Thursday 29 September 2016

ਸਿੱਖ ਨੇ ਕੀ ਸੁਣਨਾ ਅਤੇ ਗਾਉਣਾ ਹੈ ?

ਇਹ ਪੋਸਟ ਸਿਰਫ ਸਿੱਖ ਵੀਰ ਭੈਣਾਂ ਵਾਸਤੇ ਹੈ ਕਿਉਂਕਿ ਬਾਕੀ ਇਸ ਪੋਸਟ ਬਾਰੇ ਗ਼ਲਤ ਵੀ ਬੋਲਣਗੇ ਚਾਹੇ ਇਸ ਵਿਚ ਸਾਰੀ ਗੱਲ ਗੁਰਮਤਿ ਦੇ ਅਧਾਰ ਤੇ ਕੀਤੀ ਜਾਵੇਗੀ।
ਸੋ ਪਹਿਲਾਂ ਇਹ ਪੁਸ਼ਟੀ ਕਰ ਦਿਤੀ ਜਾਵੇ ਕਿ ਸਿੱਖ ਕੌਣ ਹੁੰਦਾ ਹੈ। ਸਿੱਖ ਦਾ ਮਤਲਬ ਹੈ ਸਿੱਖਣ ਵਾਲਾ (ਸਿਖਿਆਰਥੀ ਜਾਂ ਕਹਿ ਲਉ ਵਿਦਿਆਰਥੀ) , ਜੋ ਗੁਰੂ ਵੱਲੋਂ ਦਿਤੀ ਸਿਖਿਆ ਉੱਪਰ ਚਲਦਾ ਹੈ। ਗੁਰੂ ਦਾ ਮਤਲਬ ਹੈ ਅਧਿਆਪਕ ਜੋ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੀ ਰੋਸ਼ਨੀ ਨਾਲ ਦੂਰ ਕਰਦਾ ਹੈ। ਹੁਣ ਆਪਾਂ ਸਭ ਵੀ ਇਹ ਪੁਸ਼ਟੀ ਕਰ ਲਈਏ ਕਿ ਕੀ ਅਸੀਂ ਗੁਰੂ ਦੀ ਸਿਖਿਆ ਉੱਪਰ ਚਲਦੇ ਹਾਂ ?? ਕੀ ਅਸੀਂ ਸਿੱਖ ਹਾਂ ??
ਚਲੋ ਗੱਲ ਕਰਦੇ ਹਾਂ ਸਾਡੇ ਅੱਜ ਦੇ ਵਿਸ਼ੇ ਦੀ ਜੋ ਹੁਣ ਬਹੁਤ ਹੀ ਅਹਿਮ ਮੁੱਦਾ ਬਣਦਾ ਜਾ ਰਿਹਾ ਹੈ ਜਿਸਨੂੰ ਅਸੀਂ ਗੀਤਕਾਰੀ ਵੀ ਕਹਿੰਦੇ ਹਾਂ। ਗੀਤਕਾਰੀ ਮਾੜੀ ਨਹੀਂ ਪਰ ਜੋ ਅੱਜ ਕਲ, ਕਈ ਨਹੀਂ ਮਗਰ ਬਹੁਤੇ ਵੀਰਾਂ ਵੱਲੋਂ ਗਾ ਕੇ ਪੇਸ਼ ਕੀਤਾ ਜਾ ਰਿਹਾ ਹੈ ਉਹ ਬਹੁਤ ਗ਼ਲਤ ਹੈ। ਜੇ ਗੁਰਮਤਿ ਦੇ ਅਧਾਰ ਤੇ ਗੱਲ ਕੀਤੀ ਜਾਵੇ ਤਾ ਸਿੱਖ ਦਾ ਫਰਜ਼ ਸਿਰਫ ਗੁਰਬਾਣੀ ਦਾ ਗੁਣ-ਗਾਇਨ ਕਰਨਾ ਹੀ ਹੈ। ਜਿਸ ਬਾਰੇ ਗੁਰੂ ਸਾਹਿਬ ਜੀ ਸਾਨੂੰ ਗੁਰਬਾਣੀ ਰਾਹੀਂ ਉਪਦੇਸ਼ ਦਿੰਦੇ ਹੋਏ ਸਮਝਾ ਰਹੇ ਨੇ :-
" ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ " (ਅੰਗ ੯੨੦)
ਸਤਿਗੁਰੂ ਦੇ ਪਿਆਰੇ ਬਣੋ ਵੀਰੋ ਅਤੇ ਭੈਣੋ। ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਸਿਰਫ ਉਸ ਅਕਾਲ ਪੁਰਖ ਨਾਲ ਜੋੜਨ ਵਾਲੀ ਗੁਰਬਾਣੀ ਦਾ ਹੀ ਗਾਇਨ ਕਰਨਾ ਹੈ ਅਤੇ ਗੁਰੂ ਸਾਹਿਬ ਨੇ ਸਾਨੂੰ ਅਜਿਹੇ ਗੀਤਾਂ ਤੋਂ ਦੂਰ ਰਹਿਣ ਲਈ ਕਿਹਾ ਹੈ ਜਿਸ ਦੇ ਸੁਆਦ ਵਿਚ ਅਸੀਂ ਸਤਿਗੁਰੂ ਪਾਸੋਂ ਦੂਰ ਹੋ ਜਾਂਦੇ ਹਾਂ। ਗੁਰੂ ਸਾਹਿਬ ਸਮਝਾਉਣਾ ਕਰ ਰਹੇ ਨੇ :-
" ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥
ਸਚੁ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗੁ ॥ (ਅੰਗ ੧੦੧੦)
ਦੁਨੀਆ ਦੇ ਗੀਤ ਸੁਣ ਵੇਖੇ ਹਨ, ਸੁਆਦ ਚੱਖ ਵੇਖੇ ਹਨ ; ਇਹ ਗੀਤ ਤੇ ਸੁਆਦ ਸਰੀਰ ਵਿਚ ਰੋਗ ਹੀ ਪੈਦਾ ਕਰਦੇ ਹਨ। ਜਿਸ ਮਨੁੱਖ ਨੂੰ ਉਹ ਸੱਚਾ ਸਤਿਗੁਰੂ , ਸਦਾ ਥਿਰ ਰਹਿਣ ਵਾਲਾ ਪ੍ਰਭੂ ਪਿਆਰਾ ਲਗਦਾ ਹੈ , ਉਹ ਮਨੁੱਖ ਉਸਦਾ ਹੀ ਨਾਮ ਸਿਮਰਦਾ ਹੈ ; ਉਸਦਾ ਪ੍ਰਭੂ ਨਾਲੋਂ ਵਿਛੋੜਾ ਦੂਰ ਹੋ ਜਾਂਦਾ ਹੈ ਅਤੇ ਉਸਦੀ ਚਿੰਤਾ ਦੂਰ ਹੋ ਜਾਂਦੀ ਹੈ। "
ਗੁਰੂ ਜੀ ਨੇ ਸਿਰਫ ਗਾਉਣ ਤੋਂ ਹੀ ਨਹੀਂ ਬਲਕਿ ਅਜਿਹੇ ਗੀਤ ਸੁਣਨ ਲਈ ਵੀ ਰੋਕ ਲਗਾਈ ਹੈ ਅਤੇ ਜੋ ਸੁਣਨ ਲਈ ਕਿਹਾ ਹੈ ਉਸ ਬਾਰੇ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੁਆਰਾ ਉਪਦੇਸ਼ ਕਰ ਰਹੇ ਨੇ :-
" ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥ (ਅੰਗ ੯੨੨)
ਹੇ ਮੇਰੇ ਕੰਨੋ ! ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਸੁਣਿਆ ਕਰੋ। ਸਦਾ ਥਿਰ ਰਹਿਣ ਵਾਲੇ ਪ੍ਰਭੂ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਬਣਾਇਆ ਹੈ ਅਤੇ ਸਰੀਰ ਵਿਚ ਥਾਪਿਆ ਹੈ। "
ਇਕ ਹੋਰ ਸ਼ਬਦ ਰਾਹੀਂ ਗੁਰੂ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ :
" ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥
ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥ (ਅੰਗ ੮੨੦)
ਮੇਰੇ ਪਿਆਰੇ (ਪ੍ਰਭੂ) ! ਮੇਰੇ ਕੰਨਾਂ ਨੂੰ ਅਜਿਹਾ ਕੁਝ ਨਾ ਸੁਣਾਈ ਜੋ ਸਾਕਤ (ਪ੍ਰਭੂ ਨਾਲੋਂ ਟੁੱਟੇ ਮਨੁੱਖ) ਗੀਤਾਂ ਨਾਦਾਂ ਧੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾਉਂਦੇ ਹਨ ; ਇਹ ਸਭ ਵਿਅਰਥ ਹਨ। "
ਸੋ ਮੇਰੇ ਪਿਆਰੇ ਵੀਰੋ ਅਤੇ ਭੈਣੋ ਅਜਿਹੇ ਗੀਤਾਂ ਦਾ ਤਿਆਗ ਕਰੋ ਤੇ ਸਿਰਫ ਗੁਰਬਾਣੀ ਦੇ ਲੜ ਲੱਗੋ। ਜੇ ਅਸੀਂ ਆਪਣੇ ਗੁਰੂ ਦੇ ਸੱਚੇ ਸਿੱਖ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਜੀ ਦੁਆਰਾ ਦੱਸੇ ਗਏ ਮਾਰਗ ਉੱਪਰ ਚੱਲਣਾ ਵੀ ਪਵੇਗਾ। ਗੁਰੂ ਜੀ ਫੁਰਮਾਉਂਦੇ ਹਨ :
" ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ (ਅੰਗ ੩੦੫)
ਜੋ ਅਸਲ ਵਿਚ ਗੁਰੂ ਦਾ ਸਿੱਖ ਹੈ , ਜੋ ਸਿੱਖਣਾ ਚਾਹੁੰਦਾ ਹੈ , ਜੋ ਗੁਰੂ ਜੀ ਦੇ ਦੱਸੇ ਮਾਰਗ ਉੱਪਰ ਚਲਦਾ ਹੈ ਉਹ ਨਿੱਤ ਸਵੇਰੇ ਉੱਠ ਕੇ ਉਸ ਪ੍ਰਭੂ ਦਾ ਨਾਮ ਸਿਮਰਦਾ ਹੈ। ਹਰ ਰੋਜ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ ਅਤੇ ਫਿਰ ਨਾਮ ਰੂਪੀ ਅੰਮ੍ਰਿਤ ਸਰੋਵਰ ਵਿਚ ਟੁਭੀ ਲਾਉਂਦਾ ਹੈ। "
ਦਾਸ ਦੀ ਬੇਨਤੀ ਹੈ ਕਿ ਲੱਚਰ ਗਾਇਕੀ ਤੋਂ ਦੂਰ ਰਹਿ ਕੇ ਸਿਰਫ ਸਤਿਗੁਰੂ ਜੀ ਦੀ ਗੱਲ ਸੁਣੋ ਅਤੇ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਗਾਇਨ ਕਰੋ। ਬਾਕੀ ਤੁਹਾਡੀ ਆਪਣੀ ਮਰਜੀ। ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦੱਸੇ ਨੇ ਉਹ ਤੁਹਾਡੇ ਸਨਮੁਖ ਨੇ , ਗੁਰਮੁਖ ਬਣਨਾ ਹੈ ਜਾਂ ਮਨਮੁਖ ਇਹ ਤੁਹਾਡੇ ਆਪਣੇ ਹੱਥ ਹੈ।
#Khalsa_Empire