉਪਦੇਸ਼ਾਂ ਉੱਪਰ ਚੱਲਾਂਗੇ। ਗੁਰੂ ਜੀ ਦੇ ਸਿੱਖ (ਸਟੂਡੈਂਟ, ਸਿਖਿਆਰਥੀ) ਨੂੰ ਰਹਿਤ ਵਿਚ ਰਹਿਣਾ ਬਹੁਤ ਜਰੂਰੀ ਹੈ ਅਤੇ ਇਹ ਰਹਿਤਾਂ ਸਾਨੂੰ ਗੁਰੂ ਸਾਹਿਬਾਨ ਵੱਲੋਂ ਦੱਸੀਆਂ ਗਈਆਂ ਨੇ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਵੱਲੋਂ ਦੱਸੀਆਂ ਰਹਿਤਾਂ ਉੱਪਰ ਚੱਲੀਏ ਅਤੇ ਦੁਨੀਆ ਵੱਲੋਂ ਸ਼ੁਰੂ ਕੀਤੀਆਂ ਖੁਦ ਦੀਆਂ ਮਨਮੱਤਾਂ ਨੂੰ ਦੂਰ ਰੱਖਣ ਲਈ ਗੁਰਬਾਣੀ ਦੇ ਲੜ ਲੱਗੀਏ। ਗੁਰੂ ਸਾਹਿਬ ਜੀ ਦਾ ਸਿੱਖ ਵੀ ਓਹੀ ਹੈ ਜੋ ਗੁਰੂ ਜੀ ਦੀ ਕਹੀ ਗੱਲ ਉੱਪਰ ਚਲਦਾ ਹੈ ਜਿਵੇਂ ਕਿ ਗੁਰੂ ਜੀ ਫੁਰਮਾਉਂਦੇ ਨੇ :-


" ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ 

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ "

ਸਾਫ ਸ਼ਬਦਾਂ ਵਿਚ ਸਤਿਗੁਰੂ ਜੀ ਸਾਨੂੰ ਇਹ ਦ੍ਰਿੜ੍ਹ ਕਰਵਾ ਰਹੇ ਨੇ ਕਿ ਜੋ ਸਤਿਗੁਰੂ ਜੀ ਦਾ ਸਿੱਖ ਹੈ ਉਹ ਰੋਜ ਸਵੇਰੇ ਉੱਠ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ ,ਹਰ ਰੋਜ ਸਵੇਰੇ ਉਦਮ ਕਰਕੇ ਇਸ਼ਨਾਨ ਕਰਦਾ ਹੈ ਅਤੇ ਪ੍ਰਭੂ ਦੇ ਨਾਮ ਰੂਪੀ ਸਰੋਵਰ ਵਿਚ ਟੁੱਬੀ ਲਗਾਉਂਦਾ ਹੈ। 

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬ ਤਾਂ ਕਹਿ ਰਹੇ ਨੇ ਜੋ ਇਸ ਤਰਾਂ ਰਹਿੰਦਾ ਹੈ ਓਹੀ ਸਤਿਗੁਰੂ ਜੀ ਦਾ ਸਿੱਖ ਅਖਵਾਉਂਦਾ ਹੈ ਪਰ ਅਸੀਂ ਜੇ ਆਪਣੇ ਵੱਲ ਝਾਤ ਮਾਰ ਕੇ ਦੇਖੀਏ ਕਿ, ਕੀ ਅਸੀਂ ਸੱਚਮੁੱਚ ਹੀ ਗੁਰੂ ਦੇ ਸਿੱਖ ਹਾਂ ਜਾਂ ਸਿਰਫ ਲੋਕਾਂ ਨੂੰ ਇਹ ਦ੍ਰਿੜ੍ਹ ਕਰਵਾਉਣ ਵਿਚ ਵਿਅਸਤ ਹਾਂ ਕਿ ਮੈਂ ਹੀ ਸਿੱਖ ਹਾਂ ਜੀ ਬਾਕੀ ਤਾਂ ਸਭ ਗਲਤ ਹੀ ਨੇ। ਵੈਸੇ ਵੀ ਦਾਸ ਵਰਗੇ ਬਥੇਰੇ ਨੇ ਜੋ ਰੋਜ ਸੋਸ਼ਲ ਮੀਡੀਆ ਉੱਪਰ ਰੌਲਾ ਪਾਉਂਦੇ ਨੇ ਕਿ ਅਸੀਂ ਛੱਚ ਦਾ ਪ੍ਰਚਾਰ ਕਰਦੇ ਹਾਂ । ਖੈਰ !! ਜੇ ਕਿਧਰੇ ਚੰਗਿਆਈ ਹੈ ਤਾਂ ਉਥੇ ਬੁਰਿਆਈ ਵੀ ਹੁੰਦੀ ਹੀ ਹੈ ਤੇ ਸਾਨੂੰ ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗੁਰੂ ਜੀ ਵੱਲੋਂ ਦੱਸੇ ਗਏ ਰਾਹ ਉੱਪਰ ਚੱਲ ਸਕੀਏ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅਰਦਾਸ ਕਰਿਆ ਕਰੋ ਰੋਜ ਕਿ ਸਤਿਗੁਰੂ ਜੀ ਦੁਨਿਆਵੀ ਉਲਝੇਵਿਆਂ ਤੋਂ ਮੁਕਤ ਕਰਨ ਲਈ ਸਾਨੂੰ ਸੋਝੀ ਅਤੇ ਉੱਦਮ ਬਖਸ਼ਿਸ਼ ਕਰੋ ਅਤੇ ਅਸੀਂ ਤੁਹਾਡੇ ਉਪਦੇਸ਼ ਉੱਪਰ ਚੱਲ ਸਕੀਏ।
ਦਾਸ : ਮੰਗਲਦੀਪ ਸਿੰਘ

ਪੰਜ-ਆਬ ਤੋਂ ਡੇਢ-ਆਬ ਤੱਕ ਪੰਜਾਬ ਦਾ ਸਫ਼ਰ !

ਪੰਜਾਬ ਦਾ ਨਾਮ ਪੰਜ ਦਰਿਆਂਵਾਂ ਤੋਂ ਰੱਖਿਆ ਗਿਆ ਕਿਉਂਕਿ ਪਾਣੀ ਨੂੰ ਆਬ ਵੀ ਕਹਿੰਦੇ ਨੇ ਅਤੇ ਪੰਜ ਦਰਿਆ ਹੋਣ ਕਾਰਨ ਇਸਦਾ ਨਾਮ ਪੰਜ-ਆਬ ਰੱਖਿਆ ਗਿਆ। ਪੰਜਾਬ ਵਿਚ ਬੋਲੀ ਜਾਂਦੀ ਭਾਸ਼ਾ ਦਾ ਨਾਮ ਪੰਜਾਬੀ ਹੈ।  ਪਰ ਹੁਣ ਸਵਾਲ ਇਹ ਹੈ ਕਿ ਅੱਜ ਦੇ ਪੰਜਾਬ ਵਿਚ ਪੰਜ ਦਰਿਆ ਕਿਥੇ ਹਨ ?? ਅੱਜ ਦੇ ਪੰਜਾਬ ਵਿਚ ਪੰਜਾਬੀ ਬੋਲਣ ਉੱਪਰ ਸਕੂਲ ਕਾਲਜ ਵਾਲੇ ਬੱਚਿਆਂ ਨੂੰ ਜੁਰਮਾਨਾ ਲਗਾਉਣ ਲੱਗ ਗਏ ਹਨ , ਆਖਿਰ ਕਿਉਂ ?? ਕਿਉਂ ਪੰਜਾਬ ਨੂੰ ਖ਼ਤਮ ਕਰਨ ਤੇ ਲੱਗਿਆਂ ਹੋਈਆਂ ਨੇ ਇਹ ਗੰਦੀਆਂ ਸਰਕਾਰਾਂ ?? ਵੀਡੀਉ ਦੇਖੋ ਸਭ ਸਮਝ ਆ ਜਾਊ !!

Thursday 29 September 2016

ਸਿੱਖ ਨੇ ਕੀ ਸੁਣਨਾ ਅਤੇ ਗਾਉਣਾ ਹੈ ?

ਇਹ ਪੋਸਟ ਸਿਰਫ ਸਿੱਖ ਵੀਰ ਭੈਣਾਂ ਵਾਸਤੇ ਹੈ ਕਿਉਂਕਿ ਬਾਕੀ ਇਸ ਪੋਸਟ ਬਾਰੇ ਗ਼ਲਤ ਵੀ ਬੋਲਣਗੇ ਚਾਹੇ ਇਸ ਵਿਚ ਸਾਰੀ ਗੱਲ ਗੁਰਮਤਿ ਦੇ ਅਧਾਰ ਤੇ ਕੀਤੀ ਜਾਵੇਗੀ।
ਸੋ ਪਹਿਲਾਂ ਇਹ ਪੁਸ਼ਟੀ ਕਰ ਦਿਤੀ ਜਾਵੇ ਕਿ ਸਿੱਖ ਕੌਣ ਹੁੰਦਾ ਹੈ। ਸਿੱਖ ਦਾ ਮਤਲਬ ਹੈ ਸਿੱਖਣ ਵਾਲਾ (ਸਿਖਿਆਰਥੀ ਜਾਂ ਕਹਿ ਲਉ ਵਿਦਿਆਰਥੀ) , ਜੋ ਗੁਰੂ ਵੱਲੋਂ ਦਿਤੀ ਸਿਖਿਆ ਉੱਪਰ ਚਲਦਾ ਹੈ। ਗੁਰੂ ਦਾ ਮਤਲਬ ਹੈ ਅਧਿਆਪਕ ਜੋ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੀ ਰੋਸ਼ਨੀ ਨਾਲ ਦੂਰ ਕਰਦਾ ਹੈ। ਹੁਣ ਆਪਾਂ ਸਭ ਵੀ ਇਹ ਪੁਸ਼ਟੀ ਕਰ ਲਈਏ ਕਿ ਕੀ ਅਸੀਂ ਗੁਰੂ ਦੀ ਸਿਖਿਆ ਉੱਪਰ ਚਲਦੇ ਹਾਂ ?? ਕੀ ਅਸੀਂ ਸਿੱਖ ਹਾਂ ??
ਚਲੋ ਗੱਲ ਕਰਦੇ ਹਾਂ ਸਾਡੇ ਅੱਜ ਦੇ ਵਿਸ਼ੇ ਦੀ ਜੋ ਹੁਣ ਬਹੁਤ ਹੀ ਅਹਿਮ ਮੁੱਦਾ ਬਣਦਾ ਜਾ ਰਿਹਾ ਹੈ ਜਿਸਨੂੰ ਅਸੀਂ ਗੀਤਕਾਰੀ ਵੀ ਕਹਿੰਦੇ ਹਾਂ। ਗੀਤਕਾਰੀ ਮਾੜੀ ਨਹੀਂ ਪਰ ਜੋ ਅੱਜ ਕਲ, ਕਈ ਨਹੀਂ ਮਗਰ ਬਹੁਤੇ ਵੀਰਾਂ ਵੱਲੋਂ ਗਾ ਕੇ ਪੇਸ਼ ਕੀਤਾ ਜਾ ਰਿਹਾ ਹੈ ਉਹ ਬਹੁਤ ਗ਼ਲਤ ਹੈ। ਜੇ ਗੁਰਮਤਿ ਦੇ ਅਧਾਰ ਤੇ ਗੱਲ ਕੀਤੀ ਜਾਵੇ ਤਾ ਸਿੱਖ ਦਾ ਫਰਜ਼ ਸਿਰਫ ਗੁਰਬਾਣੀ ਦਾ ਗੁਣ-ਗਾਇਨ ਕਰਨਾ ਹੀ ਹੈ। ਜਿਸ ਬਾਰੇ ਗੁਰੂ ਸਾਹਿਬ ਜੀ ਸਾਨੂੰ ਗੁਰਬਾਣੀ ਰਾਹੀਂ ਉਪਦੇਸ਼ ਦਿੰਦੇ ਹੋਏ ਸਮਝਾ ਰਹੇ ਨੇ :-
" ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ " (ਅੰਗ ੯੨੦)
ਸਤਿਗੁਰੂ ਦੇ ਪਿਆਰੇ ਬਣੋ ਵੀਰੋ ਅਤੇ ਭੈਣੋ। ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਸਿਰਫ ਉਸ ਅਕਾਲ ਪੁਰਖ ਨਾਲ ਜੋੜਨ ਵਾਲੀ ਗੁਰਬਾਣੀ ਦਾ ਹੀ ਗਾਇਨ ਕਰਨਾ ਹੈ ਅਤੇ ਗੁਰੂ ਸਾਹਿਬ ਨੇ ਸਾਨੂੰ ਅਜਿਹੇ ਗੀਤਾਂ ਤੋਂ ਦੂਰ ਰਹਿਣ ਲਈ ਕਿਹਾ ਹੈ ਜਿਸ ਦੇ ਸੁਆਦ ਵਿਚ ਅਸੀਂ ਸਤਿਗੁਰੂ ਪਾਸੋਂ ਦੂਰ ਹੋ ਜਾਂਦੇ ਹਾਂ। ਗੁਰੂ ਸਾਹਿਬ ਸਮਝਾਉਣਾ ਕਰ ਰਹੇ ਨੇ :-
" ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥
ਸਚੁ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗੁ ॥ (ਅੰਗ ੧੦੧੦)
ਦੁਨੀਆ ਦੇ ਗੀਤ ਸੁਣ ਵੇਖੇ ਹਨ, ਸੁਆਦ ਚੱਖ ਵੇਖੇ ਹਨ ; ਇਹ ਗੀਤ ਤੇ ਸੁਆਦ ਸਰੀਰ ਵਿਚ ਰੋਗ ਹੀ ਪੈਦਾ ਕਰਦੇ ਹਨ। ਜਿਸ ਮਨੁੱਖ ਨੂੰ ਉਹ ਸੱਚਾ ਸਤਿਗੁਰੂ , ਸਦਾ ਥਿਰ ਰਹਿਣ ਵਾਲਾ ਪ੍ਰਭੂ ਪਿਆਰਾ ਲਗਦਾ ਹੈ , ਉਹ ਮਨੁੱਖ ਉਸਦਾ ਹੀ ਨਾਮ ਸਿਮਰਦਾ ਹੈ ; ਉਸਦਾ ਪ੍ਰਭੂ ਨਾਲੋਂ ਵਿਛੋੜਾ ਦੂਰ ਹੋ ਜਾਂਦਾ ਹੈ ਅਤੇ ਉਸਦੀ ਚਿੰਤਾ ਦੂਰ ਹੋ ਜਾਂਦੀ ਹੈ। "
ਗੁਰੂ ਜੀ ਨੇ ਸਿਰਫ ਗਾਉਣ ਤੋਂ ਹੀ ਨਹੀਂ ਬਲਕਿ ਅਜਿਹੇ ਗੀਤ ਸੁਣਨ ਲਈ ਵੀ ਰੋਕ ਲਗਾਈ ਹੈ ਅਤੇ ਜੋ ਸੁਣਨ ਲਈ ਕਿਹਾ ਹੈ ਉਸ ਬਾਰੇ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੁਆਰਾ ਉਪਦੇਸ਼ ਕਰ ਰਹੇ ਨੇ :-
" ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥ (ਅੰਗ ੯੨੨)
ਹੇ ਮੇਰੇ ਕੰਨੋ ! ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਸੁਣਿਆ ਕਰੋ। ਸਦਾ ਥਿਰ ਰਹਿਣ ਵਾਲੇ ਪ੍ਰਭੂ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਬਣਾਇਆ ਹੈ ਅਤੇ ਸਰੀਰ ਵਿਚ ਥਾਪਿਆ ਹੈ। "
ਇਕ ਹੋਰ ਸ਼ਬਦ ਰਾਹੀਂ ਗੁਰੂ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ :
" ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥
ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥ (ਅੰਗ ੮੨੦)
ਮੇਰੇ ਪਿਆਰੇ (ਪ੍ਰਭੂ) ! ਮੇਰੇ ਕੰਨਾਂ ਨੂੰ ਅਜਿਹਾ ਕੁਝ ਨਾ ਸੁਣਾਈ ਜੋ ਸਾਕਤ (ਪ੍ਰਭੂ ਨਾਲੋਂ ਟੁੱਟੇ ਮਨੁੱਖ) ਗੀਤਾਂ ਨਾਦਾਂ ਧੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾਉਂਦੇ ਹਨ ; ਇਹ ਸਭ ਵਿਅਰਥ ਹਨ। "
ਸੋ ਮੇਰੇ ਪਿਆਰੇ ਵੀਰੋ ਅਤੇ ਭੈਣੋ ਅਜਿਹੇ ਗੀਤਾਂ ਦਾ ਤਿਆਗ ਕਰੋ ਤੇ ਸਿਰਫ ਗੁਰਬਾਣੀ ਦੇ ਲੜ ਲੱਗੋ। ਜੇ ਅਸੀਂ ਆਪਣੇ ਗੁਰੂ ਦੇ ਸੱਚੇ ਸਿੱਖ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਜੀ ਦੁਆਰਾ ਦੱਸੇ ਗਏ ਮਾਰਗ ਉੱਪਰ ਚੱਲਣਾ ਵੀ ਪਵੇਗਾ। ਗੁਰੂ ਜੀ ਫੁਰਮਾਉਂਦੇ ਹਨ :
" ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ (ਅੰਗ ੩੦੫)
ਜੋ ਅਸਲ ਵਿਚ ਗੁਰੂ ਦਾ ਸਿੱਖ ਹੈ , ਜੋ ਸਿੱਖਣਾ ਚਾਹੁੰਦਾ ਹੈ , ਜੋ ਗੁਰੂ ਜੀ ਦੇ ਦੱਸੇ ਮਾਰਗ ਉੱਪਰ ਚਲਦਾ ਹੈ ਉਹ ਨਿੱਤ ਸਵੇਰੇ ਉੱਠ ਕੇ ਉਸ ਪ੍ਰਭੂ ਦਾ ਨਾਮ ਸਿਮਰਦਾ ਹੈ। ਹਰ ਰੋਜ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ ਅਤੇ ਫਿਰ ਨਾਮ ਰੂਪੀ ਅੰਮ੍ਰਿਤ ਸਰੋਵਰ ਵਿਚ ਟੁਭੀ ਲਾਉਂਦਾ ਹੈ। "
ਦਾਸ ਦੀ ਬੇਨਤੀ ਹੈ ਕਿ ਲੱਚਰ ਗਾਇਕੀ ਤੋਂ ਦੂਰ ਰਹਿ ਕੇ ਸਿਰਫ ਸਤਿਗੁਰੂ ਜੀ ਦੀ ਗੱਲ ਸੁਣੋ ਅਤੇ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਗਾਇਨ ਕਰੋ। ਬਾਕੀ ਤੁਹਾਡੀ ਆਪਣੀ ਮਰਜੀ। ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦੱਸੇ ਨੇ ਉਹ ਤੁਹਾਡੇ ਸਨਮੁਖ ਨੇ , ਗੁਰਮੁਖ ਬਣਨਾ ਹੈ ਜਾਂ ਮਨਮੁਖ ਇਹ ਤੁਹਾਡੇ ਆਪਣੇ ਹੱਥ ਹੈ।
#Khalsa_Empire