Monday 28 August 2017

ਸਿੱਖ ਨੌਜਵਾਨ ਬੱਚੇ ਅਤੇ ਬੱਚੀਆਂ ਉੱਪਰ ਨਿਰੰਤਰ ਜਾਰੀ ਮਨੋਵਿਗਿਆਨਿਕ ਹਮਲੇ - #ਮੰਗਲਦੀਪ_ਸਿੰਘ

ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਹੀ ਦੱਸ ਦਵਾਂ ਕਿ ਇੱਥੇ ਓਹੀ ਪੱਖ ਰੱਖੇ ਜਾਣਗੇ ਜਿਹਨਾਂ ਬਾਬਤ ਅਧਿਐਨ ਕੀਤਾ ਜਾ ਚੁੱਕਾ ਹੈ ਅਤੇ ਠੋਸ ਤੱਥਾਂ ਦੇ ਅਧਾਰ ਤੇ ਹੀ ਕੋਈ ਇਸ ਲਿਖਤ ਨੂੰ ਰੱਦ ਕਰੇ ਤਾਂ ਜੋ ਉਹਨਾਂ ਤੱਥਾਂ ਦਾ ਅਧਿਐਨ ਕਰਕੇ ਦਾਸ ਦੀ ਜਾਣਕਾਰੀ ਵਿੱਚ ਵੀ ਵਾਧਾ ਹੋ ਸਕੇ ।
ਮਨੋਵਿਗਿਆਨਿਕ ਹਮਲਿਆਂ ਬਾਰੇ ਸਮਝਣ ਤੋਂ ਪਹਿਲਾਂ ਇਹ ਸਮਝ ਲੈਣਾ ਜਰੂਰੀ ਹੈ ਕਿ ਮਨੋਵਿਗਿਆਨਿਕ ਹਮਲੇ ਕੀ ਹਨ ? ਦਰਅਸਲ ਬਹੁਤ ਸਾਰੇ ਅਧਿਐਨਕਾਰਾਂ ਨੇ ਇਸ ਨੂੰ ਕਾਫੀ ਹੱਦ ਤੀਕ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਈ ਕਿਤਾਬਾਂ ਵੀ ਲਿਖੀਆਂ ਨੇ । ਇਸ ਕਰਕੇ ਇਹਨਾਂ ਦੀਆਂ ਲਿਖਤਾਂ ਤੋਂ ਅਧਿਐਨ ਕਰਕੇ ਜੋ ਸਾਹਮਣੇ ਆਇਆ, ਉਸ ਨੂੰ ਅਨੁਭਵ ਕਰਕੇ ਹੀ ਪਤਾ ਚੱਲਿਆ ਕਿ ਇਹ ਕਿਸ ਹੱਦ ਤੀਕ ਅਸਰ ਕਰਦੇ ਨੇ ਅਤੇ ਨਾਲ ਹੀ ਕੁਝ ਅਜਿਹੇ ਨਤੀਜਿਆਂ ਦਾ ਅਧਿਐਨ ਕਰਨ ਤੇ ਪਤਾ ਚੱਲਦਾ ਹੈ ਕਿ ਸਾਡੇ ਸਿੱਖ ਨੌਜਵਾਨ ਬੱਚੇ ਅਤੇ ਬੱਚੀਆਂ ਦੇ ਕੁਰਾਹੇ ਪੈਣ ਪਿੱਛੇ ਮਨੋਵਿਗਿਆਨਿਕ ਹਮਲਿਆਂ ਦਾ ਕਿੰਨਾਂ ਵੱਡਾ ਹੱਥ ਹੈ । ਗੁਰਬਾਣੀ ਵਿੱਚ ਵੀ ਮਨੁੱਖ ਦੇ ਮਨ ਦੁਆਰਾ ਹੋ ਰਹੇ ਸਿੱਧੇ ਜਾਂ ਅਸਿੱਧੇ ਤੌਰ ਤੇ ਕੀਤੇ ਜਾਂਦੇ ਜਾਂ ਸੰਗਤ ਦੇ ਅਸਰ ਦੁਆਰਾ ਹੋ ਰਹੇ ਬਦਲਾਅ ਬਾਰੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਅਤੇ ਮਨ ਨੂੰ ਚਿੱਤ ਕਰਕੇ ਪਰਮੇਸ਼ਰ ਨਾਲ ਜੋੜਣ ਦੀ ਗੱਲ ਬਾਰ-ਬਾਰ ਕੀਤੀ ਗਈ ਹੈ । ਸਾਡਾ ਮਨ ਇੱਕ ਨਿਰੀਖਕ ਹੈ ਜੋ ਇਧਰ ਉਧਰ ਦੀਆਂ ਗੱਲਾਂ ਦਾ ਨਿਰੀਖਣ ਵਿਕਾਰਾਂ ਅਧੀਨ ਰਹਿ ਕੇ ਸਰੀਰ ਦੇ ਰਸਾਂ-ਕਸਾਂ ਦੀ ਪੂਰਤੀ ਅਨੁਸਾਰ ਕਰਦਾ ਹੈ । ਮਨੁੱਖੀ ਬਿਰਤੀ ਜਿਆਦਾਤਰ ਵਿਕਾਰਾਂ ਅਧੀਨ ਕੰਮ ਕਰਦੀ ਹੈ ਅਤੇ ਇਹਨਾਂ ਵਿਕਾਰਾਂ ਨੂੰ ਮਨ ਦੀਆਂ ਵਾਸ਼ਨਾਵਾਂ ਵੀ ਕਿਹਾ ਜਾ ਸਕਦੈ । ਇਹਨਾਂ ਵਾਸ਼ਨਾਵਾਂ ਦੀ ਪੂਰਤੀ ਕਰਨ ਲਈ ਮਨੁੱਖ ਨੂੰ ਦੂਜਿਆਂ ਉੱਪਰ ਨਿਰਭਰ ਰਹਿਣਾ ਜਿਆਦਾ ਚੰਗਾ ਲੱਗਦੈ ਅਤੇ ਇਹਨਾਂ ਹੀ ਚੀਜਾਂ ਦਾ ਫਾਇਦਾ ਚੁੱਕ ਕੇ ਸਿੱਖ ਨੋਜਵਾਨ ਬੱਚੇ ਅਤੇ ਬੱਚੀਆਂ ਉੱਪਰ ਅਸਿੱਧੇ ਤੌਰ ਤੇ ਹਮਲੇ ਕੀਤੇ ਗਏ ਅਤੇ ਕੀਤੇ ਜਾ ਰਹੇ ਨੇ ਜਿਹਨਾਂ ਦਾ ਕੁਝ ਜਾਗਰੂਕਾਂ ਨੇ ਵਿਰੋਧ ਵੀ ਕੀਤਾ ਪਰ ਕਈਆਂ ਨੇ ਬਗੈਰ ਨਤੀਜੇ ਜਾਣੇ ਇਹਨਾਂ ਨੂੰ ਸਹੀ ਠਹਿਰਾ ਦਿੱਤਾ । ਟੈਲੀਵਿਜਨ, ਮੋਬਾਇਲ ਫੋਨ, ਅਖਬਾਰ, ਗੀਤ, ਇੰਟਰਨੈੱਟ ਅਤੇ ਸਕੂਲਾਂ-ਕਾਲਜਾਂ ਵਿੱਚ ਮਨੋਰੰਜਨ ਦੇ ਨਾਮ ਤੇ ਕੀਤੇ ਜਾਂਦੇ ਪ੍ਰੋਗਰਾਮ ਆਦਿਕ ਮਨੋਵਿਗਿਆਨਿਕ ਹਮਲਿਆਂ ਦਾ ਹੀ ਇੱਕ ਉਭਰਵਾਂ ਰੂਪ ਹਨ, ਜਿਹਨਾਂ ਵਿੱਚ ਨੰਗੇਜਪੁਣਾ, ਇਸ਼ਕ ਮਿਜਾਜੀ ਅਤੇ ਕਈ ਹੋਰ ਗੁਰਮਤਿ ਦੇ ਉਲਟ ਚੀਜਾਂ ਨੂੰ ਸਹੀ ਠਹਿਰਾਇਆ ਜਾਂਦਾ ਹੈ ।
ਅੱਜ ਸਾਡੇ ਸਾਹਮਣੇ ਬਾਹਰਲੇ ਮੁਲਕਾਂ ਦੇ ਲੋਕਾਂ ਦੁਆਰਾ ਵਾਸ਼ਨਾਵਾਂ ਅਧੀਨ ਕੀਤੇ ਜਾਂਦੇ ਕੰਮਾਂ ਨੂੰ ਉਭਾਰ ਕੇ ਦਿਖਾਇਆ ਜਾਂਦਾ ਐ ਕਿ ਉਹ ਤਕਨੀਕੀ ਤੌਰ ਤੇ ਅੱਗੇ ਗਏ ਹੋਏ ਲੋਕ ਜੇਕਰ ਇਹ ਕੰਮ ਕਰ ਸਕਦੇ ਨੇ ਤਾਂ ਅਸੀਂ ਕਿਉਂ ਬੱਝ ਕੇ ਰਹੀਏ ਸੱਭਿਆਚਾਰਕ ਅਤੇ ਧਾਰਮਿਕ ਬੰਧਨਾਂ ਵਿੱਚ ? ਮਾਪਿਆਂ ਪ੍ਰਤੀ ਇਮਾਨਦਾਰ ਰਹਿਣ ਲਈ ਸੱਚ ਨੂੰ ਜਿੰਦਗੀ ਦਾ ਅਧਾਰ ਬਣਾਉਣਾ ਅਤਿ ਜਰੂਰੀ ਹੈ ਪਰ ਜਦੋਂ ਵਾਸ਼ਨਾਵਾਂ ਹਾਵੀ ਹੋਣ ਤਾਂ ਇਮਾਨਦਾਰ ਦਿਖਣ ਦਾ ਢੋਂਗ ਕਰਨ ਲਈ ਕਈ ਤਰ੍ਹਾਂ ਦੇ ਝੂਠ ਬੋਲਣੇ ਪੈਂਦੇ ਨੇ । ਮਨੁੱਖ ਭੁੱਲ ਜਾਂਦਾ ਐ ਕਿ ਝੂਠ ਦੀ ਬੁਨਿਆਦ ਤੇ ਖੜੀ ਕੀਤੀ ਕੰਧ ਕਦੇ ਸਥਿਰ ਨਹੀਂ ਰਹਿੰਦੀ । ਗੁਰਬਾਣੀ ਨੇ ਸਾਨੂੰ ਝੂਠ ਤੋਂ ਉੱਪਰ ਚੁੱਕ ਕੇ ਸਾਡੇ ਮੂਲ ਨਾਲ ਜੁੜਣ ਲਈ ਇੱਕ ਰਾਸਤਾ ਦਿਖਾਇਆ ਹੈ ਅਤੇ ਇਹ ਵੀ ਗੱਲ ਸਹੀ ਹੈ ਕਿ ਸੱਚ ਦੇ ਮਾਰਗ ਤੇ ਚੱਲਣ ਵਾਲਾ ਸੂਰਮਾ ਹੀ ਹੋ ਸਕਦੈ ਕਿਉਂਕਿ ਇਸ ਰਾਸਤੇ ਉੱਪਰ ਆਉਣ ਲਈ ਸੀਸ ਤਲੀ ਉੱਪਰ ਰੱਖਣਾ ਪੈਂਦਾ । ਇਸੇ ਸੱਚ ਤੋਂ ਦੂਰ ਕਰਨ ਲਈ ਸਾਨੂੰ ਸਾਡੇ ਹੀ ਸਿੱਖੀ ਭੇਸ ਵਾਲਿਆਂ ਵੱਲੋਂ ਅਜਿਹਾ ਪੇਸ਼ ਕੀਤਾ ਜਾਂਦਾ ਐ ਕਿ ਅਸੀਂ ਸੱਚ ਨਾਲੋਂ ਟੁੱਟ ਕੇ ਝੂਠ ਨਾਲ ਜੁੜ ਗਏ ਹਾਂ ।
ਸਿੱਖ ਨੌਜਵਾਨ ਬੱਚੇ ਅਤੇ ਬੱਚੀਆਂ ਦੇ ਮਨ ਦੀਆਂ ਵਾਸ਼ਨਾਵਾਂ ਦਾ ਫਾਇਦਾ ਚੁੱਕ ਕੇ, ਕੁਝ ਸਿੱਖ ਵਿਰੋਧੀਆਂ ਨੇ ਟੈਲੀਵਿਜਨ ਵਿੱਚ ਦਿਖਾਏ ਜਾਂਦੇ ਪ੍ਰੋਗਰਾਮ,ਫਿਲਮਾਂ ਅਤੇ ਗੀਤਾਂ ਵਿੱਚ ਅਜਿਹੀਆਂ ਚੀਜਾਂ ਪੇਸ਼ ਕਰਨੀਆਂ ਸ਼ੁਰੂ ਕੀਤੀਆਂ ਜਿਸ ਦਾ ਸਿੱਧਾ ਅਸਰ ਮਨ ਉੱਪਰ ਪੈਂਦਾ ਹੈ, ਹੋਰ ਤਾਂ ਹੋਰ ਸਿੱਖੀ ਭੇਸ ਬਣਾ ਕੇ ਅਜਿਹੀਆਂ ਤਸਵੀਰਾਂ ਅਤੇ ਗਾਣਿਆਂ ਵਿੱਚ ਦਿਖਾਏ ਜਾਂਦੇ ਅਜਿਹੇ ਕਿਰਦਾਰ ਪੇਸ਼ ਕੀਤੇ ਜਾਂਦੇ ਨੇ ਕਿ ਜਿਸਦਾ ਸਾਫ ਮਤਲਬ ਨਿਕਲਦਾ ਐ ਕਿ ਨੌਜਵਾਨ ਬੱਚੇ ਅਤੇ ਬੱਚੀਆਂ ਨੂੰ ਇਸ਼ਕ ਮਿਜਾਜੀ ਬਣਾਉਣਾ ਨਿਰੰਤਰ ਜਾਰੀ ਐ । ਗੁਰਮਤਿ ਵਿੱਚ ਆਸ਼ਕੀ ਸਿਰਫ ਇੱਕੋ ਹੀ ਪ੍ਰਵਾਨ ਐ, "ਗੁਰਮੁਖਿ ਸਚੀ ਆਸਕੀ ਜਿਤੁ ਪ੍ਰੀਤਮ ਸਚਾ ਪਾਈਐ ॥", ਇਸ ਤੋਂ ਬਾਅਦ ਸਭ ਝੂਠ ਹੈ ਪਰ ਅਫਸੋਸ ਕਿ ਸਾਡੇ ਆਲੇ-ਦੁਆਲੇ ਦੇ ਕੁਝ ਮੀਡੀਆ ਦੁਆਰਾ ਮਸ਼ਹੂਰ ਕਰ ਦਿੱਤੇ ਗਏ ਕੁਝ ਸਿੱਖਾਂ ਦੇ ਚਿਹਰੇ ਜਿਆਦਾਤਰ ਉਹ ਹਨ ਜੋ ਖੁਦ ਇਸ਼ਕ ਮਿਜਾਜੀ ਬਣ ਚੁੱਕੇ ਨੇ ਅਤੇ ਇਸ ਚੀਜ ਨੂੰ ਸਹੀ ਠਹਿਰਾ ਰਹੇ ਨੇ । ਉਹਨਾਂ ਮਗਰ ਲੱਗ ਕੇ ਹੀ ਹੋਰਨਾਂ ਨੂੰ ਵੀ ਇਸ ਕੁਰਾਹੇ ਪੈਣ ਦਾ ਰਾਸਤਾ ਸਾਫ ਹੋ ਗਿਆ ਹੈ । ਇੱਥੇ ਹੀ ਖਤਮ ਨਹੀਂ ਹੋ ਜਾਂਦਾ ਸਭ ਕੁਝ, ਹੁਣ ਅਜਿਹੀਆਂ ਗੱਲਾਂ ਦੀ ਸਾਂਝ ਪਾ ਦੇਣੀ ਵੀ ਜਰੂਰੀ ਹੈ, ਜੋ ਲਿਖਾਂਗਾ ਤਾਂ ਆਪਣਾ ਹੀ ਢਿੱਡ ਨੰਗਾ ਹੋਣਾ ਪਰ ਜਦ ਸਾਰਾ ਕੁਝ ਸਾਹਮਣੇ ਹੋ ਰਿਹਾ ਤਾਂ ਢਿੱਡ ਨੰਗਾ ਹੋਣ ਦਾ ਡਰ ਨਹੀ ਰਹਿ ਜਾਂਦਾ । ਇਧਰ ਉਧਰ ਵਿਚਰਦੇ ਹੋਏ, ਦੋਸਤਾਂ ਅਤੇ ਇੰਟਰਨੈੱਟ ਜਰੀਏ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਜੋ ਅਣਦੇਖਾ ਨਹੀਂ ਕੀਤੀਆਂ ਜਾ ਸਕਦੀਆਂ । ਕਾਮ ਇੰਨਾਂ ਜਿਆਦਾ ਹਾਵੀ ਹੋ ਚੁੱਕਾ ਹੈ ਕਿ ਕਈ ਵਾਰ ਅਖਬਾਰਾਂ ਵਿੱਚ ਛੋਟੀਆਂ-ਛੋਟੀਆਂ ਬੱਚੀਆਂ ਦੇ ਬਲਾਤਕਾਰਾਂ ਦੀਆਂ ਖਬਰਾਂ ਵੀ ਪੜ੍ਹਣ ਨੂੰ ਮਿਲਦੀਆਂ ਨੇ । ਇਹ ਤਾਂ ਉਹਨਾਂ ਦੀਆਂ ਖਬਰਾਂ ਨੇ ਜੋ ਕਾਮ ਵਿੱਚ ਬਹੁਤ ਜਿਆਦਾ ਖਚਿੱਤ ਹੋ ਚੁੱਕੇ ਨੇ ਤੇ ਬੇਕਾਬੂ ਹੋ ਜਾਂਦੇ ਨੇ ਪਰ ਉਹਨਾਂ ਬਾਰੇ ਕੌਣ ਖਬਰ ਲਗਾਏਗਾ ਜਿਹੜੇ ਨਿੱਤ ਬਲਾਤਕਾਰ ਕਰਦੇ ਨੇ ਪਰ ਅਸੀਂ ਅਣਦੇਖਾ ਕਰ ਜਾਂਦੇ ਹਾਂ ? ਹੁਣ ਸਵਾਲ ਐ ਕਿ ਕੌਣ ਨੇ ਉਹ ? ਉਹ ਬਲਾਤਕਾਰੀ ਕੋਈ ਹੋਰ ਨਹੀ ਬਲਕਿ ਆਪਣੇ ਹੀ ਨੇੜੇ ਰਹਿੰਦੇ ਭੁੱਲੇ ਭਟਕੇ ਨੌਜਵਾਨ ਨੇ ਅਤੇ ਬਲਾਤਕਾਰ ਹੋਣ ਵਾਲੀਆਂ ਵੀ ਆਪਣੀਆਂ ਹੀ ਕੁਝ ਧੀਆਂ-ਭੈਣਾਂ ਨੇ । ਇਹ ਅਣਦੇਖਾ ਕਰਨ ਵਾਲੀ ਗੱਲ ਨਹੀਂ ਬਲਕਿ ਸਾਡੇ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਨੌਜਵਾਨ ਬੱਚੇ ਅਤੇ ਬੱਚੀਆਂ ਕਾਮ ਵਿੱਚ ਖਚਿੱਤ ਹੋ ਰਹੇ ਨੇ ਅਤੇ ਇਸ਼ਕ ਹਕੀਕੀ ਦੇ ਨਾਮ ਤੇ ਇਸ਼ਕ ਮਿਜਾਜੀ ਕਰ ਰਹੇ ਨੇ ਤੇ ਫਿਰ ਗੱਲ ਬਲਾਤਕਾਰ ਤੱਕ ਪਹੁੰਚ ਜਾਂਦੀ ਹੈ । ਜਿਸ ਵਿੱਚ ਸਹਿਮਤੀ ਨਾ ਹੋਵੇ ਉਸਨੂੰ ਹੀ ਬਲਾਤਕਾਰ ਨਹੀਂ ਕਿਹਾ ਜਾਂਦਾ ਬਲਕਿ ਉਹ ਵੀ ਬਲਾਤਕਾਰ ਹੀ ਹੈ ਜਿਸ ਵਿੱਚ ਸਹਿਮਤੀ ਵੀ ਹੋਵੇ ਪਰ ਦੋਵੇਂ ਪਰਾਏ ਹੋਣ । ਘਰਦਿਆਂ ਨਾਲ ਵਿਸ਼ਵਾਸ਼ਘਾਤ ਕਰਕੇ, ਉਹਨਾਂ ਤੋਂ ਚੋਰੀ, ਉਹਨਾਂ ਨੂੰ ਝੂਠ ਬੋਲ ਕੇ ਜੋ ਕੀਤਾ ਜਾ ਰਿਹਾ ਐ, ਕਿਹੜਾ ਕਹੂ ਕਿ ਇਹ ਬਲਾਤਕਾਰ ਨਹੀਂ ? ਕੀ ਲੱਗਦਾ ਕਿ ਸਿਰਫ ਸਿੱਖ ਅਖਵਾਉਣ ਵਾਲੀਆਂ ਬੱਚੀਆਂ ਹੀ ਇਹ ਕੰਮ ਕਰਦੀਆਂ ਨੇ ? ਅੱਜ ਕਈ ਇਦਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਜਿਸ ਵਿੱਚ ਅੰਮ੍ਰਿਤਧਾਰੀ ਨੌਜਵਾਨ ਬੱਚੇ ਅਤੇ ਬੱਚੀਆਂ ਵੀ ਇਸ ਕੁਰਾਹੇ ਪੈ ਗਏ ਨੇ । ਇਦਾਂ ਦੀਆਂ ਖਬਰਾਂ ਮਿਲਦੀਆਂ ਨੇ ਕਿ ਸੁਣਨ ਲੱਗਿਆਂ ਵੀ ਮਾਪਿਆਂ ਦਾ ਖਿਆਲ ਆ ਜਾਂਦਾ ਐ ਕਿ ਉਹ ਇਹ ਸੋਚ ਕੇ ਬੈਠੇ ਨੇ ਕਿ ਸਾਡੇ ਪੁੱਤ ਦਾ ਅੰਮ੍ਰਿਤ ਛਕਿਆ ਐ, ਸਾਡੀ ਧੀ ਦਾ ਅੰਮ੍ਰਿਤ ਛਕਿਆ ਐ, ਇਹ ਤਾਂ ਸਿੱਧੇ ਰਾਸਤੇ ਪਏ ਹੋਏ ਨੇ । ਪਰ ਜੋ ਪੱਖ ਸਾਨੂੰ ਦਿਖ ਰਿਹਾ ਹੈ ਜਾਂ ਜੋ ਦਿਖਾਇਆ ਜਾ ਰਿਹਾ ਹੈ, ਉਸ ਉੱਪਰ ਯਕੀਨ ਕਰ ਲੈਣਾ ਜਾਇਜ ਨਹੀਂ । ਬੱਚਿਆਂ ਦੇ ਮਾਹੌਲ ਤੋਂ ਹੀ ਸਪੱਸ਼ਟ ਹੋ ਜਾਂਦਾ ਐ ਕਿ ਉਹ ਕਿਹੋ ਜਿਹਾ ਮਾਹੌਲ ਪਸੰਦ ਕਰਦੇ ਨੇ ਅਤੇ ਕਿਹੋ ਜਿਹਾ ਵਿਹਾਰ ਹੈ ਉਹਨਾਂ ਦਾ । ਬਹੁਤ ਮਾਇਨੇ ਰੱਖਦੀ ਹੈ ਇਹ ਗੱਲ ਕਿ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਦੇ ਤਾਂ ਦਿੱਤਾ ਪਰ ਉਹ ਕੀ ਕਰਦੇ ਨੇ ? ਇਕਾਂਤ ਵਿੱਚ ਕਿਉਂ ਰਹਿੰਦੇ ਨੇ ਜਿਆਦਾ ? ਰਾਤ ਵੇਲੇ ਕਿੰਨੀ ਦੇਰ ਤੱਕ ਜਾਗਦੇ ਨੇ ਤੇ ਸਵੇਰੇ ਕਿੰਨੇ ਵਜੇ ਉੱਠਦੇ ਨੇ (ਨਿਤਨੇਮੀ ਬੱਚੇ ਬੱਚੀਆਂ ਵਾਸਤੇ) ? ਅਜਿਹੇ ਵਿੱਚ ਉਹਨਾਂ ਦਾ ਧਿਆਨ ਜੇਕਰ ਬਚਪਨ ਤੋਂ ਮਾਂ-ਪਿਉ ਰੱਖਦੇ ਆਏ ਨੇ ਤਾਂ ਥੋੜਾ ਜਵਾਨੀ ਵੱਲ ਵਧਣ ਵੇਲੇ ਉਹੀ ਮਾਂ-ਪਿਉ ਇਹ ਕਹਿੰਦੇ ਸੁਣੇ ਨੇ ਕਿ ਅਜੇ ਇਹ ਤਾਂ ਬੱਚੇ ਨੇ, ਆਪੇ ਸੁਧਰ ਜਾਣਗੇ ਜਾਂ ਫਿਰ ਅਜਿਹੇ ਵਿੱਚ ਗੱਲ ਰੱਬ ਉੱਤੇ ਸੁੱਟ ਦਿੱਤੀ ਜਾਂਦੀ ਹੈ ਕਿ ਕੁਰਾਹੇ ਉਹਨੇ ਪਾਇਆ ਤੇ ਉਹੀ ਕੱਢੇਗਾ, ਕਦੇ ਵੀ ਕਰਮਾਂ ਦੀ ਗਲਤੀ ਨੀ ਕੱਢਦੇ ਕਿ ਬੱਚੇ ਬੱਚੀਆਂ ਦੇ ਕਰਮਾਂ ਨੇ ਉਹਨਾਂ ਨੂੰ ਕੁਰਾਹੇ ਪਾਇਆ ਤੇ ਕਰਮ ਸਹੀ ਹੋਣਗੇ ਤਾਂ ਸੁਧਰ ਵੀ ਜਾਣਗੇ । ਕਰਮ ਚੰਗੇ ਤਾਂ ਹੀ ਹੋਣਗੇ ਜੇ ਸੰਗਤ ਚੰਗੀ ਮਿਲੇਗੀ, ਪਰ ਅਫਸੋਸ ਕੁਝ ਮਾਪਿਆਂ ਨੂੰ ਦੇਖਿਆ ਹੈ ਜਿਹੜੇ ਬੱਚਿਆਂ ਦੀ ਸੰਗਤ ਵੱਲ ਧਿਆਨ ਹੀ ਨਹੀਂ ਦਿੰਦੇ । ਹੁਣ ਇੱਕ ਹੋਰ ਗੱਲ ਦੀ ਸਾਂਝ ਕਰਨੀ ਵੀ ਜਰੂਰੀ ਹੈ ਜਿਸ ਬਾਬਤ ਕਈ ਖਬਰਾਂ ਮਿਲੀਆਂ ਨੇ ਅਤੇ ਕਈ ਕੁਝ ਅੱਖੀਂ ਦੇਖਣ ਨੂੰ ਵੀ ਮਿਲਿਆ ਐ । ਜਿਹੋ ਜਿਹਾ ਦੇਖਣ ਸੁਣਨ ਨੂੰ ਮਿਲਦਾ ਹੈ ਆਲੇ ਦੁਆਲਿਉਂ ਅਤੇ ਖਬਰਾਂ ਵਿੱਚ ਵੀ, ਉਸ ਨੂੰ ਅਣਦੇਖਾ ਕਰ ਦੇਣਾ ਇੱਕ ਸਾਡੀ ਵੱਡੀ ਗਲਤੀ ਹੈ ਕਿਉਂਕਿ ਸਾਨੂੰ ਸਾਡੇ ਹੱਦ ਤੋਂ ਜਿਆਦਾ ਮੋਹ ਨੇ ਆਪਣੇ ਬੱਚੇ ਦੇ ਕੁਰਾਹੇ ਪੈ ਜਾਣ ਬਾਰੇ ਪਤਾ ਨਹੀਂ ਲੱਗਣ ਦੇਣਾ । ਅੱਜ ਬੱਚੇ-ਬੱਚੀਆਂ ਦੀ ਸੰਗਤ ਹੁੰਦੀ ਹੈ ਤਾਂ ਉਸ ਵਿੱਚ ਕਈ ਦੋਸਤ ਹੁੰਦੇ ਨੇ ਤੇ ਕੁਝ ਭੈਣ-ਭਰਾ ਬਣੇ ਹੁੰਦੇ ਨੇ । ਦੋਸਤਾਂ ਬਾਰੇ ਤਾਂ ਸੁਣਦੇ ਹੀ ਆਏ ਹਾਂ ਕਿ ਗਲਤ ਵੀ ਨਿਕਲਦੇ ਨੇ ਪਰ ਭੈਣ-ਭਰਾ ਦਾ ਰਿਸ਼ਤਾ ਦਾਗਦਾਰ ਕਰਨ ਵਾਲੇ ਵੀ ਕੁਝ ਕੁ ਅਜਿਹੇ ਕਿੱਸੇ ਸਾਹਮਣੇ ਆਏ ਨੇ ਜਿਸ ਵਿੱਚ ਬੱਚੀ ਦਾ ਭਰਾ ਬਣ ਕੇ, ਉਹੀ ਭਰਾ ਉਸ ਨਾਲ ਅੰਦਰੂਨੀ ਰਿਸ਼ਤਾ ਅਜਿਹਾ ਬਣਾ ਕੇ ਬੈਠਾ ਹੁੰਦਾ ਐ ਕਿ ਮਾਂ-ਪਿਉ ਵੀ ਪਲਟਾ ਖਾ ਜਾਂਦੇ ਨੇ । ਸਕੇ ਭਰਾਵਾਂ ਦੀ ਗੱਲ ਨਹੀਂ ਹੋ ਰਹੀ ਬਲਕਿ ਇੱਥੇ ਬਣਾਏ ਹੋਏ ਮੂੰਹ-ਬੋਲੇ ਭਰਾਵਾਂ ਦੀ ਗੱਲ ਹੋ ਰਹੀ ਹੈ, ਜਿਹੜੇ ਮਾਂ-ਪਿਉ ਦੀਆਂ ਨਜਰਾਂ ਵਿੱਚ ਭੈਣ-ਭਾਈ ਨੇ ਅਤੇ ਘਰੇ ਵੀ ਆਉਣ ਜਾਣ ਹੋ ਜਾਂਦਾ ਐ ਪਰ ਅੰਦਰਗਤੀ ਕੀ ਹੋ ਰਿਹਾ ਇਸ ਬਾਬਤ ਕੋਈ ਜਾਣਕਾਰੀ ਨਹੀਂ । ਕੋਈ ਵਿਰਲਾ ਹੀ ਹੁੰਦਾ ਐ ਜੋ ਅਜਿਹੇ ਰਿਸ਼ਤੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਐ । ਅੰਮ੍ਰਿਤਧਾਰੀ ਬੱਚੇ-ਬੱਚੀਆਂ ਵਿੱਚ ਵੀ ਇਹ ਗੱਲ ਕਾਫੀ ਦੇਖਣ ਨੂੰ ਮਿਲੀ ਹੈ । ਅਸੀਂ ਇੱਕ ਮਸ਼ਹੂਰ ਕਾਲਜ ਵਿੱਚ ਆਪਣੇ ਦੋਸਤ ਨੂੰ ਮਿਲਣ ਗਏ ਜੋ ਉੱਥੋਂ ਦਾ ਪ੍ਰੋਫੈਸਰ ਹੈ, ਉਸਨੇ ਦੱਸਿਆ ਕਿ ਖੁਦ ਨੂੰ ਭੈਣ-ਭਰਾ ਦੱਸ ਕੇ ਕੁਝ ਅੰਮ੍ਰਿਤਧਾਰੀ ਬੱਚੇ-ਬੱਚੀਆਂ ਇਕੱਠੇ ਘੁੰਮਦੇ ਨੇ, ਪਾਰਕਾਂ ਚ ਬੈਠਦੇ ਨੇ ਅਤੇ ਸਭ ਦੀ ਨਜਰ ਵਿੱਚ ਉਹਨਾਂ ਦਾ ਰਿਸ਼ਤਾ ਕੁਝ ਹੋਰ ਹੁੰਦਾ ਹੈ ਪਰ ਹਕੀਕਤ ਕੁਝ ਹੋਰ ਹੀ ਨਿਕਲਦੀ ਐ । ਇਹ ਵਿਚਾਰਨ ਯੋਗ ਵਿਸ਼ਾ ਹੈ ਪਰ ਅਫਸੋਸ ਇਸ ਵੱਲ ਧਿਆਨ ਦੇਣ ਦੀ ਬਜਾਏ ਅੱਜ ਅਸੀਂ ਇਸ਼ਕ ਮਿਜਾਜੀ ਨੂੰ ਸਹੀ ਠਹਿਰਾਉਣ ਤੇ ਤੁਲੇ ਹੋਏ ਹਾਂ । ਸਾਡੇ ਤਾਂ ਕੁਝ ਆਪਣੇ ਅਖਵਾਉਣ ਵਾਲੇ ਕਾਲਜਾਂ ਵਿੱਚ ਪੜੇ ਵਿਦਵਾਨਾਂ ਨੇ ਵੀਡੀਉ ਵੀ ਬਣਾ ਕੇ ਪਾਈਆਂ ਨੇ ਜਿਸ ਵਿੱਚ ਇਸ਼ਕ ਹਕੀਕੀ ਦੇ ਨਾਮ ਤੇ ਇਸ਼ਕ ਮਿਜਾਜੀ ਨੂੰ ਪ੍ਰਮੋਟ ਕੀਤਾ ਗਿਆ ਹੈ । ਇਸ਼ਕ ਹਕੀਕੀ ਤਾਂ ਪ੍ਰਮੇਸ਼ਰ ਪ੍ਰਤੀ ਹੁੰਦੀ ਐ, ਫਿਰ ਇਹ ਨਾਸ਼ਵੰਤ ਸਰੀਰਾਂ ਨਾਲ ਕਿਹੜੀ ਇਸ਼ਕ ਹਕੀਕੀ ਦੀ ਗੱਲ ਕਰਦੇ ਨੇ ? ਕੀ ਇਹਨਾਂ ਨੇ ਗੁਰਮਤਿ ਨੂੰ ਆਪਣੀ ਮੱਤ ਅਨੁਸਾਰ ਨਹੀਂ ਵਰਤਿਆ ? ਕੀ ਇਹ ਘਿਨੌਣੀ ਹਰਕਤ ਉੱਪਰ ਕਿਸੇ ਆਪੂ ਬਣੇ ਹੋਏ ਆਗੂ ਦਾ ਕੋਈ ਬਿਆਨ ਆਇਆ ਐ ਜਾਂ ਕੋਈ ਠੋਸ ਉਪਰਾਲਾ ਕੀਤਾ ਐ ਉਹਨਾਂ ਨੇ ਇਸ ਨੂੰ ਠੱਲ ਪਾਉਣ ਲਈ ? ਅੱਜ ਸਾਡੇ ਸਮਾਜ ਵਿੱਚ ਬੱਚੇ-ਬੱਚੀਆਂ ਦੇ ਮਾਂ-ਪਿਉ ਨੂੰ ਦੱਸਣਾ ਪਏਗਾ ਮਨੋਵਿਗਿਆਨਿਕ ਹਮਲੇ ਬਾਰੇ ਅਤੇ ਜੋ ਦਿਖ ਰਿਹਾ ਹੈ, ਜਿਸ ਵਿੱਚ ਬੱਚਿਆਂ ਦਾ ਵਿਹਾਰ ਕਿਹੋ ਜਿਹਾ ਹੈ ਅਤੇ ਅੱਜ ਦੇ ਸਮਾਜ ਪ੍ਰਤੀ ਉਹਨਾਂ ਦੀ ਰਵੱਈਆ ਕੀ ਹੈ, ਇਸ ਬਾਬਤ ਮਾਪਿਆਂ ਨੂੰ ਇੱਕ ਸਹੀ ਮਨੋਦਸ਼ਾ ਦਿੱਤੀ ਜਾਵੇ । ਬੱਚਿਆਂ ਵਿੱਚ ਗੁਰਮਤਿ ਪ੍ਰਤੀ ਰੂਚੀ ਪੈਦਾ ਕਰਕੇ ਇਸ਼ਕ ਵਗੈਰਾ ਅਤੇ ਹੋਰ ਕੁਰਾਹੇ ਪੈਣ ਵਾਲੀਆਂ ਚੀਜਾਂ ਤੋਂ ਸੁਚੇਤ ਕਰਕੇ ਗੁਰਮਤਿ ਵਾਲੇ ਪਾਸੇ ਤੋਰਿਆ ਜਾਵੇ । ਸਮਝਾਇਆ ਜਾਵੇ ਕਿ ਕਰਮਾਂ ਦੇ ਉੱਪਰ ਸਭ ਨਿਰਭਰ ਕਰਦਾ ਹੈ ਕਿ ਕਰਮ ਜਿਹੋ ਜਿਹੇ ਹੋਣਗੇ ਉਦਾਂ ਦਾ ਹੀ ਫਲ ਸਾਨੂੰ ਮਿਲੇਗਾ । ਮਨ ਦੀਆਂ ਵਾਸ਼ਨਾਵਾਂ ਪ੍ਰਤੀ ਸੁਚੇਤ ਸੁਚੱਜੇ ਅਤੇ ਵਿਸਥਾਰ ਰੂਪ ਵਿੱਚ ਕਰਵਾਇਆ ਜਾਵੇ । ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣੂ ਕਰਵਾਇਆ ਜਾਵੇ, ਗੁਰਮਤਿ ਨਾਲ ਜੋੜਣ ਲਈ ਚੰਗੇ ਉਪਰਾਲੇ ਕੀਤੇ ਜਾਣ, ਜਿਸ ਪ੍ਰਤੀ ਸ਼੍ਰੋਮਣੀ ਕਮੇਟੀ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਦਾ ਫਰਜ ਯਾਦ ਦਿਵਾਇਆ ਜਾਵੇ । ਪਰਮੇਸ਼ਰ ਦਾ ਜੋ ਫਰਜ ਹੈ, ਉਹ ਪੂਰਾ ਕਰੀ ਜਾ ਰਿਹਾ ਹੈ ਪਰ ਸਾਡੇ ਜੋ ਫਰਜ ਨੇ ਉਹ ਸਾਨੂੰ ਪੂਰੇ ਕਰਨੇ ਪੈਣਗੇ । ਕਿਸੇ ਇਸ਼ਕ ਮਿਜਾਜੀ, ਆਪੂ ਬਣੇ ਵਿਦਵਾਨ ਜਾਂ ਆਪੂ ਬਣੇ ਫਿਲਾਸਫਰਾਂ ਨੂੰ ਕੋਈ ਸ਼ੰਕਾ ਹੈ ਇਸ ਬਾਬਤ ਤਾਂ ਉਹ ਦਾਸ ਨਾਲ ਵਿਚਾਰ ਕਰ ਸਕਦਾ ਹੈ । #ਮੰਗਲਦੀਪ_ਸਿੰਘ

No comments:

Post a Comment