Thursday 16 March 2017

ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦੇ ਨਾਮ ਹੇਠ ਕੀ ਪੇਸ਼ ਕੀਤਾ ਜਾ ਰਿਹਾ ਏ ?

ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨਾਮ ਗੁਰੂ ਨਾਨਕ ਕਾਲਜ, ਗੁਰੂ ਨਾਨਕ ਯੂਨੀਵਰਸਿਟੀ, ਖਾਲਸਾ ਕਾਲਜ, ਮਾਤਾ ਗੁਜਰੀ ਸਕੂਲ, ਮਾਤਾ ਸਾਹਿਬ ਕੌਰ ਸਕੂਲ ਜਾਂ ਕਾਲਜ ਜਾਂ ਕਈ ਹੋਰ ਨਾਮ ਨਾਲ ਰੱਖੇ ਗਏ ਨੇ। ਗੱਲ ਇਹ ਨਹੀਂ ਕਿ ਇਹਨਾਂ ਦੇ ਨਾਮ ਇਹ ਕਿਉਂ ਰੱਖੇ ਗਏ ਨੇ ਬਲਕਿ ਅਸਲ ਮੁੱਦਾ ਇਹ ਹੈ ਕਿ ਅੱਜ ਇਥੇ ਬੱਚਿਆਂ ਨੂੰ ਪਰੋਸਿਆ ਕੀ ਜਾ ਰਿਹਾ ਹੈ ? ਸਿੱਖੀ ਨਾਲ ਸੰਬੰਧਿਤ ਨਾਮ ਰੱਖ ਕੇ ਉਥੇ ਅੱਜ ਸਿੱਖੀ ਦੇ ਪੱਖ ਦੀ ਗੱਲ ਦੇ ਨਾਲ ਹੀ ਲੱਚਰਤਾ, ਗਾਇਕੀ, ਨੱਚਣਾ-ਕੁੱਦਣਾ , ਫੈਸ਼ਨ ਅਤੇ ਹੋਰ ਕਈ ਅਜਿਹੀਆਂ ਚੀਜ਼ਾਂ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਸਿੱਖੀ ਦੇ ਬਿਲਕੁਲ ਵਿਪਰੀਤ ਹਨ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਨੂੰ ਪ੍ਰਮੋਟ ਕਰਨ ਲਈ ਕਈ ਅਜਿਹੇ ਪ੍ਰਦਰਸ਼ਨ ਟੀ.ਵੀ ਚੈਨਲਾਂ ਉੱਪਰ ਮਨੋਰੰਜਨ ਦੇ ਨਾਮ ਨਾਲ ਪ੍ਰਕਾਸ਼ਿਤ ਕੀਤੇ ਜਾਂਦੇ ਨੇ ਜੋ ਸ਼ਰੇਆਮ ਲੱਚਰਤਾ, ਆਸ਼ਕੀ ਅਤੇ ਸਿੱਖੀ ਦੇ ਰਾਸਤੇ ਤੋਂ ਭਟਕਾ ਰਹੇ ਨੇ। ਸਾਡੀਆਂ ਧੀਆਂ ਭੈਣਾਂ ਨੂੰ ਸ਼ਰੇਆਮ ਗਾਣਿਆਂ ਉੱਪਰ ਨਚਾਇਆ ਜਾਂਦਾ ਏ, ਆਸ਼ਕੀ ਵਾਲੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕਦੇ ਇਹ ਨੀ ਪੁੱਛਿਆ ਜਾਂਦਾ ਕਿ ਇਸ ਕਾਲਜ ਜਾਂ ਸਕੂਲ ਦਾ ਨਾਮ ਜਿਸ ਨਾਮ ਤੋਂ ਰੱਖਿਆ ਹੈ ,ਤੁਹਾਨੂੰ ਉਸ ਬਾਰੇ ਕੋਈ ਜਾਣਕਾਰੀ ਹੈ ? ਸਿੱਖ ਅਤੇ ਧਰਮ ਦੀ ਅਸਲ ਪਰਿਭਾਸ਼ਾ ਕੀ ਹੈ ? ਸਿੱਖੀ ਵਿਚ ਅੱਜ ਸਾਡਾ ਕੀ ਯੋਗਦਾਨ ਹੈ ? ਕੀ ਸਾਨੂੰ ਵੀ ਉਹਨਾਂ ਦੇ ਰਸਤੇ ਨਹੀਂ ਚਲਣਾ ਚਾਹੀਦਾ ਜਿਹਨਾਂ ਨੇ ਸਾਨੂੰ ਸਹੀ ਮਾਰਗ ਦਿਖਾਉਣ ਲਈ ਖੁਦ ਸ਼ਹਾਦਤਾਂ ਦੇ ਜਾਮ ਪੀ ਲਏ, ਸਾਡੀ ਖਾਤਿਰ ਸਰਬੰਸ ਵਾਰ ਦਿੱਤਾ ? ਹੋਰ ਕਈ ਸਵਾਲ ਨੇ ਸਾਡੇ ਕੋਲ ਪਰ ਜਵਾਬ ਨਹੀਂ ਕਿਉਂਕਿ ਸਾਡੇ ਦਿਮਾਗ ਵਿਚ ਲੱਚਰਤਾ, ਆਸ਼ਕੀ ਅਤੇ ਖੁੱਲੇ ਰਹਿਣ ਸਹਿਣ ਵਾਲੀ ਫੋਕੀ ਦਿਖਾਵੇਬਾਜ਼ੀ ਇਸ ਕਦਰ ਭਰ ਚੁਕੀ ਹੈ ਕਿ ਸਾਨੂੰ ਇਸ ਨੇ ਅਕਿਰਤਘਣ ਹੋਣ ਲਈ ਮਜਬੂਰ ਕਰ ਦਿੱਤਾ। ਹਾਂ , ਅਸੀਂ ਅਕਿਰਤਘਣ ਹਾਂ ਜੋ ਸਾਡਾ ਇਤਿਹਾਸ ਭੁੱਲ ਕੇ ਆਪਣੇ ਫੋਕੇ ਮਨੋਰੰਜਨਾਂ ਵਿਚ ਉਲਝ ਕੇ ਰਹਿ ਗਏ ਹਾਂ। ਸਾਨੂੰ ਕੋਈ ਮਤਲਬ ਨਹੀਂ ਰਿਹਾ ਕਿਸੇ ਨਾਲ ਕਿਉਂਕਿ ਸਾਨੂੰ ਜੀਵਨ ਚਾਹੇ ਉਸ ਪਰਮੇਸ਼ਰ ਨੇ ਦਿੱਤਾ ਹੈ ਅਤੇ ਖੋਹ ਵੀ ਉਸਨੇ ਆਪਣੀ ਮਰਜੀ ਨਾਲ ਲੈਣਾ ਏ। ਸਾਨੂੰ ਮਨੋਰੰਜਨ ਨਾਲ ਮਤਲਬ ਹੈ ਚਾਹੇ ਉਹ ਗੀਤਾਂ ਰਾਹੀਂ, ਟੀ.ਵੀ ਚੈਨਲਾਂ ਰਾਹੀਂ ਜਾਂ ਫਿਰ ਲੱਚਰਤਾ ਭਰਪੂਰ ਕੋਈ ਪ੍ਰਦਰਸ਼ਨੀ ਰਾਹੀਂ ਦਿਖਾਇਆ ਜਾਵੇ। ਕਿਸੇ ਟੀ.ਵੀ ਚੈਨਲ ਸ਼ੋ ਵਿਚ ਸਾਡੀਆਂ ਧੀਆਂ ਭੈਣਾਂ ਨੂੰ ਕੋਈ ਛੇੜੇ ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਕਿਉਂਕਿ ਉਹ ਸਿੱਧਾ ਪ੍ਰਕਾਸ਼ਿਤ ਹੋ ਰਿਹਾ ਹੈ ਤੇ ਸਾਡੀ ਧੀ ਭੈਣ ਨੂੰ ਟੀ.ਵੀ ਤੇ ਸਭ ਲੋਕਾਂ ਨੇ ਦੇਖਣਾ ਹੁੰਦਾ ਹੈ ,ਵੈਸੇ ਵੀ ਹੋਰਨਾਂ ਘਰਾਂ ਦੀਆਂ ਧੀਆਂ ਭੈਣਾਂ ਵੀ ਤਾਂ ਉਥੇ ਹੀ ਹੁੰਦੀਆਂ, ਫਿਰ ਕੀ ਹੋਇਆ ਜੇ ਕੋਈ ਸਾਡੀ ਧੀ ਭੈਣ ਨੂੰ ਆਸ਼ਕੀ ਵਾਲੇ ਸਵਾਲ ਜਵਾਬ ਪੁੱਛ ਰਿਹਾ ਏ ? ਫਿਰ ਕੀ ਹੋਇਆ ਜੇ ਉਹ ਅਸਿਧੇ ਤੌਰ ਤੇ ਸਾਡੀ ਧੀ ਭੈਣ ਦੀ ਨਹੀਂ ਬਲਕਿ ਮਾਂ ਪਿਉ ਦੀ ਇੱਜ਼ਤ ਮਿੱਟੀ ਵਿਚ ਮਿਲਾ ਰਿਹਾ ਏ ? ਸਾਨੂੰ ਕੋਈ ਮਤਲਬ ਨਹੀਂ ਕਿਉਂਕਿ ਇਹ ਸਭ ਟੀ.ਵੀ ਚੈਨਲ ਤੇ ਦਿਖਾਇਆ ਜਾਂਦਾ ਹੈ ਪਰ ਜੇ ਕਿਤੇ ਸਾਡੇ ਸਾਹਮਣੇ ਘਰ ਦੇ ਆ ਕੇ ਸਾਡੀ ਕੁੜੀ ਨੂੰ ਛੇੜੇ ਤਾਂ ਉਹਨੂੰ ਜਿਉਂਦਾ ਨਹੀਂ ਛਡਣਾ। ਫਿਰ ਗੁੱਸਾ ਆਉਣਾ ਅਤੇ ਉਹ ਵੀ ਇੰਨਾ ਜਿਆਦਾ ਕਿ ਗਾਲੀ ਗਲੋਚ ਦੇ ਨਾਲ ਨਾਲ ਉਸਦੇ ਘਰਦਿਆਂ ਨੂੰ ਵੀ ਮਾਰਨ ਤੱਕ ਜਾਂਦੇ ਹਾਂ। ਪਰ ਸਾਨੂੰ ਕੀ ਮਤਲਬ ਇਸ ਚੀਜ਼ ਨਾਲ, ਇਹ ਤਾਂ 21ਵੀਂ ਸਦੀ ਆ। ਚਾਹੇ ਗੁਰਬਾਣੀ ਕੁਝ ਵੀ ਕਹਿੰਦੀ ਰਹੇ ਸਾਨੂੰ ਕੀ ਮਤਲਬ ਇਸ ਚੀਜ਼ ਨਾਲ , ਸਾਡਾ ਕੰਮ ਤਾ ਗੁਰੂ ਘਰ ਜਾ ਕੇ ਮੱਥਾ ਟੇਕਣ ਤੱਕ ਸੀਮਤ ਹੈ। ਗੁਰਬਾਣੀ ਨੂੰ ਤਾਂ ਬਹੁਤ ਪਿੱਛੇ ਸੁੱਟ ਦਿੱਤਾ ਅੱਜ ਦੇ 21ਵੀਂ ਸਦੀ ਦੇ ਵਿਦਵਾਨਾਂ ਨੇ ਅਤੇ ਗੱਲਾਂ ਕਰਦੇ ਆ ਵਿਗਿਆਨ ਦੀਆਂ। ਹੋਰ ਤਾਂ ਹੋਰ ਫਿਰ ਵਿਗਿਆਨ ਦੀ ਵੀ ਨਹੀਂ ਸੁਣਦੇ ਕਿਉਂਕਿ ਵਿਗਿਆਨ ਵੀ ਇਹ ਗੱਲ ਸਾਬਿਤ ਕਰਦੀ ਹੈ ਕਿ ਜਿਹੋ ਜਿਹਾ ਅਸੀਂ ਦੇਖਦੇ ਜਾਂ ਸੁਣਦੇ ਹਾਂ ਉਸੇ ਤਰਾਂ ਦਾ ਸਾਡੇ ਦਿਮਾਗ ਤੇ ਅਸਰ ਪੈਂਦਾ ਏ। ਜਿਹੋ ਜਿਹਾ ਪਰੋਸਿਆ ਜਾਂਦਾ ਏ ਉਹੋ ਜਿਹਾ ਈ ਖਾਣਾ ਏ। ਅਸੀਂ ਤਾਂ ਸਭ ਤੋਂ ਜਿਆਦਾ ਮਹੱਤਵ ਰੱਖਦੀ ਗੁਰਬਾਣੀ ਦੀ ਗੱਲ ਨਹੀਂ ਸੁਣੀ ਫਿਰ ਆਹ ਵਿਗਿਆਨ ਕੀ ਚੀਜ਼ ਆ। ਸਾਨੂੰ ਨਾ ਸਮਝਾਓ ਕੋਈ , ਅਸੀਂ ਮਨੋਰੰਜਨ ਕਰਨਾ ਆ ਅਜੇ। ਸਾਨੂੰ ਨਾ ਦੱਸੋ ਗੁਰਬਾਣੀ ਕੀ ਕਹਿੰਦੀ ਆ , ਸਾਨੂੰ ਨਾ ਦੱਸੋ ਸਾਡੇ ਇਤਿਹਾਸ ਬਾਰੇ , ਸਾਡਾ ਮਰਿਆ ਜਮੀਰ ਜੋ ਗੁਰੂ ਸਾਹਿਬ ਨੇ ਜਗਾਇਆ ਸੀ ਉਸਨੂੰ ਸੁੱਤਾ ਰਹਿਣ ਦਿਉ ....ਸੁੱਤਾ ਰਹਿਣ ਦਿਉ ....#ਮੰਗਲਦੀਪ_ਸਿੰਘ

No comments:

Post a Comment