Monday 10 April 2017

ਧਰਮ ਕੀ ਹੈ ?


ਪੂਰੀ ਦੀ ਪੂਰੀ ਕਾਇਨਾਤ ਹੀ ਉਸ ਪਰਮੇਸ਼ਰ ਦੇ ਹੁਕਮ ਵਿਚ ਹੈ ਜਿਸ ਬਾਰੇ ਗੁਰੂ ਨਾਨਕ ਸਾਹਿਬ ਨੇ ਜਪੁ ਜੀ ਸਾਹਿਬ ਵਿਚ ਫੁਰਮਾਇਆ ਹੈ :
" ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ "
ਜੀਵ ਜੰਤੂ, ਪਸ਼ੂ ਪੰਛੀ ਪੈਦਾ ਹੁੰਦੇ ਨੇ ਅਤੇ ਉਹਨਾਂ ਨੂੰ ਕੁਝ ਵੀ ਸਿਖਾਉਣ ਦੀ ਲੋੜ ਨਹੀਂ ਪੈਂਦੀ। ਉਹਨਾਂ ਦਾ ਕੋਈ ਅਲੱਗ ਸਕੂਲ ਕਾਲਜ ਨਹੀਂ ਖੋਲਿਆ ਜਿਸ ਵਿਚ ਉਹਨਾਂ ਨੂੰ ਜੀਵਨ ਅੱਗੇ ਚਲਾਉਣ ਦੀ ਸਿਖਿਆ ਦਿਤੀ ਜਾਂਦੀ ਹੋਵੇ। ਪਰਮੇਸ਼ਰ ਨੇ ਉਹਨਾਂ ਨੂੰ ਸੋਝੀ ਬਖਸ਼ੀ ਹੈ ਜਿਸ ਕਾਰਨ ਉਹ ਆਪਣੇ ਧਰਮ ਵਿਚ ਪੂਰੇ ਨੇ। ਸ਼ੇਰ, ਚੀਤਾ, ਭੇੜੀਏ ਅਤੇ ਹੋਰ ਮਾਸਾਹਾਰੀ ਜੀਵਾਂ ਨੂੰ ਕਹਿ ਦਈਏ ਕਿ ਮਾਸ ਛੱਡ ਕੇ ਤੁਸੀਂ ਘਾਹ ਖਾਇਆ ਕਰੋ ਤਾਂ ਕੀ ਉਹ ਰਾਜੀ ਹੋ ਜਾਣਗੇ ? ਉਸੇ ਤਰਾਂ ਹੀ ਸ਼ਾਕਾਹਾਰੀ ਜੀਵ ਵੀ ਸਿਰਫ ਸ਼ਾਕਾਹਾਰੀ ਭੋਜਨ ਗ੍ਰਹਿਣ ਕਰਦੇ ਨੇ ਕਿਉਂਕਿ ਪਰਮੇਸ਼ਰ ਨੇ ਉਹਨਾਂ ਨੂੰ ਧਰਮ ਵਿਚ ਪਰਪੱਕ ਰਹਿਣ ਦੀ ਸੋਝੀ ਬਖਸ਼ੀ ਹੈ। ਧਰਮ ਦੇ ਅਰਥ ਬਹੁਤ ਸੂਝਵਾਨ ਵੀਰਾਂ ਨੇ ਵੀ ਕੀਤੇ ਹੋਏ ਨੇ, ਕੋਈ ਕੁਝ ਦਸਦਾ ਤੇ ਕੋਈ ਕੁਝ, ਗੁਰੂ ਨਾਨਕ ਸਾਹਿਬ ਨਾਲ ਜਦੋਂ ਉਸ ਵੇਲੇ ਦੇ ਵਿਦਵਾਨ ਕਹਾਉਣ ਵਾਲੇ ਪੰਡਿਤਾਂ ਨਾਲ ਵਾਰਤਾਲਾਪ ਹੋਈ ਤਾਂ ਉਹਨਾਂ ਨੇ ਕਿਹਾ ਕਿ ਇਹ ਧਰਤੀ ਇਕ ਬਲਦ ਦੇ ਸਿੰਗ ਉੱਪਰ ਟਿਕੀ ਹੋਈ ਹੈ। ਸੱਚ ਪੁੱਛੋਂ ਤਾਂ ਸਾਨੂੰ ਛੋਟੇ ਹੁੰਦਿਆ ਨੂੰ ਵੀ ਇਹੀ ਦੱਸਿਆ ਜਾਂਦਾ ਰਿਹਾ ਹੈ ਪਰ ਜਦੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਬਾਣੀ ਨੂੰ ਪੜ੍ਹਨ ਦਾ ਮੌਕਾ ਮਿਲਿਆ, ਉਦੋਂ ਇਸ ਬਾਰੇ ਸਭ ਸ਼ੰਕੇ ਨਵਿਰਤ ਹੋ ਗਏ। ਗੁਰੂ ਸਾਹਿਬ ਨੇ ਉਹਨਾਂ ਨੂੰ ਅਸਲ ਸੱਚ ਦਿਖਾਉਂਦੇ ਹੋਏ ਦੱਸਿਆ ਕਿ ਇਹ ਧਰਤੀ ਕਿਸੇ ਬਲਦ ਦੇ ਸਿੰਗ ਉੱਪਰ ਨਹੀਂ ਬਲਕਿ ਧਰਮ (ਨਿਯਮ, ਮਰਯਾਦਾ) ਉੱਪਰ ਟਿਕੀ ਹੋਈ ਹੈ। ਜਿਸ ਬਾਰੇ ਗੁਰੂ ਸਾਹਿਬ ਨੇ ਫੁਰਮਾਇਆ ਹੈ :
" ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ "
ਸਭ ਕੁਝ ਇਕ ਮਰਯਾਦਾ ਵਿਚ ਹੀ ਹੈ, ਸੂਰਜ ਦਾ ਪ੍ਰਕਾਸ਼, ਧਰਤੀ ਦਾ ਸੂਰਜ ਦੁਆਲੇ ਘੁੰਮਣਾ, ਧਰਤੀ ਵਿੱਚ ਰਹਿਣ ਲਈ ਅਨੁਕੂਲ ਵਾਤਾਵਰਨ,੮੪ ਲੱਖ ਜੂਨਾਂ ਵਾਲੇ ਸਭ ਪਾ੍ਣੀਆਂ ਦਾ ਜੰਮਣਾ ਮਰਨਾ ਆਦਿਕ ਸਭ ਉਸ ਪਰਮੇਸ਼ਰ ਦੇ ਬਣਾਏ ਨਿਯਮ ਹੀ ਨੇ ਅਤੇ ਇਹ ਸਭ ਉਸਦੇ ਹੁਕਮ ਵਿੱਚ ਹੈ । ਰਾਤਾਂ , ਰੁੱਤਾਂ , ਦਿਨ , ਵਾਰ , ਹਵਾ , ਪਾਣੀ , ਅੱਗ ਅਤੇ ਪਾਤਾਲ ਸਭ ਉਸ ਪ੍ਰਮਾਤਮਾ ਨੇ ਇਕ ਨਿਯਮ (ਧਰਮ) ਵਿਚ ਟਿਕਾ ਦਿੱਤੇ ਹਨ ਅਤੇ ਧਰਤੀ ਨੂੰ ਧਰਮ ਕਮਾਉਣ (ਚੰਗੇ ਕਰਮ ਅਤੇ ਨਾਮ ਜੱਪਣਾ) ਦਾ ਅਸਥਾਨ ਬਣਾਇਆ ਹੈ :-
" ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ "
ਸਾਨੂੰ ਦੱਸਿਆ ਜਾਂਦਾ ਏ ਕਿ ਹਿੰਦੂ, ਮੁਸਲਮਾਨ, ਇਸਾਈ ਆਦਿਕ ਧਰਮ ਨੇ ਅਤੇ ਸਾਡਾ ਸਿੱਖ ਸ਼ਬਦ ਵੀ ਧਰਮ ਵਾਲੀ ਗਿਣਤੀ ਵਿੱਚ ਆ ਗਿਆ ਹੈ । ਸਿੱਖੀ ਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਕਈ ਅਜਿਹੀਆਂ ਚੀਜਾਂ ਸਾਡੇ ਵਿੱਚ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਨਾਲ ਪੰਥ ਵਿੱਚ ਦੁਬਿਧਾ ਪੈਦਾ ਹੋ ਗਈ ਹੈ । ਸਿੱਖ ਸ਼ਬਦ ਬਾਰੇ ਵਿਚਾਰ ਅਗਲੀ ਪੋਸਟ ਵਿੱਚ ਸਾਂਝੇ ਕਰਾਂਗੇ । ਹੁਣ ਸਾਡੇ ਦਿਮਾਗ ਵਿੱਚ ਸਵਾਲ ਹੋਵੇਗਾ ਕਿ ਜੇਕਰ ਸਿੱਖ ਕੋਈ ਧਰਮ ਨਹੀਂ ਤਾਂ ਅਸਲੀ ਧਰਮ ਕੀ ਹੈ ? ਗੁਰੂ ਸਾਹਿਬ ਕਹਿੰਦੇੇ ਨੇ :
 " ਸਰਬ ਧਰਮ ਮਹਿ ਸ੍ਰੇਸਟ ਧਰਮੁ || ਹਰਿ ਕੋ ਨਾਮੁ ਜਪਿ ਨਿਰਮਲ ਕਰਮੁ || "
ਗੁਰੂ ਜੀ ਨੇ ਤਾਂ ਇਹੀ ਸਿਖਾਇਆ ਏ ਕਿ ਸਾਰੇ ਧਰਮਾਂ ਤੋਂ ਉੱਤਮ ਧਰਮ ਉਸ ਪ੍ਰਮਾਤਮਾ ਦਾ ਨਾਮ ਜੱਪਣਾ ਅਤੇ ਚੰਗੇ ਕਰਮ ਕਰਨਾ ਹੀ ਹੈ ਪਰ ਅਸੀਂ ਲੋਕ ਖੁਦ ਹੀ ਸਭ ਨੂੰ ਵੰਡ ਦਿੱਤਾ ਅਤੇ ਗੁਰੂ ਸਾਹਿਬ ਦੀ ਇਕ ਨਹੀਂ ਸੁਣੀ। ਅਸੀਂ ਹੁਣੇ ਇਹ ਪੜਿਆ ਕਿ ਜੀਵ ਜੰਤੂਆਂ ਨੂੰ ਧਰਮ ਦੀ ਸੋਝੀ ਪਰਮੇਸ਼ਰ ਨੇ ਦਿੱਤੀ ਹੈ ਪਰ ਸਾਨੂੰ ਮਨੁੱਖਾਂ ਨੂੰ ਧਰਮ ਸਿੱਖਣ ਦੀ ਲੋੜ ਕਿਉਂ ਪਈ ? ਮਨੁੱਖਾ ਜਨਮ ੮੪ ਲੱਖ ਜੂਨਾਂ ਤੋਂ ਬਾਅਦ ਮਿਲਦਾ ਹੈ ਅਤੇ ਇਸ ਮਨੁੱਖਾ ਦੇਹੀ ਵਿੱਚ ਜੋ ਜੋਤ ਹੈ ਉਹ ਆਪਣੇ ਮੂਲ ਨਾਲੋਂ ਵਿੱਛੜ ਕੇ ੮੪ ਲੱਖ ਜੂਨਾਂ ਦੇ ਗੇੜ ਤੋਂ ਬਾਅਦ ਇਸ ਮਨੁੱਖਾ ਜੂਨ ਵਿੱਚ ਆਈ ਹੈ ਜਿਸ ਨੂੰ ਸਭ ਤੋਂ ਉੱਤਮ ਜੂਨ ਵੀ ਮੰਨਿਆ ਹੈ । ਜੂਨਾਂ ਦੇ ਗੇੜ ਤੋਂ ਬਾਅਦ ਮਨੁੱਖ ਨੂੰ ਕਈ ਤਰਾਂ ਦੇ ਵਿਕਾਰ ਚੁੰਬੜ ਗਏ ਨੇ ਅਤੇ ਮਨੁੱਖ ਖੁੱਲਾ ਖਲਾਸਾ ਰਹਿਣਾ ਚਾਹੁੰਦਾ ਏ, ਜਨਮਾਂ ਦੇ ਗੇੜ ਬਾਰੇ ਗੁਰੂ ਸਾਹਿਬ ਕਹਿੰਦੇ ਨੇ :
" ਕਈ ਜਨਮ ਭਏ ਕੀਟ ਪਤੰਗਾ ॥
ਕਈ ਜਨਮ ਗਜ ਮੀਨ ਕੁਰੰਗਾ ॥
ਕਈ ਜਨਮ ਪੰਖੀ ਸਰਪ ਹੋਇਓ ॥
ਕਈ ਜਨਮ ਹੈਵਰ ਬ੍ਰਿਖ ਜੋਇਓ ॥ "
ਪ੍ਰਮਾਤਮਾ ਨੇ ਮਿਹਰ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾਉਣ ਵਾਸਤੇ ਅਮੋਲਕ ਮਨੁੱਖਾ ਜਨਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਪ੍ਰਭੂ ਦਰ ਦੇ ਵਿਚ ਪ੍ਰਵਾਨਗੀ ਤਾਂ ਹੋਵੇਗੀ ਜੇ ਉਸ ਸੱਚੇ ਪਰਮੇਸ਼ਰ ਦੀ ਰਜਾ ਵਿੱਚ ਚੱਲਕੇ ਧਰਮੀ ਬਣਾਂਗੇ । ਕਿਸੇ ਤਰਾਂ ਦਾ ਵੀ ਨਿਯਮ ਹੋਵੇ ਜੇਕਰ ਕੋਈ ਉਸ ਨਿਯਮ ਨੂੰ ਤੋੜਦਾ ਹੈ ਤਾਂ ਉਸ ਦਾ ਫਲ ਉਸਨੂੰ ਭੁਗਤਣਾ ਪੈਂਦਾ ਹੈ, ਅੱਜ ਕਲਯੁੱਗ ਵਿੱਚ ਪਾਪ ਵੱਧਣ ਦਾ ਮੁੱਖ ਕਾਰਨ ਹੀ ਨਿਯਮਾਂ ਦੀ ਉਲੰਘਣਾ ਹੈ । ਪਰਮੇਸ਼ਰ ਨੇ ਜੋ ਨਿਯਮਬੱਧ ਕੀਤਾ ਸੀ ਉਸਨੂੰ ਛੱਡ ਕੇ ਅਸੀਂ ਆਪਣੇ ਬਣਾਏ ਨਿਯਮਾਂ ਨੂੰ ਜਿਆਦਾ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਕੁਝ ਗਲਤ ਹੁੰਦਾ ਹੈ ਤਾਂ ਅਸੀਂ ਦੂਜਿਆਂ ਨੂੰ ਦੋਸ਼ ਦਿੰਦੇ ਹਾਂ ਤੇ ਕਈ ਵਾਰ ਰੱਬ ਨੂੰ ਵੀ ਕੋਸਦੇ ਹਾਂ ਪਰ ਸਭ ਕੁਝ ਸਾਡੇ ਪੂਰਬਲੇ ਅਤੇ ਹੁਣ ਦੇ ਕਰਮਾਂ ਦਾ ਹੀ ਫਲ ਹੁੰਦਾ ਏ । ਧਰਮ ਕਮਾਉਣ ਆਏ ਹਾਂ ਅਸੀਂ ਇੱਥੇ, ਧਰਮ ਕਮਾਉਣ ਦਾ ਮਤਲਬ ਏ ਚੰਗੇ ਕਰਮ ਕਰਨੇ, ਪਰਮੇਸ਼ਰ ਦੀ ਯਾਦ ਨੂੰ ਦਿਲੋਂ ਨਾ ਵਿਸਾਰਨਾ ਜਿਵੇਂ ਗੁਰੂ ਸਾਹਿਬ ਧਰਮ ਕਮਾਉਣ ਵਾਲਿਆਂ ਬਾਰੇ ਫੁਰਮਾਉਂਦੇ ਨੇ :
" ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ "
ਪਾਪ ਕਮਾਉਣੇ ਅੱਜ ਸਾਨੂੰ ਚੰਗੇ ਲੱਗਦੇ ਨੇ, ਪਰਮੇਸ਼ਰ ਦੇ ਬਣਾਏ ਨਿਯਮਾਂ ਦੀ ਉਲੰਘਣਾ ਕਰਨੀ, ਮਾੜੇ ਸ਼ਬਦ ਬੋਲਣੇ, ਪੰਜਾਂ ਵਿਕਾਰਾਂ ਵਿੱਚ ਫਸੇ ਰਹਿਣਾ ਅਤੇ ਹੋਰ ਅਜਿਹੇ ਕਾਰ ਵਿਹਾਰ ਕਰਨੇ ਜੋ ਧਰਮ ਦੇ ਉਲਟ ਹੋਣ,ਸਭ ਪਾਪ ਹੀ ਨੇ । ਜੋ ਕਰਮਕਾਂਡ, ਅੰਧਵਿਸ਼ਵਾਸ਼ ਆਦਿਕ ਧਰਮ ਦੇ ਨਾਮ ਉੱਪਰ ਫੈਲੇ ਹੋਏ ਸਨ ਉਸ ਤੋਂ ਮੁਕਤ ਕਰਵਾਉਣ ਲਈ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਅਤੇ ਧਰਮ ਦੀ ਅਸਲ ਪਰਿਭਾਸ਼ਾ ਤੋਂ ਜਾਣੂ ਕਰਵਾਇਆ । ਕਰਮਕਾਂਡ, ਅੰਧਵਿਸ਼ਵਾਸ਼ ਅੱਜ ਵੀ ਉਦਾਂ ਹੀ ਫੈਲੇ ਹੋਏ ਨੇ ਪਰ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦਾ ਚਾਨਣ ਬਖਸ਼ਿਆ ਹੈ ਅਤੇ ਜੇਕਰ ਅਜੇ ਵੀ ਅਸੀਂ ਗੁਰੂ ਦੀ ਨਹੀ ਸੁਣ ਰਹੇ ਤਾਂ ਇਹ ਸਾਡੀ ਮੂਰਖਤਾ ਹੈ । ਸਾਨੂੰ ਪੈਦਾ ਕਰਨ ਵਾਲੇ ਨੂੰ ਸਾਡੀ ਫਿਕਰ ਵੀ ਹੈ ਇਸ ਲਈ ਸਾਡੇ ਲਈ ਧਰਮ ਬਣਾਇਆ ਹੈ ਅਤੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਧਰਮ ਕਮਾਈਏ ਤਾਂ ਜੋ ਅਸੀਂ ਆਪਣਾ ਜੀਵਨ ਗੁਰਮਤਿ ਅਨੁਸਾਰ ਬਣਾ ਕੇ ਗੁਰੂ ਦੇ ਪਿਆਰੇ ਬਣ ਸਕੀਏ । ਇਸ ਵਕਤ ਮਨੁੱਖੀ ਸਮਾਜ ਮਾਇਆਵਾਦ, ਸਾਇੰਸ ਅਤੇ ਰਾਜਨੀਤਿਕ ਜੁਗ ਗਰਦੀ ਵਿੱਚੋਂ ਲੰਘ ਰਿਹਾ ਏ, ਧਰਮ ਵੱਲੋਂ ਰੁਚੀ ਘੱਟ ਰਹੀ ਹੈ ਜਿਸ ਕਰਕੇ ਮਾਨਸਿਕ ਅਸ਼ਾਂਤੀ ਵੱਧ ਰਹੀ ਹੈ । ਧਰਮ ਕਮਾਉਣ ਵਿੱਚ ਦੇਰੀ ਨਾ ਕਰੋ , ਪਾਪ ਵਿੱਚ ਢਿੱਲ ਕਰੋ । ਭੁੱਲ ਚੁਕ ਦੀ ਖਿਮਾ । #ਮੰਗਲਦੀਪ_ਸਿੰਘ