Tuesday 31 January 2017

ਟੈਲੀਵਿਜਨ ਅਤੇ ਫਿਲਮਾਂ ਦੇਖਣ ਵਾਲਿਅਾਂ ਨੂੰ ਸੰਤਾਂ ਦਾ ਸੁਝਾੳ

ਵੀਡੀਉ ਦੀ ਆਵਾਜ ਬਹੁਤ ਘੱਟ ਹੈ ਪਰ ਇਕਾਗਰ ਚਿੱਤ ਹੋ ਕੇ ਸੁਣਿਉ ਸੰਤ ਜੀ ਦੇ ਬਚਨ । ਸੰਤ ਜੀ ਜਿਹਨਾਂ ਚੀਜਾਂ ਤੋਂ ਮਨਾਂ ਕਰ ਰਹੇ ਨੇ ਅਤੇ ਜੋ ਕਹਿ ਰਹੇ ਨੇ ਸਭ ਧਰਮ ਦੇ ਦਾਇਰੇ ਵਿੱਚ ਰਹਿ ਕੇ ਕਹਿ ਰਹੇ ਨੇ ।  ਫਿਲਮਾਂ, ਗਾਣੇ ਆਦਿ ਤੋਂ ਕੁਝ ਨਹੀ ਮਿਲਣਾ । ਅੱਜ ਸਾਡਾ ਜੀਵਨ ਇਸ ੨੧ਵੀਂ ਸਦੀ ਵਿੱਚ ਆਪੂ ਬਣੇ ਵਿਦਵਾਨਾਂ ਦੇ ਪਿੱਛੇ ਲੱਗ ਕੇ ਬਹੁਤ ਗਿਰਾਵਟ ਦੀ ਤਰਫ ਜਾ ਰਿਹਾ ਏ ਤੇ ਸਾਨੂੰ ਅਹਿਸਾਸ ਵੀ ਨਹੀਂ ਹੋ ਰਿਹਾ । ਜੋ ਅਸੀਂ ਕੰਨਾਂ ਦੁਆਰਾ ਸੁਣਨਾ ਸੀ, ਅੱਖਾਂ ਦੁਆਰਾ ਜੋ ਦੇਖਣਾ ਸੀ ਅਤੇ ਜੀਭ ਦੁਆਰਾ ਜੋ ਗਾਉਣਾ ਜਾਂ ਬੋਲਣਾ ਸੀ ਉਹ ਅੱਜ ਦੁਨੀਆਂ ਪਿੱਛੇ ਲੱਗ ਕੇ ਭੁੱਲਦੇ ਜਾ ਰਹੇ ਹਾਂ ।

" ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥
  ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥ "

ਹਰ ਗੁਰੂ ਦੇ ਸਿੱਖ ਦਾ ਫਰਜ ਬਣਦਾ ਏ ਕਿ ਉਹ ਗੁਰੂ ਦੀ ਗੱਲ ਸੁਣੇ ਅਤੇ ਵਿਚਾਰ ਕੇ ਉਸਨੂੰ ਆਪਣੇ ਜੀਵਨ ਤੇ ਲਾਗੂ ਕਰੇ । ਕੋਸ਼ਿਸ਼ ਕਰਾਂਗੇ ਤਾਂ ਗੁਰੂ ਵੀ ਸਾਥ ਦੇਵੇਗਾ ਪਰਮੇਸ਼ਰ ਨਾਲ ਅਭੇਦ ਹੋਣ ਵਿੱਚ ।  ਸਿੱਖੀ ਬਿਖਮ ਮਾਰਗ ਏ , ਇਹ ਖੰਡਿਉ ਤਿੱਖੀ ਐ ਅਤੇ ਇਸ ਮਾਰਗ ਉੱਪਰ ਗੁਰੂ ਦੇ ਆਸਰੇ ਹੀ ਚੱਲਿਆ ਜਾ ਸਕਦੈ । ਮਾਇਆ ਦਾ ਪਾਸਾਰਾ ਜਿਆਦਾ ਤੇ ਗੁਰਬਾਣੀ ਦਾ ਜਾਪ ਘੱਟ ਹੋਣ ਕਰਕੇ ਸੰਗਤ ਜਿਹੋ ਜਿਹੀ ਮਿਲ ਰਹੀ ਐ ਅੱਜ ਗੁਰੂ ਦਾ ਸਿੱਖ ਆਪਣੇ ਸਿਧਾਂਤਾਂ ਨੂੰ ਛੱਡ ਕੇ ਉਸ ਸੰਗਤ ਵਰਗਾ ਹੀ ਆਪਣੇ ਆਪ ਨੂੰ ਬਣਾ ਲੈਂਦਾ ਐ । ਗੁਰਬਾਣੀ ਪੜੀਏ, ਵਿਚਾਰੀਏ ਅਤੇ ਜੀਵਨ ਉੱਪਰ ਲਾਗੂ ਕਰਕੇ ਖੁਦ ਨੂੰ ਸਿੱਖੀ ਵਿੱਚ ਪਰਪੱਕ ਬਣਾਈਏ ਤਾਂ ਜੋ ਦਾਸ ਵਰਗੇ ਮੂਰਖ ਨੂੰ ਵੀ ਤੁਹਾਡੇ ਵਰਗੀ ਗੁਰੂ ਰੂਪ ਸੰਗਤ ਤੋਂ ਕੁਝ ਸਿੱਖਣ ਨੂੰ ਮਿਲੇ ।
ਦਾਸ : ਮੰਗਲਦੀਪ ਸਿੰਘ

Friday 27 January 2017

ਗੁਰਮਤਿ ਅਨੁਸਾਰ ਚਲਣ ਦੀ ਕੋਸ਼ਿਸ਼ ਕਰੀਏ

ਅੱਜ ਜੇਕਰ ਤੁਸੀਂ ਦੂਜਿਆਂ ਦੇ ਅਨੁਸਾਰ ਨਹੀਂ ਚਲਦੇ ਜਾਂ ਫਿਰ ਤੁਹਾਡੀ ਉਹੋ ਜਿਹੀ ਪਰਸਨੈਲਿਟੀ ਨਹੀਂ ਹੈ ਜਿਸ ਤਰਾਂ ਦੀ ਦੂਜੇ ਦੇਖਣਾ ਚਾਹੁੰਦੇ ਨੇ ਤਾਂ ਤੁਸੀਂ ਇਕੱਲੇ ਰਹਿ ਜਾਓਗੇ। ਅਤੇ ਸੱਚ ਦੱਸਾਂ ਤਾਂ ਇਹ ਸਭ ਤੋਂ ਵਧੀਆ ਹੈ ਕਿ ਤੁਸੀਂ ਉਹਨਾਂ ਦੇ ਅਨੁਸਾਰ ਨਹੀਂ ਚਲਦੇ , ਇਕੱਲੇਪਣ ਦੀ ਆਦਤ ਪਾਓ, ਦੁਨਿਆਵੀ ਗੱਲਾਂ ਬਾਤਾਂ ਵਿਚ ਸਿਰਫ ਸਮਾਂ ਖਰਾਬ ਹੁੰਦਾ ਏ। ਕਿਸੇ ਨੇ ਕੋਲ ਨਹੀਂ ਰਹਿਣਾ ਚਾਹੇ ਉਹ ਕਿੰਨਾ ਹੀ ਕਰੀਬੀ ਕਿਉਂ ਨਾ ਹੋਵੇ। ਆਪਣੇ ਕੋਲ ਤਾਂ ਸਿਰਫ ਉਹ ਇਕ ਖਸਮ ਹੈ ਜਿਸਦੇ ਨਾਲ ਅਭੇਦ ਹੋਣਾ ਏ। ਜਿੰਨੇ ਮਰਜੀ ਗੀਤ ਸੁਣ ਲੋ, ਨੱਚੋ ਕੁੱਦੋ, ਫੋਟੋਆਂ ਖਿੱਚੋ, ਫੈਸ਼ਨ ਕਰਕੇ ਸੋਹਣਾ ਬਣਜੋ, ਆਪਣੇ ਆਪ ਨੂੰ ਦੁਨਿਆਵੀ ਚੀਜ਼ਾਂ ਚ ਖੁਸ਼ ਰੱਖਣ ਦੀ ਕੋਸ਼ਿਸ਼ ਕਰਲੋ ਪਰ ਇਹਨਾਂ ਦੁਨਿਆਵੀ ਚੀਜ਼ਾਂ ਨੇ ਅੰਤ ਸਮੇ ਨਾ ਹੀ ਨਾਲ ਜਾਣਾ ਅਤੇ ਨਾ ਹੀ ਸਾਥ ਦੇਣਾ। ਲੋਕ ਕੁਝ ਵੀ ਕਹਿਣ, ਕਿਸੇ ਨੂੰ ਸੰਤੁਸ਼ਟ ਕਰਨ ਨਾਲੋਂ ਚੰਗਾ ਆਪਣੇ ਖਸਮ ਦੀ ਪ੍ਰਾਪਤੀ ਲਈ ਉਹਦੇ ਹੁਕਮ ਅਨੁਸਾਰ ਚਲੋ। ਫਾਲਤੂ ਦੇ ਝਮੇਲਿਆਂ ਚ ਫਸੇ ਰਹਿਣ ਕਰਕੇ ਪਾਪ ਵੱਧ ਰਿਹਾ ਹੈ ਅਤੇ ਅਸੀਂ ਖੁਸ਼ੀ ਖੁਸ਼ੀ ਉਹਨਾਂ ਚੀਜ਼ਾਂ ਨੂੰ ਪ੍ਰਵਾਨ ਕਰ ਰਹੇ ਹਾਂ ਜੋ ਸਾਨੂੰ ਸਾਡੇ ਖਸਮ ਨਾਲੋਂ ਤੋੜ ਰਹੀਆਂ ਨੇ। ਸੱਚ ਦੇ ਰਾਹ ਤੇ ਚੱਲੀਏ , ਸੱਚ ਸੁਣੀਏ, ਸੱਚ ਬੋਲੀਏ , ਸੱਚ ਨੂੰ ਹੀ ਜੀਵਨ ਦਾ ਅਧਾਰ ਬਣਾਈਏ। ਕੋਸ਼ਿਸ਼ ਕਰੀਏ ਜੇ ਅਸੀਂ ਨਹੀਂ ਕਰ ਰਹੇ, ਬਾਕੀ ਸਾਡੇ ਕਰਮਾਂ ਦੀ ਖੇਡ ਹੈ ਪਰ ਬਿਨਾ ਕੋਸ਼ਿਸ਼ ਕੀਤੇ ਸੱਚ ਦੇ ਰਾਹ ਤੇ ਚਲਣ ਦੀ ਗੱਲ ਤਾਂ ਇਵੇਂ ਹੈ ਜਿਵੇਂ ਪਾਣੀ ਵਿਚ ਮਧਾਣੀ ਪਾ ਕੇ ਮੱਖਣ ਦੀ ਆਸ ਲਗਾਉਣੀ।
" ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥ "
ਗੁਰੂ ਸਾਹਿਬ ਕਿਰਪਾ ਕਰਨ ਅਤੇ ਆਪਣੇ ਗਿਆਨ ਦੁਆਰਾ ਸਾਨੂੰ ਔਗੁਣਆਰਿਆਂ ਨੂੰ ਸੁਮੱਤ ਬਖਸ਼ਣ।
ਦਾਸ : ਮੰਗਲਦੀਪ ਸਿੰਘ

Wednesday 18 January 2017

ਅੱਜ ਦੇ ਸੋਸ਼ਲ ਮੀਡੀਆ ਵਾਲੇ ਸਿੱਖ

ਗੱਲ ਇਹ ਵੀ ਜਰੂਰੀ ਹੈ ਕਿ ਪੁਰਾਤਨ ਸਿੰਘਾਂ ਨੇ ਜੋ ਸ਼ਹੀਦੀਆਂ ਪਾਈਆਂ , ਜੋ ਸੇਵਾ ਕੀਤੀ ਅਤੇ ਜੋ ਇਤਿਹਾਸਿਕ ਸਥਾਨ ਬਣਾਏ ਉਸ ਬਾਰੇ ਸਭ ਨੂੰ ਦਸਿਆ ਜਾਵੇ ਪਰ ਗੱਲ ਇਹ ਵੀ ਬਹੁਤ ਜਰੂਰੀ ਹੈ ਕਿ ਸਾਡੇ ਕੋਲ ਅੱਜ ਹੈ ਕੀ ?? ਪੁਰਾਤਨ ਸਿੰਘਾਂ ਨੇ ਜੋ ਕੀਤਾ ਅਸੀਂ ਉਹਨਾਂ ਤੋਂ ਸੇਧ ਲੈ ਕੇ ਜਿਸ ਰਸਤੇ ਉਹ ਚੱਲੇ ਨੇ ਉਸ ਰਸਤੇ ਹੀ ਸਾਨੂੰ ਚਲਣਾ ਚਾਹੀਦਾ ਸੀ ਪਰ ਮੇਰੇ ਵਰਗੇ ਮੂਰਖ ਅੱਜ ਸੋਸ਼ਲ ਮੀਡੀਆ ਉੱਪਰ ਰੌਲਾ ਪਾਉਣ ਤੋਂ ਸਿਵਾਏ ਕੁਝ ਨਹੀਂ ਕਰ ਪਾ ਰਹੇ। ਅਸੀਂ ਕਦੇ ਇਹ ਨੀ ਸੋਚਿਆ ਕਿ ਜੋ ਮਾਰਗ ਉਹਨਾਂ ਨੇ ਅਪਣਾਇਆ ਉਹ ਮਾਰਗ ਇੰਨਾ ਔਖਾ ਸੀ ਤੇ ਉਹ ਕਿਵੇਂ ਉਸ ਮਾਰਗ ਨੂੰ ਪਾਰ ਕਰ ਗਏ ?? ਦਰਅਸਲ ਉਹਨਾਂ ਕੋਲ ਪਰਮੇਸ਼ਰ ਲਈ ਦਿਲ ਵਿਚ ਅਥਾਹ ਪ੍ਰੇਮ ਸੀ ਅਤੇ ਆਤਮਿਕ ਦ੍ਰਿੜ੍ਹਤਾ ਵਾਸਤੇ ਗੁਰਬਾਣੀ ਜਿਹਾ ਅਨਮੋਲ ਖਜਾਨਾ ਉਹਨਾਂ ਦੇ ਕੋਲ ਸੀ। ਮੇਰੇ ਵਰਗੇ ਕੋਲੋਂ ਪੂਰੇ ਦਿਨ ਵਿਚ 1 ਘੰਟਾ ਨਹੀਂ ਨਿਕਲਦਾ ਆਪਣੇ ਖਸਮ ਨਾਲ ਜੁੜਨ ਵਾਸਤੇ ਤਾਂ ਫਿਰ ਪੁਰਾਤਨ ਇਤਿਹਾਸਕਾਰਾਂ ਮੁਤਾਬਿਕ ਉਹਨਾਂ ਸਿੰਘਾਂ ਵਾਂਗ 4-5 ਘੰਟੇ ਕਿਥੋਂ ਕੱਢ ਲਵਾਂਗੇ ?? ਕਿਥੋਂ ਚੱਲ ਲਵਾਂਗੇ ਉਸ ਮਾਰਗ ਤੇ ਜਿਸਨੂੰ ਗੁਰੂ ਸਾਹਿਬ ਨੇ ਬਿਖਮ ਮਾਰਗ ਕਿਹਾ ਹੈ। ਸਾਡਾ ਤਾਂ ਅਜੇ ਉਹ ਹਾਲ ਹੈ ਕਿ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਪਰ ਸਾਡਾ ਧਿਆਨ ਦੁਨਿਆਵੀ ਚੀਜ਼ਾਂ ਚ ਖੁੱਬ ਕੇ ਰਹਿ ਗਿਆ। ਗੁਰੂ ਸਾਹਿਬ ਕਹਿੰਦੇ ਨੇ :

" ਅਵਰ ਉਪਦੇਸੈ ਆਪਿ ਨ ਕਰੈ ॥ "

ਵੈਸੇ ਤਾਂ ਹਰ ਜਗਾਹ ਤੇ ਸਮਝਾਇਆ ਗਿਆ ਹੈ ਸਾਡੇ ਵਰਗੇ ਔਗੁਣਆਰਿਆਂ ਨੂੰ ਪਰ ਸਾਡੇ ਕੰਨ ਤੇ ਜੂੰ ਨੀ ਸਰਕਦੀ :

" ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥
ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥੯੮॥ "

ਹੁਣ ਮੇਰੇ ਵਰਗਿਆਂ ਨੂੰ ਜੇਕਰ ਅਜੇ ਵੀ ਸਮਝ ਨਾ ਲੱਗੇ ਤਾਂ ਅਰਦਾਸ ਕਰਾਂਗਾ ਕਿ ਗੁਰੂ ਸਾਹਿਬ ਕਿਰਪਾ ਕਰਿਉ ,ਆਪਣੇ ਚਰਨੀ ਲਾਓ ਅਤੇ ਬਿਖਮ ਮਾਰਗ ਉਪਰ ਚੱਲਣ ਦੀ ਸੋਝੀ ਬਖਸ਼ਿਸ਼ ਕਰੋ।
 ਦਾਸ : ਮੰਗਲਦੀਪ ਸਿੰਘ

ਅੰਮ੍ਰਿਤ ਵੇਲੇ ਦੀ ਮਹਾਨਤਾ

ਗੁਰੂ ਸਾਹਿਬ ਜੀ ਸਾਨੂੰ ਅੰਮ੍ਰਿਤ ਵੇਲੇ ਉੱਠਣ ਅਤੇ ਗੁਰਬਾਣੀ ਪੜ੍ਹਨ ਲਈ ਬਹੁਤ ਸਮਝਾਉਂਦੇ ਨੇ :
" ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ " 
--------------
" ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ "
--------------
" ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ "
--------------
ਗੁਰੂ ਸਾਹਿਬ ਕਹਿੰਦੇ ਜਦੋਂ ਅੰਮ੍ਰਿਤ ਵੇਲੇ ਵਿਚ ਸਾਵਧਾਨ, ਇਕਾਗਰਚਿਤ ਹੋ ਕੇ ਪੁਕਾਰਦੇ ਹਾਂ ਪ੍ਰਮਾਤਮਾ ਨੂੰ ਤਾਂ ਸਾਡਾ ਧਿਆਨ ਸਿੱਧਾ ਪ੍ਰਮਾਤਮਾ ਨਾਲ ਜੁੜਦਾ ਹੈ। ਮੈਡੀਕਲ ਸਾਇੰਸ ਵੀ ਇਸੇ ਤਰਾਂ ਕਹਿੰਦੀ ਹੈ ਕਿ ਸਾਡਾ ਖੱਬਾ ਦਿਮਾਗ ਅਤੇ ਸੱਜੇ ਪਾਸੇ ਦਾ ਜੋ ਦਿਮਾਗ ਆ ਇਸ ਦੇ ਵਿਚਕਾਰ ਹਾਈਪੋਥੈਲਮਸ ਗਲੈਂਡ (Hypothalamus Gland) ਹੈ। ਇਸਦੇ ਵਿਚ ਪ੍ਰਮਾਤਮਾ ਨੇ ਕੁਦਰਤੀ ਘੜੀ (Natural Clock) ਫਿੱਟ ਕੀਤੀ ਹੈ ਜਿਸ ਵਿਚ ਸਾਡੇ ਸਾਰੇ ਸਿਸਟਮ ਪ੍ਰਮਾਤਮਾ ਨੇ ਪਹਿਲਾ ਹੀ ਪਾ ਕੇ ਸਾਨੂੰ ਭੇਜੇ ਹੋਏ ਨੇ ਜਿਵੇਂ ਸਾਨੂੰ ਉੱਠਣਾ ਕਿੰਨੇ ਵਜੇ ਚਾਹੀਦਾ , ਸਾਨੂੰ ਸੌਣਾ ਕਿੰਨੇ ਵਜੇ ਚਾਹੀਦਾ , ਸਵੇਰ ਦਾ ਖਾਣਾ , ਦੁਪਹਿਰ ਦਾ ਖਾਣਾ , ਰਾਤ ਦਾ ਖਾਣਾ ਕਦੋਂ ਖਾਣਾ ਚਾਹੀਦਾ ਅਤੇ ਇਸ ਦੇ ਨਾਲ ਹੀ ਇਸ ਵਿਚ ਇਹ ਵੀ ਪਹਿਲਾਂ ਹੀ ਫਿੱਟ ਕੀਤਾ ਗਿਆ ਹੈ ਕਿ ਸਾਨੂੰ ਦੇਖਣਾ ਕੀ ਚਾਹੀਦਾ , ਸੁਣਨਾ ਕੀ ਚਾਹੀਦਾ ਤੇ ਬੋਲਣਾ ਕੀ ਚਾਹੀਦਾ। ਯੂਨੀਵਰਸਿਟੀ ਆਫ ਐਰੀਜ਼ੋਨਾ ਦੇ ਵਿਚ ਰਿਸਰਚ ਹੋਈ ਹੈ ਕਿ ਹਾਈਪੋਥੈਲਮਸ ਗਲੈਂਡ ਦੇ ਵਿਚ ਜੋ ਘੜੀ ਫਿੱਟ ਹੈ , ਉਸ ਬਾਰੇ ਉਹਨਾਂ ਦਸਿਆ ਕਿ ਅੰਮ੍ਰਿਤ ਵੇਲਾ 2 ਤੋਂ 7 ਵਜੇ ਦਾ ਹੁੰਦਾ ਆ, ਵੈਸੇ ਸਟੀਕ ਸਮਾਂ (Peak Time) ਉਹਨਾਂ ਨੇ 4 ਤੋਂ 5 ਵਜੇ ਦਾ ਦਸਿਆ ਹੈ। ਅਗਰ 4 ਤੋਂ 5 ਦੇ ਵਿਚ ਕੋਈ ਅੱਧਾ ਘੰਟਾ ਵੀ ਸਿਮਰਨ (Meditate) ਕਰਦਾ ਹੈ ਤਾਂ ਰਿਸਰਚ ਮੁਤਾਬਿਕ ਇਹੋ ਜਿਹੇ ਰਸਾਇਣਕ (Chemical) ਸਾਡੇ ਸਰੀਰ ਵਿਚੋਂ ਨਿਕਲਦੇ ਨੇ (ਜੋ ਕਿ ਹਾਈਪੋਥੈਲਮਸ ਗਲੈਂਡ ਰਾਹੀਂ ਬਾਹਰ ਨਿਕਦੇ ਨੇ) ਜਿਹਨਾਂ ਵਿੱਚੋ 18 ਰਸਾਇਣਕ ਇਹੋ ਜਿਹੇ ਨੇ ਜਿਹੜੇ ਦਿਨ ਵਿਚ ਹੋਰ ਕਿਸੇ ਸਮੇਂ ਇਕੱਠੇ ਨਹੀਂ ਨਿਕਲਦੇ ਜੋ ਸਾਡੇ ਸਰੀਰ ਅਤੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਕਾਫੀ ਨੇ। ਉਹ ਸਿਰਫ ਅੱਧੇ ਘੰਟੇ ਦਾ ਸਿਮਰਨ ਮਾਤਰਾ (Quantity) ਦਾ ਨਹੀਂ ਬਲਕਿ ਗੁਣਵੱਤਾ (Quality) ਦਾ ਸਿਮਰਨ ਹੁੰਦਾ ਹੈ। ਇਸ ਨਾਲ ਸਾਡਾ ਮਨ ਸਾਰਾ ਦਿਨ ਖਿੰਡਿਆ ਰਹਿੰਦਾ ਹੈ, ਜੇਕਰ ਮਨ ਨੂੰ ਇਕਾਗਰ ਨਹੀਂ ਕਰਾਂਗੇ ਤਾਂ ਅਸ਼ਾਂਤ ਹੋ ਜਾਵਾਂਗੇ। ਅੱਜ ਇੰਨੀ ਅਸ਼ਾਂਤੀ , ਡਿਪਰੈਸ਼ਨ ਦਾ ਕਾਰਨ ਸਿਰਫ ਇਹੀ ਹੈ ਕਿ ਸਾਨੂੰ ਦੁਨਿਆਵੀ ਚੀਜ਼ਾਂ ਵਿਚ ਬੰਨ੍ਹ ਕੇ ਰੱਖ ਦਿੱਤਾ ਇਸ ਟੈਕਨੋਲੋਜੀ ਵਾਲੇ ਯੁੱਗ ਨੇ। ਦੁਨਿਆਵੀ ਰਸ ਅੱਜ ਸਾਡੇ ਸਰੀਰ ਨੂੰ ਚਿੰਬੜ ਗਏ ਨੇ ਜਿਸਦਾ ਇਲਾਜ ਸਿਰਫ ਤੇ ਸਿਰਫ ਉਸ ਪਰਮੇਸ਼ਰ ਦਾ ਸਿਮਰਨ ਕੀਤਿਆਂ ਹੀ ਹੋ ਸਕਦਾ ਹੈ। ਹੇ ਸੱਚੇ ਗੁਰੂ ਪਿਤਾ ਜੀ ਆਪਣੇ ਚਰਨਾਂ ਨਾਲ ਜੋੜੋ ਅਤੇ ਇਸ ਨਿਮਾਣੇ ਤੇ ਅਉਗੁਣਆਰੇ ਦੇ ਹਿਰਦੇ ਆਪਣਾ ਨਾਮ ਵਸਾਓ।
(ਉੱਪਰ ਸਾਰੀ ਜਾਣਕਾਰੀ ਇੱਕ ਵੀਡੀਉ ਤੋਂ ਇਕਠੀ ਕੀਤੀ ਗਈ ਹੈ )
ਦਾਸ : ਮੰਗਲਦੀਪ ਸਿੰਘ

ਪੂਜਾ ਅਕਾਲ ਦੀ

ਸਿੱਖ ਨੇ ਪੂਜਾ ਕਿਸ ਦੀ ਕਰਨੀ ਹੈ ??
" ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥
ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ ॥ "
ਗੁਰੂ ਸਾਹਿਬ ਸਾਫ ਸ਼ਬਦਾਂ ਵਿਚ ਸਾਨੂੰ ਫਰਮਾਉਂਦੇ ਨੇ ਕਿ ਅਸੀਂ ਉਸ ਪ੍ਰਭੂ ਦੇ ਨਾਮ ਦੀ ਪੂਜਾ ਕਰਨੀ ਹੈ " (ਹਰਿ ਨਾਮੁ ਹਮ ਪੂਜਹ) " । ਪਰ ਮਾਫ ਕਰਨਾ ਅਸੀਂ ਅੱਜ ਮੂਰਤੀਆਂ ਪੂਜਣ ਲੱਗ ਗਏ। ਅਸੀਂ ਉਸ ਪਰਮੇਸ਼ਰ ਨੂੰ ਥਾਪ ਕੇ ਇਕ ਜਗ੍ਹਾ ਰੱਖ ਦਿੱਤਾ ਮੂਰਤੀਆਂ , ਫੋਟੋਆਂ ਦੇ ਰੂਪ ਵਿਚ। ਗੁਰੂ ਨਾਨਕ ਸਾਹਿਬ ਜੀ ਜਪੁ ਜੀ ਸਾਹਿਬ ਵਿਚ ਫਰਮਾਉਂਦੇ ਨੇ :
" ਥਾਪਿਆ ਨ ਜਾਇ ਕੀਤਾ ਨ ਹੋਇ ॥
ਆਪੇ ਆਪਿ ਨਿਰੰਜਨੁ ਸੋਇ ॥ "
ਗੁਰੂ ਸਾਹਿਬ ਤਾਂ ਕਹਿੰਦੇ ਨੇ ਕਿ ਪਰਮੇਸ਼ਰ ਨੂੰ ਥਾਪਿਆ ਜਾ ਹੀ ਨਹੀਂ ਸਕਦਾ ਤਾਂ ਫਿਰ ਅਸੀਂ ਅੱਜ ਕਿਤੇ ਗੁਰੂ ਨਾਨਕ ਸਾਹਿਬ ਜੀ ਦੇ ਉਲਟ ਤਾਂ ਨਹੀਂ ਚਲ ਰਹੇ ?? ਸੋਚਣ ਦੀ ਤੇ ਸਮਝਣ ਦੀ ਲੋੜ ਹੈ ਅੱਜ। ਸਿੱਖ ਉਹੀ ਹੈ ਜੋ ਗੁਰੂ ਦੇ ਹੁਕਮ ਵਿਚ ਚਲਦਾ ਹੈ। 
ਗੁਰੂ ਸਾਹਿਬ ਸਾਨੂੰ ਦ੍ਰਿੜ ਕਰਵਾ ਕੇ ਗਏ ਨੇ , " ਪੂਜਾ ਅਕਾਲ ਦੀ  ਪਰਚਾ ਸ਼ਬਦ ਦਾ  ਦੀਦਾਰ ਖਾਲਸੇ ਦਾ " 
ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਔਗੁਣਆਰਿਆਂ ਨੂੰ ਸੁਮੱਤ ਬਖਸ਼ਣ ਤੇ ਆਪਣੇ ਚਰਨੀ ਜੁੜਨ ਦਾ ਮੌਕਾ ਦੇਣ।
ਦਾਸ : ਮੰਗਲਦੀਪ ਸਿੰਘ

ਮਨੁੱਖਾ ਜਨਮ

ਮਨੁੱਖ ਖੁੱਲ੍ਹਾ-ਖੁਲਾਸਾ ਕਿਉਂ ਰਹਿਣਾ ਚਾਹੁੰਦਾ ਹੈ ?
ਸੰਸਾਰ ਵਿਚ ਵਿਚਰਦਿਆਂ ਆਪਾਂ ਆਮ ਹੀ ਵੇਖਦੇ ਹਾਂ ਕੋਈ ਮਨੁੱਖ ਵੀ ਬੰਦਸ ਵਾਲਾ ਨਿਯਮ-ਬੱਧ ਜੀਵਨ ਜਿਉਣ ਨੂੰ ਤਿਆਰ ਨਹੀਂ। ਸੋਚ-ਵਿਚਾਰ ਕਰਨ ਉਪਰੰਤ ਇਸ ਦਾ ਮੂਲ ਕਾਰਨ ਇਕੋ ਹੀ ਪ੍ਰਤੀਤ ਹੁੰਦਾ ਹੈ। ਉਹ ਹੈ ਮਨੁੱਖ ਦੇ ਜਨਮਾਂ ਜਨਮਾਂਤਰਾਂ ਦੇ ਅਨੇਕਾਂ ਜੂਨਾਂ ਵਿਚ ਆਪ-ਹੁਦਰਾ ਜੀਵਨ ਬਤੀਤ ਕਰਨ ਦੇ ਸੰਸਕਾਰ ਅਤੇ ਸੁਭਾਅ। ਕਿਉਂਕਿ ਮਨੁੱਖੀ ਸਰੀਰ ਵਿਚ ਜੋ ਆਤਮਾ ਵਿਚਰ ਰਹੀ ਹੈ ਇਸ ਨੇ ਮਨੁੱਖਾ ਸਰੀਰ ਦੀ ਪ੍ਰਾਪਤੀ ਤੋਂ ਪਹਿਲਾ ਬਹੁਤ ਸਾਰੇ ਜਨਮ ਖੁੱਲ੍ਹਾ-ਖੁਲਾਸਾ ਜੀਵਨ ਬਤੀਤ ਕਰਨ ਵਾਲੇ ਕੀੜੇ-ਮਕੌੜੇ ਅਤੇ ਪਤੰਗਿਆਂ ਦੇ ਧਾਰਨ ਕੀਤੇ। ਬਹੁਤ ਸਾਰੇ ਜਨਮ ਜੰਗਲਾਂ ਵਿਚ ਖੁੱਲੇ ਵਿਚਰਨ ਵਾਲੇ ਹਾਥੀ, ਘੋੜੇ ਅਤੇ ਮਿਰਗਾਂ ਦੇ ਧਾਰਨ ਕੀਤੇ। ਬਹੁਤ ਸਾਰੇ ਜਨਮ ਪਾਣੀ ਵਿਚ ਖੁੱਲੀਆਂ ਤੈਰਨ ਵਾਲੀਆਂ ਮੱਛੀਆਂ ਆਦਿ ਦੇ ਪ੍ਰਾਪਤ ਕੀਤੇ। ਇਸੇ ਹੀ ਜੀਵ ਆਤਮਾ ਨੇ ਅਕਾਸ਼ ਵਿਚ ਖੁੱਲੀਆਂ-ਖਲਾਸੀਆਂ ਉਡਾਰੀਆਂ ਲਾਉਣ ਵਾਲੇ ਅਕਾਸ਼ਚਾਰੀ ਪੰਛੀਆਂ ਦੇ ਬਿਅੰਤ ਜਨਮ ਧਾਰਨ ਕੀਤੇ। ਜਿਸ ਕਾਰਨ ਜੀਵ-ਆਤਮਾ ਦਾ ਖੁੱਲ੍ਹਾ-ਖੁਲਾਸਾ ਵਿਚਰਨ ਵਿਚ ਸੁਭਾਅ ਪ੍ਰਪੱਕ ਹੋ ਚੁੱਕਾ ਹੈ।
" ਕਈ ਜਨਮ ਭਏ ਕੀਟ ਪਤੰਗਾ ॥
ਕਈ ਜਨਮ ਗਜ ਮੀਨ ਕੁਰੰਗਾ ॥
ਕਈ ਜਨਮ ਪੰਖੀ ਸਰਪ ਹੋਇਓ ॥
ਕਈ ਜਨਮ ਹੈਵਰ ਬ੍ਰਿਖ ਜੋਇਓ ॥ "
ਪ੍ਰਮਾਤਮਾ ਨੇ ਮਿਹਰ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾਉਣ ਵਾਸਤੇ ਅਮੋਲਕ ਮਨੁੱਖਾ ਜਨਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਪ੍ਰਭੂ ਦਰ ਦੇ ਵਿਚ ਪ੍ਰਵਾਨਗੀ ਪ੍ਰਾਪਤ ਕਰਨ ਵਾਸਤੇ, " ਹੁਕਮ ਰਜਾਈ ਚਲਣਾ " ਦੀ ਕਾਰ ਹਰ ਪ੍ਰਾਣੀ ਨੂੰ ਕਰਨੀ ਪਵੇਗੀ ਅਤੇ ਪਿਛਲੇਰੀਆਂ ਖੁੱਲੇ-ਖੁਲਾਸੇ ਜੀਵਨ ਬਤੀਤ ਕਰਨ ਵਾਲੀਆਂ ਜੂਨਾਂ ਦੇ ਸੁਭਾਅ ਨੂੰ ਛੱਡਣਾ ਪਵੇਗਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਫੁਰਮਾਨ ਹੈ :
" ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ "
----------
" ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥ "
----------
" ਹੁਕਮੁ ਮੰਨੈ ਸੋ ਜਨੁ ਪਰਵਾਣੁ ॥ "
ਖਸਮ ਦੇ ਮਹਲ ਵਿਚ ਪ੍ਰਵੇਸ਼ ਕਰਨ ਲਈ, ਪ੍ਰਭੂ ਮਾਲਕ ਦੇ ਖਜਾਨੇ ਵਿਚ ਪ੍ਰਵਾਨਗੀ ਪ੍ਰਾਪਤ ਕਰਨ ਲਈ ਅਤੇ ਆਪਣੇ ਮੂਲ ਨਾਲ ਅਭੇਦ ਹੋਣ ਲਈ ਹਰ ਪ੍ਰਾਣੀ ਨੂੰ ਗੁਰੂ ਹੁਕਮ ਦੀ ਕਾਰ ਕਰਨੀ ਹੀ ਪਵੇਗੀ।
(ਉਪਰੋਕਤ ਲੇਖ ਦਾਸ ਨੇ ਇਕ ਕਿਤਾਬ ਵਿਚ ਪੜ੍ਹਿਆ ਸੀ)
ਦਾਸ : ਮੰਗਲਦੀਪ ਸਿੰਘ

ਭਗਤਾ ਕੀ ਚਾਲ ਨਿਰਾਲੀ ॥

ਅਸੀਂ ਸੰਸਾਰੀ ਲੋਕ ਸਰੀਰ ਦੇ ਤਲ ਤੇ ਹੀ ਜਿਉਂਦੇ ਹਾਂ , ਸਰੀਰ ਦੇ ਤਲ ਤੇ ਹੀ ਇਕ ਦੂਜੇ ਨਾਲ ਰਿਸ਼ਤੇ ਰੱਖਦੇ ਹਾਂ (ਮਾਂ ਬਾਪ ਭੈਣ ਭਾਈ ਆਦਿਕ) , ਸਰੀਰ ਹੈ ਤਾਂ ਸਾਨੂੰ ਦਿਖਾਈ ਦਿੰਦੇ ਨੇ , ਸਰੀਰ ਖਾਤਿਰ ਹੀ ਅਸੀਂ ਕਮਾਈ ਕਰਦੇ ਹਾਂ , ਸਰੀਰ ਦਾ ਹੀ ਪਹਿਨਣ ਖਾਣ ਹੈ , ਸਰੀਰ ਦਾ ਹੀ ਦੁੱਖ ਸੁਖ ਹੈ ਪਰ ਭਗਤਾਂ ਦਾ ਨਹੀਂ ਸਰੀਰ ਦਾ। ਭਗਤਾਂ ਦਾ ਆਤਮਾ ਨਾਲ ਹੈ। ਆਤਮਾ ਦਿਖਾਈ ਨੀ ਦਿੰਦੀ ਪਰ ਭਗਤ ਆਤਮਾ ਦੇ ਤਲ ਤੇ ਹੀ ਜਿਉਂਦੇ ਨੇ , ਆਤਮਾ ਤੇ ਹੀ ਦੁੱਖ ਸੁਖ ਦੀ ਗੱਲ ਕਰਦੇ ਨੇ , ਚਿੰਤਾ ਕਰਦੇ ਨੇ , ਫਿਕਰ ਕਰਦੇ ਨੇ। ਆਤਮਾ ਨੇ ਸਰੀਰ ਛੱਡ ਕੇ ਕਿਥੇ ਜਾਣਾ ਹੈ ਉਹਦਾ ਫਿਕਰ ਹੈ , ਸੰਸਾਰ ਦਾ ਫਿਕਰ ਨੀ ਉਹਨਾਂ ਨੂੰ। ਜਨਮ ਕਿਉਂ ਹੋਇਆ ? ਕੀ ਲੈਣ ਆਏ ਹਾਂ , ਇਹ ਉਹਨਾਂ ਦਾ ਨਿਸ਼ਾਨਾ ਹੈ। ਜੋ ਕੁਛ ਲੈਣ ਆਏ ਹਾਂ ਉਹੀ ਖਰੀਦਣਾ ਹੈ " ਜਾ ਕਉ ਆਏ ਸੋਈ ਬਿਹਾਝਹੁ " , ਪਰ ਅਸੀਂ ਜੋ ਸੰਸਾਰ ਖਰੀਦ ਰਿਹੈ ਜਾਂ ਸੰਸਾਰ ਕਰ ਰਿਹੈ , ਦੇਖ ਕੇ ਓਦਾਂ ਹੀ ਕਰਨ ਲੱਗ ਜਾਂਦੇ ਹਾਂ। ਸੰਸਾਰੀ ਲੋਕ , ਜੋ ਸੰਸਾਰ ਕਰ ਰਿਹੈ ਹੁੰਦਾ ਜਨਮ ਲੈ ਕੇ ਉਹੀ ਕਰਨ ਲੱਗ ਜਾਂਦੇ ਨੇ। ਇਥੋਂ ਭਗਤਾਂ ਤੇ ਸੰਸਾਰੀਆਂ ਦੇ ਰਾਹ ਵੱਖਰੇ ਵੱਖਰੇ ਹੋ ਜਾਂਦੇ ਨੇ। ਭਗਤਾਂ ਦੇ ਰਾਹ ਨਿਰਾਲੇ ਹੋ ਜਾਂਦੇ ਨੇ , ਸੋਚ ਹੀ ਨਿਰਾਲੀ ਹੁੰਦੀ ਐ। ਸੰਸਾਰ ਦੇ ਨਾਲ ਭਗਤ ਨੀ ਚਲਦੇ , ਭਗਤਾਂ ਦੇ ਨਾਲ ਸੰਸਾਰ ਨੀ ਚਲਦਾ। ਭਗਤਾਂ ਦੀ ਗੱਲ ਸੰਸਾਰ ਨਹੀਂ ਮੰਨਦਾ। ਭਗਤਾਂ ਨੂੰ ਸੰਸਾਰ ਚੰਗਾ ਕਹਿੰਦਾ ਐ ,ਬਾਅਦ ਦੇ ਵਿਚ। ਉਦੋਂ ਨੀ ਕਹਿੰਦੇ ਜਦੋ ਭਗਤ ਹੁੰਦੇ ਨੇ , ਬਹੁਤ ਘੱਟ ਕਹਿੰਦੇ ਨੇ ਜੋ ਪਹਿਚਾਣ ਕਰ ਲੈਂਦੇ ਨੇ , ਬਾਕੀ ਨੀ ਕਹਿੰਦੇ। ਕਿਉਂਕਿ ਕੌੜੀਆਂ ਗੱਲਾਂ ਕਰਦੇ ਨੇ ਭਗਤ , ਭਗਤਾਂ ਦੀਆਂ ਗੱਲਾਂ ਸੰਸਾਰੀ ਲੋਕਾਂ ਨੂੰ ਚੰਗੀਆਂ ਨਹੀਂ ਲਗਦੀਆਂ। ਸੰਸਾਰੀ ਲੋਕ ਫਿਰ ਉਸਨੂੰ ਸ਼ੁਦਾਈ, ਪਾਗਲ, ਮੂਰਖ ਕਹਿੰਦੇ ਨੇ , ਇਹ ਨੀ ਸੋਚਦੇ ਕਿ ਜੇ ਭਗਤ ਕੁਛ ਕਹਿੰਦਾ ਹੈ , ਉਹ ਤਾਂ ਹੀ ਕਹਿੰਦਾ ਹੈ ਕਿ ਇਹ ਲੋਕ ਵੀ ਸੰਵਾਰ ਲੈਣ ਆਪਣਾ ਕੁਛ ਪਰ ਸੰਸਾਰੀ ਲੋਕਾਂ ਨੂੰ ਉਹ ਚੰਗਾ ਨੀ ਲਗਦਾ। ਸੰਸਾਰੀਆਂ ਨੂੰ ਇੱਜ਼ਤ ਚੰਗੀ ਲਗਦੀ ਏ ,ਚਾਹੇ ਉਹ ਪੁੱਠਾ ਕੰਮ ਕਰਨ ਚਾਹੇ ਸਿੱਧਾ ਪਰ ਉਹਨਾਂ ਨੂੰ ਇੱਜ਼ਤ ਚਾਹੀਦੀ ਹੈ। ਚਾਹੁੰਦੇ ਨੇ ਕਿ ਐਸਾ ਬੋਲੋ ਜੋ ਸਾਨੂੰ ਚੰਗਾ ਲਗਦਾ ਏ ਪਰ ਗੁਰਬਾਣੀ ਦੀ ਬੋਲੀ ਐਸੀ ਨਹੀਂ ਜੋ ਸੰਸਾਰੀਆਂ ਨੂੰ ਚੰਗੀ ਲੱਗੇ। ਭਾਵੇਂ ਭਗਤ ਉਹਨਾਂ ਨੂੰ ਮਿੱਠੇ ਬੋਲ ਕਹਿੰਦੇ ਨੇ ਪਰ ਸੰਸਾਰ ਨੂੰ ਮਿੱਠੇ ਨਹੀਂ ਲਗਦੇ। ਜੇ ਮਿੱਠੇ ਲਗਦੇ, ਤਾਂ ਮੰਨਦੇ ਵੀ ਉਹਨਾਂ ਨੂੰ। ਮਿਠੀਆਂ ਤਾਂ ਉਹ ਚੀਜ਼ਾਂ ਲਗਦੀਆਂ ਨੇ ਜਿਹਨਾਂ ਵਿਚ ਲੋਭ , ਲਾਲਚ , ਕਾਮ ਆਦਿਕ ਵਿਕਾਰ ਬੋਲਦੇ ਨੇ। ਬਾਣੀ ਤਾਂ ਕੋਈ ਸੁਣ ਕੇ ਰਾਜੀ ਨੀ , ਭੋਗ ਤੇ ਆਨੰਦ ਕਾਰਜਾਂ ਵਾਸਤੇ ਹੀ ਵਰਤਦੇ ਨੇ ਗੁਰਬਾਣੀ ਨੂੰ , ਸੁਣਨ ਵਿਚ ਤਾਂ ਧਿਆਨ ਰਹਿੰਦਾ ਨੀ ਸੰਸਾਰੀ ਲੋਕਾਂ ਦਾ। ਧਿਆਨ ਰਹੂ ਵੀ ਕਿਵੇਂ ?? ਡਰ ਤਾਂ ਭਰਿਆ ਪਿਆ ਦਿਲ ਵਿਚ , ਵਿਕਾਰਾਂ ਵਿਚ ਤਾਂ ਘਿਰ ਚੁਕੇ ਨੇ , 15 ਮਿੰਟ ਵੀ ਬੈਠ ਕੇ ਗੁਰਬਾਣੀ ਦਾ ਪਾਠ ਪੜ੍ਹਨਾ ਸੁਣਨਾ ਚੰਗਾ ਨੀ ਲਗਦਾ ਪਰ ਜੇ ਡੀ.ਜੇ. ਲੱਗਿਆ ਹੋਵੇ ਉਥੋਂ ਉੱਠਣ ਨੂੰ ਦਿਲ ਨੀ ਕਰਦਾ ਤੇ ਗੁਰਬਾਣੀ ਜੋ ਮਿੱਠੀ ਹੈ ਉਥੇ ਬੈਠਣ ਨੂੰ ਦਿਲ ਨੀ ਕਰਦਾ। ਐਥੋਂ ਪਤਾ ਲਗਦਾ ਕਿ ਸਿੱਖ ਸਿਰਫ ਕਹਿਣ ਨੂੰ ਹੀ ਸਿੱਖ ਨੇ, ਸੰਸਾਰੀ ਮਾਇਆ ਨੇ ਘੇਰ ਲਿਆ ਅੱਜ ਦਾ ਸਿੱਖ। ਇਥੋਂ ਫਿਰ ਕਿਵੇਂ ਕਹਿ ਦੀਏ ਕਿ ਇਹਨਾਂ ਦੀ ਚਾਲ ਨਿਰਾਲੀ ਹੈ , ਇਹ ਤਾ ਸੰਸਾਰੀ ਚਾਲ ਚੱਲ ਰਹੇ ਨੇ ਅੱਜ। ਭਗਤਾਂ ਨੂੰ ਉਹ ਚੰਗਾ ਨੀ ਲਗਦਾ ਜੋ ਸੰਸਾਰ ਕਰਦਾ ਏ ਤੇ ਸੰਸਾਰ ਨੂੰ ਉਹ ਨਹੀਂ ਜੋ ਭਗਤ ਕਰਦੇ ਨੇ। ਭਗਤਾਂ ਦਾ ਸੱਚ ਖਾਣਾ , ਸੱਚ ਪਹਿਨਣਾ ਤੇ ਸੱਚ ਕਮਾਉਣਾ ਹੀ ਸਭ ਕੁਝ ਏ ਤੇ ਸੰਸਾਰੀ ਲੋਕਾਂ ਦਾ ਕੂੜ ਕਮਾਉਣਾ ਹੀ ਸਭ ਕੁਝ ਬਣ ਜਾਂਦਾ ਏ। ਸੰਸਾਰ ਕੂੜ ਕਮਾਉਂਦਾ , ਉਹ ਕਮਾਈ ਕਰਦਾ ਜੋ ਇਹਦੇ ਕੰਮ ਹੀ ਨਹੀਂ ਆਉਣੀ ਅਗਾਂਹ , ਜੋ ਆਤਮਾ ਦੇ ਕੋਈ ਕੰਮ ਈ ਨਹੀਂ ਆਉਣੀ। ਇਸ ਕਰਕੇ ਭਗਤਾਂ ਦੀ ਚਾਲ ਨਿਰਾਲੀ ਹੈ ਜਿਸ ਬਾਰੇ ਗੁਰੂ ਸਾਹਿਬ ਕਹਿੰਦੇ ਨੇ :
" ਭਗਤਾ ਕੀ ਚਾਲ ਨਿਰਾਲੀ ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ "
ਬਿਖਮ ਮਾਰਗ ਤੇ ਵੀ ਸਿਰਫ ਭਗਤ ਹੀ ਚੱਲ ਸਕਦੇ ਨੇ , ਆਪਣੇ ਵਰਗੇ ਸੰਸਾਰੀ ਲੋਕ ਨਹੀਂ। ਸਤਿਗੁਰੂ ਕਿਰਪਾ ਕਰਨ , ਸੁਮੱਤ ਬਖਸ਼ਣ ਸਾਡੇ ਵਰਗੇ ਔਗੁਣਆਰਿਆਂ ਨੂੰ ਤੇ ਆਪਣੇ ਚਰਨਾਂ ਨਾਲ ਜੋੜਨ।
ਦਾਸ : ਮੰਗਲਦੀਪ ਸਿੰਘ