Tuesday 21 February 2017

ਜਦੋਂ ਗੁਰਬਾਣੀ ਹੀ ਜੀਵਨ ਦਾ ਅਧਾਰ ਬਣ...

ਜਦੋਂ ਅਸੀਂ ਗੁਰੂ ਗਰੰਥ ਸਾਹਿਬ ਜੀ ਨੂੰ ਸੱਚਮੁੱਚ ਗੁਰੂ ਸਵੀਕਾਰ ਕਰ ਲਵਾਂਗੇ ਤਾਂ ਉਦੋਂ ਗੁਰਬਾਣੀ ਹੀ ਜੀਵਨ ਦਾ ਅਧਾਰ ਬਣ ਜਾਣੀ ਏ। ਫਿਰ ਤੀਜੇ ਨਾਨਕ ਗੁਰੂ ਅਮਰਦਾਸ ਸਾਹਿਬ ਜੀ ਦੀ ਦਿਤੀ ਸਿਖਿਆ ਹਮੇਸ਼ਾ ਯਾਦ ਰਹੇਗੀ :
" ਸਾਚਾ ਨਾਮੁ ਮੇਰਾ ਆਧਾਰੋ ॥
ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥ "
ਜਦੋਂ ਸੱਚਮੁੱਚ ਅਸੀਂ ਗੁਰੂ ਦੇ ਪਿਆਰੇ ਸਿੱਖ ਬਣ ਗਏ ਤਾਂ ਸਾਰੀਆਂ ਭੁੱਖਾਂ ਖਤਮ ਹੋ ਜਾਣੀਆਂ ਜੋ ਅੱਜ ਅਸੀਂ ਗੀਤਾਂ , ਭੰਗੜਿਆਂ , ਹਾਰ-ਸ਼ਿੰਗਾਰਾਂ , ਫੋਕੇ ਮਨੋਰੰਜਨ ਅਤੇ ਹੋਰ ਅਜਿਹੀਆਂ ਵਸਤਾਂ ਵਿੱਚੋ ਲੱਭਦੇ ਹਾਂ ਜੋ ਸਾਨੂੰ ਪਰਮੇਸ਼ਰ ਨਾਲੋਂ ਦੂਰ ਕਰਦੀਆਂ ਨੇ। ਫਿਰ ਅਸੀਂ ਕਿਸੇ ਗੀਤਕਾਰ ਵੱਲੋਂ ਗਾਏ ਗੀਤਾਂ ਦੀ ਪਰਖ ਕਰਕੇ ਇਹ ਵੀ ਪਰਖਣਾ ਸਿੱਖ ਲਵਾਂਗੇ ਕਿ ਇਸਦਾ ਸਾਡੇ ਜੀਵਨ ਤੇ ਕੀ ਅਸਰ ਪਵੇਗਾ। ਫਿਰ ਕਿਸੇ ਗੀਤਕਾਰ ਦੇ ਫੈਨ ਬਣਨ ਦੀ ਤਾਂ ਗੱਲ ਬਹੁਤ ਦੂਰ , ਅਸੀਂ ਉਸਦੇ ਗੀਤ ਤੱਕ ਨਹੀਂ ਸੁਣਾਂਗੇ। ਫਿਰ ਗੁਰੂ ਸਾਹਿਬ ਦੀ ਦਿੱਤੀ ਹੋਈ ਸਿਖਿਆ ਹਮੇਸ਼ਾ ਯਾਦ ਰਹੇਗੀ ਜੋ ਗੁਰੂ ਸਾਹਿਬ ਗੀਤ ਗਾਉਣ ਵਾਲਿਆਂ ਦੇ ਬਾਬਤ ਦੇ ਰਹੇ ਨੇ :
" ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥
ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥ "
ਕਈ ਬਹੁਤ ਸਤਿਕਾਰਯੋਗ ਵੀਰ ਤੇ ਭੈਣ ਕਹਿੰਦੇ ਨੇ ਗਾਣਿਆਂ ਦਾ ਸਾਡੇ ਜੀਵਨ ਤੇ ਕੋਈ ਅਸਰ ਨਹੀਂ ਪੈਂਦਾ , ਉਹਨਾਂ ਅੱਗੇ ਬੇਨਤੀ ਹੈ ਕਿ ਜੇਕਰ ਸੱਚਮੁੱਚ ਅਸੀਂ ਸਿੱਖ ਅਖਵਾਉਂਦੇ ਹਾਂ ਤਾਂ ਅਸੀਂ ਖੁਦ ਗੁਰਬਾਣੀ ਪੜ੍ਹ ਕੇ ਵਿਚਾਰੀਏ ਅਤੇ ਜੀਵਨ ਤੇ ਲਾਗੂ ਕਰੀਏ। ਅਧਿਆਤਮਿਕ ਸਤਰ ਤੋਂ ਅਸੀਂ ਉਦੋਂ ਤੱਕ ਨਹੀਂ ਸੋਚ ਸਕਦੇ ਜਦੋਂ ਤੱਕ ਅਸੀਂ ਗੁਰੂ ਦੇ ਅਨੁਸਾਰ ਨਹੀਂ ਚੱਲਦੇ। ਕੋਸ਼ਿਸ਼ ਤਾਂ ਕਰੀਏ ਗੁਰੂ ਦੀ ਗੱਲ ਸੁਣਨ ਦੀ , ਗੁਰੂ ਦੇ ਕੋਲ ਜਾਣ ਦੀ ਕੋਸ਼ਿਸ਼ ਕਰੀਏ ਗੁਰੂ ਸਾਨੂੰ ਆਪਣੇ ਚਰਨੀ ਜਰੂਰ ਲਾਉਣਗੇ। ਗੁਰਬਾਣੀ ਤੋਂ ਬਿਨਾ ਤਾਂ ਅਸੀਂ ਮਨਮੁਖ ਹਾਂ। ਦਾਸ ਵੀ ਗੁਰਬਾਣੀ ਤੋਂ ਬਿਨਾਂ ਮੂਰਖ ਹੈ। ਦਾਸ ਕੋਲੋਂ ਲਿਖਦਿਆਂ ਕੋਈ ਗ਼ਲਤੀ ਹੋ ਗਈ ਹੋਵੇ ਤਾ ਦਾਸ ਨੂੰ ਅਣਜਾਣ ਸਮਝਦੇ ਹੋਏ ਦਾਸ ਦੀ ਝੋਲੀ ਪਾ ਦੇਣਾ ਤਾਂ ਜੋ ਅੱਗੇ ਤੋਂ ਅਜਿਹੀ ਗ਼ਲਤੀ ਨਾ ਹੋਵੇ। #ਮੰਗਲਦੀਪ_ਸਿੰਘ

Friday 3 February 2017

ਗੀਤਕਾਰ ਅਤੇ ਉਹਨਾਂ ਦੇ ਚੇਲਿਆਂ ਦੁਆਰਾ ਕੀਤਾ ਜਾ ਰਿਹਾ ਗੁਰਬਾਣੀ ਦਾ ਵਿਰੋਧ !!

ਬਹੁਤੇ ਗੀਤਕਾਰ ਗੀਤਾਂ ਰਾਹੀਂ ਲੱਚਰਤਾ ਹੀ ਫੈਲਾ ਰਹੇ ਨੇ ਅਤੇ ਸਾਡੇ ਹੀ ਵੀਰ ਭੈਣ ਜੋ ਸਿੱਖ ਤਾ ਅਖਵਾਉਂਦੇ ਨੇ ਪਰ ਇਹਨਾਂ ਗੀਤਕਾਰਾਂ ਨੂੰ ਤਰਜੀਹ ਦਿੰਦੇ ਨੇ ਅਤੇ ਅਜਿਹੇ ਗੀਤਕਾਰਾਂ ਨੂੰ ਤਰਜੀਹ ਦੇਣ ਵਾਲੇ ਦੀ ਸੋਚ ਦਾ ਮਿਆਰ ਉਸਨੂੰ ਪਰਮੇਸ਼ਰ ਨਾਲੋਂ ਬਹੁਤ ਦੂਰ ਲੈ ਜਾਂਦਾ ਹੈ। ਉਹਨਾਂ ਲੋਕਾਂ ਨੂੰ ਜਦੋ ਆਪਣੇ ਆਲੇ ਦੁਆਲੇ ਕੁਝ ਅਜਿਹਾ ਦੇਖਣ ਨੂੰ ਮਿਲ ਜਾਵੇ ਤਾਂ ਕਹਿੰਦੇ ਨੇ ਚਲੋ, ਸਭ ਨੂੰ ਹੱਕ ਹੈ ਇਹ ਸਭ ਕਰਨ ਦਾ ਪਰ ਜਦੋਂ ਗੱਲ ਘਰ ਤੇ ਆਉਂਦੀ ਹੈ ਤਾਂ ਸ਼ਰਮ ਨੂੰ ਇਕ ਪਾਸੇ ਰੱਖ ਕੇ ਝੂਠਾ ਹੀ ਕਹਿਣਾ ਪੈਂਦਾ ਏ ਕਿ ਦੁਨੀਆ ਜਿਵੇਂ ਚਲਦੀ ,ਉਸਦੇ ਨਾਲ ਚਲੋ। ਸ਼ਰਮ ਦੇ ਨਾਲ ਨਾਲ ਧਰਮ ਵੀ ਤਿਆਗ ਦਿੱਤਾ ਗਿਆ ਇਸ 21ਵੀਂ ਸਦੀ ਦੇ ਵਿਦਵਾਨਾਂ ਵੱਲੋਂ। ਕਹਿੰਦੇ ਨੇ ਧਰਮ ਨੂੰ ਇਕ ਪਾਸੇ ਰੱਖੋ ਤੇ ਮਨੋਰੰਜਨ ਨੂੰ ਇਕ ਪਾਸੇ , ਅਜਿਹੀ ਗੱਲ ਉਹ ਕਰਦੇ ਨੇ ਜਿਹਨਾਂ ਨੂੰ ਧਰਮ ਦੀ ਪਰਿਭਾਸ਼ਾ ਹੀ ਨਹੀਂ ਪਤਾ। ਹਰ ਇਨਸਾਨ ਖੁੱਲ੍ਹਾ ਖੁਲਾਸਾ ਜਿਉਣਾ ਚਾਹੁੰਦਾ ਹੈ ਜਿਵੇਂ ਕਿ ਪਿੱਛਲੇ ਲੇਖ ਵਿਚ ਵੀ ਇਸ ਬਾਰੇ ਵਿਸਥਾਰ ਨਾਲ ਲਿਖਿਆ ਗਿਆ ਸੀ ਕਿ ਮਨੁੱਖ ਖੁੱਲ੍ਹਾ ਖੁਲਾਸਾ ਕਿਉਂ ਰਹਿਣਾ ਚਾਹੁੰਦਾ ਹੈ। ਗੁਰਬਾਣੀ ਅਨੁਸਾਰ ਜੀਵਨ ਜਿਉਣ ਵਾਲਾ ਕਦੇ ਅਕਿਰਤਘਣ ਨਹੀਂ ਹੁੰਦਾ ਜਿਵੇਂ ਕਿ ਅੱਜ ਦੇ ਗਾਇਕ ਅਤੇ ਉਹਨਾਂ ਦੇ ਚੇਲੇ ਹੋ ਗਏ ਨੇ। ਗਾਇਕਾਂ ਨੂੰ ਸਿਰਫ ਆਪਣੇ ਮਨ ਨਾਲ ਮਤਲਬ ਹੁੰਦਾ ਹੈ , ਜਿਵੇਂ ਦਾ ਉਹਨਾਂ ਦਾ ਮਨ ਸੋਚਦਾ ਹੈ ਉਹ ਉਦਾਂ ਦਾ ਗੀਤ ਲਿਖ ਕੇ ਗਾਏਗਾ ਅਤੇ ਉਹਨਾਂ ਦੇ ਚੇਲੇ ਵੀ ਸਿਰਫ ਮਨ ਤਕ ਸੀਮਤ ਰਹਿ ਕੇ ਸੋਚਦੇ ਨੇ ਕਿ ਇਹ ਜੋ ਗਾਇਆ ਹੈ ਸਭ ਬਹੁਤ ਵਧੀਆ ਗਾਇਆ ਏ। ਮਨ ਦੀ ਗੱਲ ਸੁਣਨ ਵਾਲੇ ਨੂੰ ਗੁਰਬਾਣੀ ਅਨੁਸਾਰ ਮਨਮੁਖ ਕਿਹਾ ਜਾਂਦਾ ਹੈ। ਦੂਜੇ ਪਾਸੇ ਗੁਰਮਤਿ ਅਨੁਸਾਰ ਜੀਵਨ ਜਿਉਣ ਵਾਲੇ ਨੂੰ ਸਿਰਫ ਉਸ ਦੇ ਵਿਚਾਰ ਅਤੇ ਗੀਤ ਪਸੰਦ ਆਉਂਦੇ ਨੇ ਜੋ ਗੁਰਮਤਿ ਦੇ ਅਧਾਰ ਤੇ ਹਰ ਗੱਲ ਕਰਦਾ ਹੈ। ਅਸੀਂ ਗੁਰੂ ਗਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਸਿਰਫ ਆਪਣੇ ਸੁਖ ਅਤੇ ਹੋਰ ਚੀਜ਼ਾਂ ਮੰਗਣ ਤਕ ਸੀਮਤ ਰਹਿ ਗਏ ਹਾਂ, ਮੰਗਣਾ ਤਾਂ ਚਲੋ ਉਸ ਪਰਮੇਸ਼ਰ ਕੋਲੋਂ ਹੀ ਹੈ ਪਰ ਸਾਨੂੰ ਜੇ ਮੱਥਾ ਟੇਕਣ ਦਾ ਮਤਲਬ ਸਿਖਾਇਆ ਜਾਂਦਾ ਤਾਂ ਸ਼ਾਇਦ ਅੱਜ ਅਸੀਂ ਗੀਤਕਾਰਾਂ ਦੇ ਪਿੱਛੇ ਲਗ ਕੇ ਉਹਨਾਂ ਦੇ ਚੇਲੇ ਨਾ ਬਣਦੇ। ਮੱਥਾ ਟੇਕਣਾ ਸੀ ਮਨ ਦਾ ਤੇ ਅਸੀਂ ਸੀਸ ਝੁਕਾਉਣ ਨੂੰ ਹੀ ਮੱਥਾ ਟੇਕਣਾ ਸਮਝ ਲਿਆ। ਮਨ ਨੀਵਾਂ ਤੇ ਮੱਤ ਉੱਚੀ ਦੀ ਅਸੀਂ ਨਿੱਤ ਅਰਦਾਸ ਕਰਦੇ ਹਾਂ ਪਰ ਅੱਜ ਸਾਨੂੰ ਵਿਦਵਾਨਾਂ ਵੱਲੋਂ ਲੱਚਰਤਾ ਦੇ ਖਿਲਾਫ ਬੋਲਣ ਤੇ ਸਿਖਾਇਆ ਜਾਂਦਾ ਏ ਕਿ ਸੋਚ ਉੱਚੀ ਕਰੋ, ਕਿਥੇ ਤੁਸੀਂ 17ਵੀਂ ਸਦੀ ਵਿਚ ਜਿਉਂਦੇ ਪਏ ਓ ?? 
ਵੀਰੋ ਮੰਨਦਾ ਹਾਂ ਕਿ ਵਿਗਿਆਨੀ ਚੰਨ ਤੇ ਪਹੁੰਚ ਗਏ ਪਰ ਉਸਦੀ ਪ੍ਰਾਪਤੀ ਕੀ ਹੋਈ ? ਸਾਨੂੰ ਉਹਨਾਂ ਦੀਆਂ ਇਹ ਚੰਨ ਵਾਲੀਆਂ ਖੋਜਾਂ ਨਾਲ ਕੋਈ ਫਾਇਦਾ ਨਾ ਕਦੇ ਹੋਇਆ ਤੇ ਨਾ ਹੀ ਕਦੇ ਹੋਣਾ। ਜੇ ਸਾਨੂੰ ਪੱਛਮੀ ਸੱਭਿਅਤਾ ਵਾਲੇ ਕਹਿ ਦੇਣ ਕਿ ਪਾਟੀਆਂ ਪੈਂਟਾਂ ਤੇ ਸ਼ਰਟਾਂ ਪਾਓ ਤਾ ਅਸੀਂ ਉਸਨੂੰ ਨਵਾਂ ਫੈਸ਼ਨ ਸਮਝ ਕੇ ਬਹੁਤ ਖੁਸ਼ੀ ਖੁਸ਼ੀ ਅਪਣਾਉਂਦੇ ਆ। ਕਈ ਗੀਤਕਾਰ ਕਹਿੰਦੇ ਨੇ ਪੈਂਟਾਂ ਸ਼ਰਟਾਂ ਜੇਕਰ ਵੈਸਟਰਨ ਪਾਈਆਂ ਨੇ ਤਾ ਸਾਡੇ ਪੰਜਾਬ ਦੇ ਹਾਲਾਤ ਕਿਉਂ ਨਹੀਂ ਉਦਾ ਦੇ ਹੋ ਸਕਦੇ , ਕਹਿੰਦੇ ਨੇ ਕਿ ਸਮੇ ਦੇ ਨਾਲ ਨਾਲ ਬਦਲਣਾ ਪੈਂਦਾ ਹੈ। ਵੀਰੋ ਤੇ ਭੈਣੋ ਤੁਹਾਨੂੰ ਤੁਹਾਡੀ ਵੈਸਟਰਨ ਵਿਦਵਾਨਾਂ ਵਾਲੀ ਸੋਚ ਮੁਬਾਰਕ ਅਤੇ ਇਕ ਬੇਨਤੀ ਹੈ ਕਿ ਗੁਰੂ ਗਰੰਥ ਸਾਹਿਬ ਜੀ ਦਾ ਸਹਾਰਾ ਨਾ ਲਿਆ ਕਰੋ। ਕਿਉਂਕਿ ਗੀਤਕਾਰ ਪਹਿਲਾਂ ਸ਼ਬਦ ਸੁਣਾਉਂਦੇ ਨੇ ਤੇ ਫਿਰ ਲੱਚਰਤਾ ਭਰਪੂਰ ਗੀਤ ਸੁਣਾਉਂਦੇ ਨੇ। ਪਹਿਲਾਂ ਰੱਬ ਦਾ ਸਹਾਰਾ ਲੈ ਲੈਂਦੇ ਨੇ ਤੇ ਫਿਰ ਰੱਬ ਨੂੰ ਕਹਿੰਦੇ ਨੇ ਕਿ ਤੂੰ ਗੁਰੁਦੁਆਰੇ, ਮੰਦਿਰ , ਮਸਜਿਦ ਵਿਚ ਰਹਿ ਤੇ ਸਾਨੂੰ ਆਪਣਾ ਮਨੋਰੰਜਨ ਕਰਨ ਦੇ। ਜੇ ਕੋਈ ਗੁਰਸਿੱਖ ਇਹਨਾਂ ਨੂੰ ਗੁਰਬਾਣੀ ਦੁਆਰਾ ਸਮਝਾਉਂਦਾ ਹੈ ਤਾਂ ਇਹ ਲੋਕ ਉਸ ਗੁਰਸਿੱਖ ਨੂੰ ਕਹਿੰਦੇ ਨੇ ਕਿ ਤੂੰ ਗੁਰਬਾਣੀ ਦਾ ਸਹਾਰਾ ਨਾ ਲੈ। ਵੀਰੋ ਗੁਰੂ ਦੇ ਸਿੱਖ ਨੂੰ ਗੁਰਬਾਣੀ ਦਾ ਹੀ ਆਸਰਾ ਹੁੰਦਾ ਹੈ। 
ਸੱਚ ਤੋਂ ਪਤਾ ਨਹੀਂ ਕਿਉਂ ਡਰਦੇ ਨੇ , ਇਕ ਪਾਸੇ ਗੱਲ ਕਿਉਂ ਨਹੀਂ ਲਾਉਂਦੇ ਇਹ ਲੋਕ ?? ਜਾਂ ਤਾਂ ਇਹ ਗੁਰੂ ਗਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਬਣਾਉਣ ਨਹੀਂ ਤਾਂ ਆਪਣਾ ਗੁਰੂ ਚਮਕੀਲੇ ਵਰਗੇ ਸਾਕਤ ਨੂੰ ਬਣਾ ਲੈਣ। ਜੇ ਕਿਸੇ ਨੇ ਵਿਚਾਰ ਕਰਨੀ ਹੋਵੇ ਤਾਂ ਗੁਰਬਾਣੀ ਦੇ ਅਧਾਰ ਤੇ ਜਦੋਂ ਮਰਜੀ ਵਿਚਾਰ ਕਰ ਲੈਣ। ਗੁਰਬਾਣੀ ਦਾ ਜੋ ਫੁਰਮਾਨ ਹੈ ਉਹ ਅਟੱਲ ਅਤੇ ਸੱਚ ਹੈ , ਜੇਕਰ ਕਿਸੇ ਨੇ ਗੁਰੂ ਦੀ ਗੱਲ ਨੂੰ ਇਕ ਪਾਸੇ ਰੱਖ ਕੇ ਆਪਣੇ ਮਨੋਰੰਜਨ ਦੇਖਣੇ ਨੇ ਤਾਂ ਉਹ ਜਰਾ ਗੁਰਬਾਣੀ ਜਰੂਰ ਪੜ੍ਹਨ। ਗੀਤ ਗਾਉਣ ਜਾਂ ਸੁਣਨ ਬਾਰੇ ਪਹਿਲਾਂ ਵਾਲੇ ਲੇਖਾਂ ਵਿਚ ਸਾਂਝਾ ਕਰ ਚੁੱਕੇ ਹਾਂ ਅਤੇ ਗੁਰਬਾਣੀ ਅਨੁਸਾਰ ਉਸ ਪਰਮੇਸ਼ਰ ਦਾ ਸੱਚਾ ਸਿੱਖ ਕੌਣ ਹੈ ਇਸ ਬਾਰੇ ਪਹਿਲਾਂ ਵੀ ਲੇਖ ਵਿਚ ਸਾਂਝਾ ਕਰ ਦਿੱਤਾ ਹੈ। ਜੇਕਰ ਕੋਈ ਗੁਰਸਿੱਖ, ਗੀਤਕਾਰਾਂ ਦੇ ਖਿਲਾਫ ਬੋਲਦਾ ਹੈ ਤਾਂ ਉਸ ਗੁਰਸਿੱਖ ਨੂੰ ਕੁਝ ਕਹਿਣ ਤੋਂ ਪਹਿਲਾਂ ਇਹ ਸੋਚ ਲਿਓ ਕਿ ਉਹ ਆਪਣੇ ਗੁਰੂ ਦੀ ਗੱਲ ਹੀ ਤੁਹਾਡੇ ਅੱਗੇ ਰੱਖ ਰਿਹਾ ਹੁੰਦਾ ਏ। ਗੁਰਬਾਣੀ ਉੱਪਰ ਸ਼ੰਕਾ ਕਰਨ ਤੋਂ ਪਹਿਲਾਂ ਗੁਰਬਾਣੀ ਪੜ੍ਹ ਕੇ ਵਿਚਾਰ ਲਈਏ ਅਤੇ ਜੀਵਨ ਸਿਰਫ ਗੁਰੂ ਦੇ ਲੇਖੇ ਲਾਈਏ ਨਾ ਕਿ ਕਿਸੇ ਦੇਹਧਾਰੀ ਗੀਤਕਾਰ ਜਾਂ ਫਿਰ ਬਾਬੇ ਦੇ। ਚਲਦਾ ..
#Khalsa_Empire